ਅਖਾਣਾਂ ਦੀ ਵਾਕਾਂ ਵਿੱਚ ਵਰਤੋ



1. ਸ੍ਵੈ-ਭਰੋਸਾ ਵੱਡਾ ਤੋਸਾ : ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਕਿਸੇ ਨੂੰ ਹੌਸਲਾ ਦੇਣਾ ਹੋਵੇ ਕਿ ਆਪਣੇ ਆਪ ਤੇ ਭਰੋਸੇ ਵਰਗੀ ਕੋਈ ਚੀਜ਼ ਨਹੀਂ

ਵਾਕ : ਨਵਰੀਤ ਨੇ ਪੀ.ਸੀ.ਐੱਸ. ਦੀ ਪਰੀਖਿਆ ਤਾਂ ਪਾਸ ਕਰ ਲਈ, ਪਰ ਜਦੋਂ ਉਸ ਨੇ ਇੰਟਰਵਿਊ ‘ਤੇ ਜਾਣਾ ਸੀ ਤਾਂ ਉਹ ਤਰੇਲੀਓ-ਤਰੇਲੀ ਹੋਈ ਜਾ ਰਿਹਾ ਸੀ। ਉਸ ਦੀ ਮਾਤਾ ਨੇ ਉਸ ਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, “ਨਵਰੀਤ ਬੇਟਾ ! ‘ਸਵੈ-ਭਰੋਸਾ ਵੱਡਾ ਤੋਸਾ। ਤੈਨੂੰ ਘਬਰਾਉਣ ਦੀ ਲੋੜ ਨਹੀਂ, ਹਿੰਮਤ ਰੱਖ ਕੇ ਇੰਟਰਵਿਊ ਦੇ, ਰੱਬ ਭਲੀ ਕਰੇਗਾ।”

2. ਕੋਹ ਨਾ ਚੱਲੀ ਬਾਬਾ ਤਿਹਾਈ : ਜਦੋਂ ਕੋਈ ਥੋੜ੍ਹਾ ਜਿਹਾ ਕੰਮ ਕਰ ਕੇ ਥੱਕ ਕੇ ਬਹਿ ਜਾਵੇ ਤਾਂ ਉਸ ਸਮੇਂ ਉਸ ਵਿਅਕਤੀ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਵਾਕ : ਮਨਜੋਤ ਨੇ ਆਪਣੀ ਸਹੇਲੀ ਨੂੰ ਸਾਰੇ ਸਿਲੇਬਸ ਦੀ ਦੁਹਰਾਈ ਕਰਨ ਲਈ ਇਕੱਠੇ ਬੈਠ ਕੇ ਪੜ੍ਹਨ ਲਈ ਮਨਾਇਆ। ਜਦੋਂ ਉਹਨਾਂ ਨੇ ਦੁਹਰਾਈ ਸ਼ੁਰੂ ਕੀਤੀ ਤਾਂ ਉਹ ਇੱਕ ਪਾਠ ਪੜ੍ਹ ਕੇ ਹੀ ਮੰਜੇ ’ਤੇ ਲੇਟ ਗਈ ਤਾਂ ਉਸ ਦੀ ਮਾਤਾ ਨੇ ਕਿਹਾ “ਮਨਜੋਤ ਬੇਟਾ ! ਤੇਰਾ ਤਾਂ ਉਹ ਹਾਲ ਹੈ, ਅਖੇ; ‘ਕੋਹ ਨਾ ਚੱਲੀ ਬਾਬਾ ਤਿਹਾਈ ।ਇੱਕ ਪਾਠ ਦੀ ਦੁਹਰਾਈ ਕਰ ਕੇ ਤੂੰ ਥੱਕ ਗਈ ਏਂ।”

3. ਬਹਿ ਕੇ ਖਾਧਿਆਂ ਤਾਂ ਖ਼ੂਹ ਵੀ ਖ਼ਾਲੀ ਹੋ ਜਾਂਦੇ ਹਨ : ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ, ਜੋ ਪਿਉ-ਦਾਦਿਆਂ ਦੀ ਕਮਾਈ ਨੂੰ ਉਡਾਈ ਜਾਵੇ, ਤੇ ਹਮੇਸ਼ਾ ਵਿਹਲਾ ਫਿਰਦਾ ਰਹੇ।

