ਅਖਾਣ ਤੇ ਮੁਹਾਵਰੇ


(ੳ)


1. ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ – ਇਹ ਅਖਾਣ ਇਹ ਦੱਸਣ ਲਈ ਵਰਤਦੇ ਹਨ ਕਿ ਇਕ ਨਕਾਰੇ ਆਦਮੀ ਵਿਚ ਕੋਈ ਵੱਡਾ ਕੰਮ ਕਰਨ ਦੀ ਸਮਰਥਾ ਨਹੀਂ ਹੁੰਦੀ, ਇਸ ਲਈ ਉਸ ਤੋਂ ਕਿਸੇ ਵੱਡੇ ਕੰਮ ਦੀ ਆਸ ਨਹੀਂ ਰਖਣੀ ਚਾਹੀਦੀ।

2. ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ – ਇਹ ਅਖਾਣ ਉਸ ਆਦਮੀ ਜਾਂ ਇਸਤ੍ਰੀ ਲਈ ਵਰਤਦੇ ਹਨ, ਜੋ ਹਰੇਕ ਕੰਮ ਵਿਚ ਟੰਗ ਅੜਾਏ ਜਾਂ ਹਰੇਕ ਥਾਂ ਚੌਧਰੀ ਬਣ ਬੈਠੇ।

3. ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ ਜਾਂ ਉਹ ਨਾਲ ਨਾ ਖੜੇ, ਉਹ ਘੋੜੀ ਤੇ ਚੜੇ– ਇਹ ਦੋਵੇਂ ਅਖਾਣ ਉਸ ਮੌਕੇ ਤੇ ਵਰਤਦੇ ਹਨ, ਜਦ ਕੋਈ ਆਦਮੀ ਕਿਸੇ ਕੋਲੋਂ ਬਹੁਤ ਜ਼ਿਆਦਾ ਫਾਇਦੇ ਦੀ ਆਸ ਰੱਖੇ, ਪਰ ਉਹ ਅੱਗੋਂ ਉਸ ਨਾਲ ਸਾਧਾਰਨ ਚੰਗਾ ਵਰਤਾਓ ਕਰਨ ਲਈ ਵੀ ਤਿਆਰ ਨਾ ਹੋਵੇ, ਸਗੋਂ ਉਲਟਾ ਨੁਕਸਾਨ ਕਰੇ।

4. ਉਖਲੀ ਵਿਚ ਸਿਰ ਦਿੱਤਾ ਤਾਂ, ਮੋਹਲਿਆਂ ਦਾ ਕੀ ਡਰ – ਕਿਸੇ ਔਖੇ ਕੰਮ ਨੂੰ ਹੱਥ ਪਾਈਏ, ਤਾਂ ਤਕਲੀਫਾਂ ਤੇ ਔਕੜਾਂ ਤੋਂ ਡਰਨਾ ਜਾਂ ਘਬਰਾਣਾ ਨਹੀਂ ਚਾਹੀਦਾ।

5. ਉੱਚੀ ਦੁਕਾਨ ਫਿੱਕਾ ਪਕਵਾਨ ਜਾਂ ਉੱਚਾ ਲੰਮਾ ਗਭਰੂ, ਪੱਲੇ ਠੀਕਰੀਆਂ – ਕੋਈ ਚੀਜ਼ ਜਾਂ ਆਦਮੀ ਬਾਹਰੋਂ ਵੇਖਣ ਵਿਚ ਤਾਂ ਚੰਗਾ ਜਾਪਦਾ ਹੋਵੇ, ਪਰ ਉਹਦੇ ਵਿਚ ਗੁਣ ਕੋਈ ਨਾ ਹੋਵੇ।

6. ਉਜੜੇ ਪਿੰਡ, ਭੜੋਲਾ ਮਹਿਲ – ਜਿੱਥੇ ਕੋਈ ਚੰਗੀ ਚੀਜ਼ ਜਾਂ ਆਦਮੀ ਨਾ ਮਿਲੇ, ਉੱਥੇ ਨਿਕੰਮੇ ਤੇ ਮਾੜੇ ਦੀ ਵੀ ਕਦਰ ਪੈ ਜਾਂਦੀ ਹੈ।

7. ਉੱਠ ਨਾ ਸਕਾਂ, ਫਿੱਟੇ ਮੂੰਹ ਗੋਡਿਆਂ ਦਾ – ਕੰਮ ਆਪ ਨਾ ਕਰ ਸਕਣਾ ਤੇ ਕਸੂਰ ਦੂਜਿਆਂ ਦੇ ਸਿਰ ਮੜ੍ਹਨਾਂ।

8. ਊਠ ਦੇ ਗਲ ਟੱਲੀ – ਪਤਨੀ ਬਹੁਤ ਛੋਟੀ ਉਮਰ ਦੀ, ਪਤੀ ਚੰਗੀ ਵਡੇਰੀ ਉਮਰ ਦਾ।

9. ਊਠ ਤੋਂ ਛਾਣਨੀ ਲਾਹਿਆਂ ਭਾਰ ਹੌਲਾ ਹੋ ਜਾਊ ? – ਬਹੁਤ ਜ਼ਿਆਦਾ ਕੰਮ ਵਿਚੋਂ ਨਾਂਮਾਤਰ ਕੰਮ ਘਟਾ ਦੇਈਏ, ਤਾਂ ਅਗਲੇ ਨੂੰ ਕੋਈ ਫਾਇਦਾ ਨਹੀਂ ਹੁੰਦਾ।

