ਅਖਾਣ ਅਤੇ ਮੁਹਾਵਰੇ
ਚ
1. ਚੰਨ ਚੜ੍ਹੇ ਗੁੱਝੇ ਨਹੀਂ ਰਹਿੰਦੇ – ਕਿਸੇ ਦੀ ਚੰਗੀ ਤੇ ਸ਼ੁਭ ਗੱਲ ਸੁੱਤੇ-ਸਿਧ ਲੋਕਾਂ ਨੂੰ ਪਤਾ ਲਗ ਜਾਂਦੀ ਹੈ।
2. ਚੰਨ ਤੇ ਥੁੱਕਿਆਂ ਆਪਣੇ ਹੀ ਮੂੰਹ ਤੇ ਪੈਂਦਾ ਹੈ – ਕਿਸੇ ਭਲੇ ਪੁਰਸ਼ ਦੀ ਨਿੰਦਿਆ ਕਰੀਏ, ਤਾਂ ਆਪਣੀ ਹੀ ਬਦਨਾਮੀ ਹੁੰਦੀ ਹੈ।
3. ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ਼ – ਮੁਫ਼ਤ ਵਿਚ ਮਿਲੀ ਜਾਂ ਲੁੱਟਮਾਰ ਕਰਦੇ ਲਿਆਂਦੀ ਹੋਈ ਚੀਜ਼ ਨੂੰ ਬੰਦਾ ਬੜੀ ਬੇਦਰਦੀ ਤੇ ਲਾਪਰਵਾਹੀ ਨਾਲ ਲੁਟਾ ਦੇਂਦਾ ਹੈ।
4. ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ – ਇਹ ਅਖਾਣ ਉੱਥੇ ਵਰਤਦੇ ਹਨ, ਜਿੱਥੇ ਕਿਸੇ ਧਾਰਮਿਕ, ਸਮਾਜਿਕ ਜਾਂ ਰਾਜਨੀਤਿਕ ਮਾਮਲੇ ਵਿਚ ਦੁਰਾਚਾਰੀ ਤੇ ਬੇਈਮਾਨ ਬੰਦੇ ਆਗੂ ਬਣ ਜਾਣ।
5. ਚੜ੍ਹਿਆ ਸੌ ਤੇ ਲਥਾ ਭੌਂ – ਜਦ ਬਹੁਤਾ ਕਰਜ਼ਾ ਚੜ੍ਹ ਜਾਏ ਜਾਂ ਬਹੁਤ ਭੈੜੀਆਂ ਕਰਤੂਤਾਂ ਦੇ ਕਾਰਨ ਹੱਦੋਂ ਵਧ ਬਦਨਾਮੀ ਹੋ ਜਾਏ, ਤਾਂ ਆਦਮੀ ਨੂੰ ਡਰ ਤੇ ਸ਼ਰਮ ਨਹੀਂ ਰਹਿੰਦੀ।
6. ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ – ਮਾੜੇ ਤੇ ਕਮਜ਼ੋਰ ਦੇ ਦੁੱਖ ਉੱਤੇ ਮੂਰਖ ਤੇ ਬੇਦਰਦ ਬੰਦੇ ਦਰਦ ਵੰਡਾਉਣ ਦੀ ਥਾਂ, ਸਗੋਂ ਹੱਸਦੇ ਹਨ।