ਵਾਕ : ਜੱਸੀ ਕੋਈ ਕੰਮ ਕਰ ਕੇ ਰਾਜ਼ੀ ਨਹੀਂ, ਪਿਉ-ਦਾਦੇ ਦੀ ਜ਼ਮੀਨ ਠੇਕੇ ‘ਤੇ ਦਿੰਦਾ ਹੈ ਤੇ ਕਮਾਈ ਜੂਏ ਵਿੱਚ ਖ਼ਰਚ ਕਰ ਦਿੰਦਾ ਹੈ। ਜਦੋਂ ਉਸ ਨੇ ਆਪਣੀ ਥੋੜ੍ਹੀ ਜ਼ਮੀਨ ਜੂਆ ਖੇਡਣ ਲਈ ਵੇਚ ਦਿੱਤੀ ਤਾਂ ਉਸ ਦੇ ਮਾਮੇ ਨੇ ਕਿਹਾ ਕਿ ਪੁੱਤਰਾ, ਇਸ ਤਰ੍ਹਾਂ ਕਦੋਂ ਤਕ ਚੱਲੇਗਾ, ਕਿਉਂਕਿ ‘ਬਹਿ ਕੇ ਖਾਧਿਆਂ ਤਾਂ ਖੂਹ ਵੀ ਖ਼ਾਲੀ ਹੋ ਜਾਂਦੇ ਹਨ’। ਆਪਣੀ ਜ਼ਮੀਨ ਸਾਂਭ ਕੇ ਰੱਖ।

4. ਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ : ਗੁੱਸਾ ਕਰਨ ਨਾਲ ਆਪਣੀ ਹੀ ਸਿਹਤ ਨੂੰ ਨੁਕਸਾਨ ਹੁੰਦਾ ਹੈ, ਕਿਸੇ ਦਾ ਕੁਝ ਨਹੀਂ ਵਿਗੜਦਾ

ਵਾਕ : “ਆਦਮੀ ਨੂੰ ਨਿੱਕੀ-ਨਿੱਕੀ ਗੱਲ ‘ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਇਸ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ। ਨਿਰਮਲ ਸਿੰਘ ਨੇ ਅਮਿਤ ਨੂੰ ਸਮਝਾਇਆ, ਜਦੋਂ ਉਹ ਗੁੱਸਾ ਕਰ ਕੇ ਬੈਠਾ ਹੋਇਆ ਸੀ।

5. ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਦੀਆਂ ਹਨ : ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਕੋਈ ਬੰਦਾ ਪੁਰਾਣੀਆਂ ਗੱਲਾਂ ਵਾਰ-ਵਾਰ ਕਰੇ ਤਾਂ ਉਸ ਨੂੰ ਚੁੱਪ ਕਰਾਉਣ ਲਈ ਪੁਰਾਣੀਆਂ ਗੱਲਾਂ ਕਰਨ ਦੇ ਨੁਕਸਾਨ ਬਾਰੇ ਦੱਸਣਾ ਹੋਵੇ

ਵਾਕ : ਮੁਹੱਲੇ ਦੇ ਪ੍ਰਧਾਨ ਨੇ ਦੋਵਾਂ ਭਰਾਵਾਂ ਵਿੱਚ ਹੁੰਦੇ ਝਗੜਿਆਂ ਨੂੰ ਨਿਪਟਾਉਣ ਤੋਂ ਬਾਅਦ ਉਨ੍ਹਾਂ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਕਿ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ, ਇੱਕ- ਦੂਜੇ ਦੀਆਂ ਗ਼ਲਤੀਆਂ ਚਿਤਾਰਨ ਦੀ ਲੋੜ ਨਹੀਂ। ਸਿਆਣਿਆਂ ਨੇ ਠੀਕ ਹੀ ਕਿਹਾ ਹੈ; ‘ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਦੀਆਂ ਹਨ’।

6. ਸਚੈ ਮਾਰਗਿ ਚਲਦਿਆਂ ਉਸਤਤਿ ਕਰੇ ਜਹਾਨੁ॥: ਸੱਚਾਈ ਦੇ ਰਾਹ ‘ਤੇ ਤੁਰਨ ਵਾਲਿਆਂ ਦੀ ਇਹ ਸੰਸਾਰ ਹਮੇਸ਼ਾ ਵਡਿਆਈ ਹੀ ਕਰਦਾ ਹੈ