10. ਊਠ ਨਾ ਕੁੱਦੇ, ਬੋਰੇ ਕੁੱਦੇ ਜਾਂ ਮਜ਼ਲੂਮ ਚੁਪ ਹੈ – ਵਧੀਕੀ ਕਰਨ ਵਾਲਾ ਗੱਲਾਂ ਬਣਾਉਂਦਾ ਤੇ ਸ਼ਿਕਾਇਤ ਕਰਦਾ ਹੈ ਜਾਂ ਅਸਲੀ ਮਾਲਕ ਨਹੀਂ ਬੋਲਦਾ, ਪਰ ਦੂਜੇ ਵਧ-ਚੜ੍ਹ ਕੇ ਗੱਲਾਂ ਕਰਦੇ ਹਨ।

11. ਊਠ ਅੜਾਉਂਦੇ ਹੀ ਲੱਦੀਦੇ ਹਨ – ਇਹ ਅਖਾਣ ਉਹਦੇ ਉੱਤੇ ਘਟਾਉਂਦੇ ਹਨ, ਜੀਹਦੇ ਕੋਲੋਂ ਉਹਦੇ ਨਾਂਹ-ਨੁੱਕਰ ਕਰਦਿਆਂ ਹੀ ਕੰਮ ਲੈਣਾ ਹੋਵੇ।

12. ਉਤਾਵਲਾ, ਸੋ ਬਾਉਲਾ – ਕਾਹਲ ਪਾਉਣ ਜਾਂ ਕਰਨ ਵਾਲਾ ਝੱਲਾ ਹੁੰਦਾ ਹੈ ਤੇ ਅੰਤ ਕੰਮ ਵਿਗਾੜ ਕੇ ਬਹਿ ਜਾਂਦਾ ਹੈ।

13. ਉੱਤੋਂ ਬੀਬੀਆਂ ਦਾੜ੍ਹੀਆਂ, ਵਿਚੋਂ ਕਾਲੇ-ਕਾਲੇ ਕਾਂ – ਇਹ ਅਖਾਣ ਉਹਦੇ ਉੱਤੇ ਘਟਾਉਂਦੇ ਹਨ, ਜੋ ਬਾਹਰੋਂ ਤਾਂ ਆਪਣੇ ਆਪ ਨੂੰ ਬਹੁਤ ਸ਼ਰੀਫ ਪਰਗਟ ਕਰੇ, ਪਰ ਵਿਚੋਂ ਮਨ ਦਾ ਖੋਟਾ ਤੇ ਬੁਰੇ ਆਚਰਨ ਦਾ ਧਾਰਨੀ ਹੋਵੇ।

14. ਉੱਦਮ ਅੱਗੇ ਲਛਮੀ, ਪੱਖੇ ਅੱਗੇ ਪੌਣ – ਉੱਦਮ ਤੇ ਉਪਰਾਲਾ ਕਰਨ ਨਾਲ ਹੀ ਸਫਲਤਾ ਤੇ ਧਨ ਪ੍ਰਾਪਤ ਹੁੰਦਾ ਹੈ।

15. ਉਲਟੀ ਵਾੜ ਖੇਤ ਨੂੰ ਖਾਏ – ਜਦ ਕਿਸੇ ਚੀਜ਼ ਦਾ ਰਖਵਾਲਾ ਹੀ ਉਸ ਨੂੰ ਉਜਾੜਨ ਤੇ ਲੱਕ ਬੰਨ੍ਹ ਲਏ, ਤਾਂ ਕਹਿੰਦੇ ਹਨ।

16. ਉਲਟਾ ਚੋਰ ਕੁਤਵਾਲ ਨੂੰ ਡਾਂਟੇ – ਨਾਲੇ ਕਸੂਰਵਾਰ ਹੋਣਾ ਨਾਲੇ ਹਰਬ ਵਿਖਾਉਣਾ।

17. ਓੜਕ ਬੱਚਾ ਮੂਲਿਆਂ ਤੂੰ ਹੱਟੀ ਬਹਿਣਾ – ਕਈ ਪਾਪੜ ਵੇਲ ਕੇ ਕਾਮਯਾਬ ਨਾ ਹੋਣਾ ਤੇ ਅੰਤ ਮਾਪਿਆਂ ਵਾਲਾ ਜਾਂ ਉਹੀ ਕੰਮ ਕਰਨ ਲਈ ਤਿਆਰ ਹੋ ਜਾਣਾ, ਜਿਸ ਨੂੰ ਉਹਨੇ ਨਿਖਿਧ ਸਮਝ ਕੇ ਛੱਡ ਦਿੱਤਾ ਸੀ।