ਵਾਕ : ਕਰਮਾ ਜਦੋਂ ਦਾ ਇਲਾਕੇ ਦਾ ਕੌਂਸਲਰ ਬਣਿਆ ਹੈ, ਉਸ ਨੇ ਇਲਾਕੇ ਦਾ ਮੂੰਹ-ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਹੈ। ਅੱਜ ਤਕ ਏਨਾ ਕੰਮ ਕਿਸੇ ਨੇ ਨਹੀਂ ਕੀਤਾ। ਉਸ ਦੇ ਕੀਤੇ ਕੰਮਾਂ ਕਰ ਕੇ ਕੋਈ ਵੀ ਉਸ ਦੀ ਸਹੁੰ ਨਹੀਂ ਖਾਂਦਾ, ਸਗੋਂ ਪਿੱਠ ਥਾਪੜਦੇ ਨੇ। ਐਵੇਂ ਨਹੀਂ ਸਿਆਣਿਆਂ ਨੇ ਕਿਹਾ, ਅਖੇ; ‘ਸਚੈ ਮਾਰਗਿ ਚਲਦਿਆਂ ਉਸਤਤਿ ਕਰੇ ਜਹਾਨੁ’। ਉਹ ਪ੍ਰਸੰਸਾ ਦਾ ਪਾਤਰ ਹੈ।

7. ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੀਂ : ਦੁਨੀਆਂ ਕਿਸੇ ਦਾ ਲਿਹਾਜ਼ ਨਹੀਂ ਕਰਦੀ

ਵਾਕ : ਭੈਣ ਜੀ ਤੁਸੀਂ ਸਹੀ ਹੋ, ਬੇ-ਫ਼ਿਕਰ ਰਹੋ, ਲੋਕਾਂ ਦਾ ਕੀ ਏ ਉਨ੍ਹਾਂ ਤੁਹਾਡੀ ਸਿਫ਼ਤ ਵੀ ਕਰੀ ਜਾਣੀ ਏ ਤੇ ਨਿੰਦਿਆ ਵੀ। ਸਿਆਣੇ ਠੀਕ ਹੀ ਕਹਿੰਦੇ ਹਨ— ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋਹੀਂ ਪਾਸੀਂ।

8. ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ : ਇੱਕ ਦੋਸ਼ੀ ਦੂਜੇ ਦਾ ਦੋਸ਼ ਕਿਉਂ ਕੱਢੇ।

ਵਾਕ : ਮਲਕੀਤ ਨੇ ਜਦੋਂ ਹਰਜੀਤ ਨੂੰ ਕਿਹਾ ਕਿ ਕੋਈ ਕੰਮ-ਕਾਰ ਹੀ ਕਰ ਲਿਆ ਕਰੇ ਸਾਰਾ ਦਿਨ ਵਿਹਲਾ ਫਿਰਦਾ ਰਹਿੰਦਾ ਹੈਂ ਤਾਂ ਹਰਜੀਤ ਨੂੰ ਕਿਹਾ ਵਾਹ ਓਏ ! ਅਖੇ ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ। ਤੂੰ ਆਪ ਤੇ ਦੋ ਸਾਲਾਂ ਤੋਂ ਵਿਹਲਾ ਫਿਰਦਾ ਏਂ, ਲੱਗਾ ਮੱਤਾਂ ਦੇਣ।

9. ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਵੱਖ ਨਹੀਂ ਹੁੰਦੇ : ਜਿੱਥੇ ਏਕਤਾ ਹੋਵੇ ਉੱਥੇ ਵੰਡੀਆਂ ਨਹੀਂ ਪੈ ਸਕਦੀਆਂ

ਵਾਕ : ਪੰਜਾਬ ਵਿੱਚ ਹੜ੍ਹਾਂ ਦੀ ਭਾਰੀ ਤਬਾਹੀ ਨੂੰ ਵੇਖਦਿਆਂ ਪਾਕਿਸਤਾਨ ਨੇ ਆਪਣੇ ਪਾਸੇ ਦੇ ਫਲੱਡ ਗੇਡ ਖੋਲ੍ਹ ਦਿੱਤੇ ਤਾਂ ਹਰ ਕੋਈ ਕਹਿ ਰਿਹਾ ਸੀ ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਵੱਖ ਨਹੀਂ ਹੋ ਸਕਦੇ।

10. ਬਿੱਲੀ ਸਿਰ੍ਹਾਣੇ ਦੁੱਧ ਨਹੀਂ ਜੰਮਦਾ : ਲੋਟੂਆਂ ਸਾਹਮਣੇ ਬੱਚਤ ਨਹੀਂ ਹੁੰਦੀ

ਵਾਕ : ਹਰਜੀਤ ਨੇ ਬਲਜੀਤ ਨੂੰ ਟੋਫੀਆਂ ਦਾ ਇੱਕ ਪੈਕਟ ਫੜਾਉਂਦਿਆਂ ਕਿਹਾ ਕਿ ਇਸ ਨੂੰ ਆਪਣੇ ਬੈਗ ‘ਚ ਰੱਖ ਲੈ, ਅੱਧੀ ਛੁੱਟੀ ਵੇਲੇ ਖਾਵਾਂਗੇ। ਅੱਧੀ ਛੁੱਟੀ ਵੇਲੇ ਹਰਜੀਤ ਨੇ ਬਲਜੀਤ ਕੋਲੋਂ ਪੈਕਟ ਮੰਗਿਆ ਤਾਂ ਉਹ ਖ਼ਾਲੀ ਸੀ। ਉਸ ਨੇ ਹੱਸ ਕੇ ਕਹਿ ਦਿੱਤਾ, ਮੈਨੂੰ ਪਹਿਲਾਂ ਹੀ ਪਤਾ ਸੀ ਬਿੱਲੀ ਸਿਰ੍ਹਾਣੇ ਦੁੱਧ ਨਹੀਂ ਜੰਮਦਾ, ਤੂੰ ਖਾ ਲੈਣੀਆਂ ਹਨ।

11. ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ : ਆਪਣਾ ਕੰਮ ਆਪ ਕਰਨ ‘ਚ ਕੋਈ ਬੁਰਾਈ ਨਹੀਂ

ਵਾਕ : ਕੁਲਜੀਤ ਨੂੰ ਆਪਣੇ ਘਰ ਦੀ ਸਾਫ਼-ਸਫ਼ਾਈ ਕਰਦਿਆਂ ਵੇਖ ਉਸ ਦੀ ਸਹੇਲੀ ਰੀਮਾ ਨੇ ਪੁੱਛਿਆ ਕਿ ਤੁਹਾਡੇ ਘਰ ਤਾਂ ਸਫ਼ਾਈ ਸੇਵਕਾ ਆਉਂਦੀ ਹੈ ਫਿਰ ਤੂੰ ਆਪ ਕਿਉਂ ਕੰਮ ਕਰ ਰਹੀ ਹੈਂ ਤਾਂ ਉਸ ਨੇ ਕਿਹਾ, ਮੈਨੂੰ ਇਸ ਨਾਲ ਸੰਤੁਸ਼ਟੀ ਮਿਲਦੀ ਹੈ। ਸਿਆਣੇ ਕਹਿੰਦੇ ਹਨ, ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਬਣਦੀ।

12. ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ : ਸਮਾਂ ਲੰਘ ਜਾਣ ਪਿੱਛੋਂ ਕੀਤਾ ਕੰਮ ਵਿਅਰਥ

ਵਾਕ : ਹਰਮੀਤ ਸਾਰਾ ਸਾਲ ਤਾਂ ਪੜ੍ਹਿਆ ਨਹੀਂ। ਪੇਪਰ ਨਜ਼ਦੀਕ ਆਉਣ ‘ਤੇ ਟਿਊਸ਼ਨ ਰੱਖ ਲਈ ਤੇ ਦੋਸਤਾਂ ਤੋਂ ਵੀ ਸਿਲੇਬਸ ਪੁੱਛਦਾ ਫਿਰੇ ਤਾਂ ਅਧਿਆਪਕ ਨੇ ਕਿਹਾ, ਹੁਣ ਕੀ ਬਣਨਾ ਏ, ਅਖੇ, ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ।