Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਉਤਾਂ ਦੀ ਵਾਕਾਂ ਵਿਚ ਵਰਤੋਂ


1. ਉਲਟੀ ਵਾੜ ਖੇਤ ਨੂੰ ਖਾਏ –

ਕਰਤਾਰ – ਅੱਜ ਕੱਲ੍ਹ ਚੰਡੀਗੜ੍ਹ ਵਿਚ ਬਹੁਤ ਚੋਰੀਆਂ ਹੋਣ ਲਗ ਪਈਆਂ ਨੇ।

ਬਲਕਾਰ – ਅੱਜ ਹੋਣ ਵੀ ਕਿਉਂ ਨਾ, ਜਦ ਕਿ ਪੁਲਸ ਆਪ ਚੋਰੀਆਂ ਕਰਾਉਂਦੀ ਏ।

ਏਥੇ ਤਾਂ ‘ਉਲਟੀ ਵਾੜ ਖੇਤ ਨੂੰ ਖਾਏ,’ ਵਾਲਾ ਮਾਮਲਾ ਹੈ।

2. ਆਪ ਕਿਸੇ ਜਿਹੀ ਨਾ, ਨੱਕ ਚਾੜ੍ਹਨੋਂ ਰਹੀ ਨਾ –

ਸ਼ਾਂਤੀ – ਸਰਲਾ ! ਵੇਖੋ ਨਾਂ, ਰਾਣੀ ਦੀ ਨਾ ਸ਼ਕਲ ਹੈ ਤੇ ਨਾ ਕੋਈ ਅਕਲ ਸੂ, ਪਰ ਹਰ ਕਿਸੇ ਦੇ ਨੁਕਸ ਛਾਂਟਦੀ ਰਹਿੰਦੀ ਏ।

ਸਰਲਾ – ਆਹੋ (ਹਾਹੋ) ਭੈਣ ! ਉਹਦੀ ਤਾਂ ਉਹ ਗੱਲ ਏ, ‘ਆਪ ਕਿਸੇ ਜਿਹੀ ਨਾ, ਨੱਕ – ਚਾੜਨੋਂ ਰਹੀ ਨਾ।

3. ਈਦ ਪਿੱਛੋਂ ਤੂੰਬਾ ਫੂਕਣਾ ਏ –

ਨਰਿੰਦਰ – ਯਾਰ ਸੁਰਿੰਦਰ ! ਅਜ ਮੈਨੂੰ ਆਪਣੀ ‘ਅਰਥ ਸ਼ਾਸਤਰ’ ਦੀ ਕਿਤਾਬ ਤਾਂ ਦੇ।

ਸੁਰਿੰਦਰ – ਉਹ ਤਾਂ ਜੁਗਿੰਦਰ ਲੈ ਗਿਆ ਹੋਇਆ ਹੈ। ਪਰਸੋਂ ਵਾਪਸ ਦੇਵੇਗਾ, ਤਾਂ ਬੇਸਕ ਲੈ ਜਾਈਂ।

ਨਰਿੰਦਰ – ਪਰਸੋਂ ਮੇਰੇ ਕਿਸ ਕੰਮ ! ਮੈਂ ਤਾਂ ਪਰਸੋਂ ਦੇ ਇਮਤਿਹਾਨ ਲਈ ਲੈਣੀ ਸੀ। ‘ਈਦ ਪਿਛੋਂ ਤੂੰਬਾ ਫੂਕਣਾ ਏ’।

4. ਇਕ ਨਿੰਬੂ ਤੇ ਪਿੰਡ ਭੂਸਿਆਂ ਦਾ –

ਮਾਸਟਰ ਜੀ ਜਮਾਤ ਵਿਚ ਤਸਵੀਰਾਂ ਵਾਲੀ ਇਕ ਕਿਤਾਬ ਲਿਆਏ ਤੇ ਪੁੱਛਣ ਲੱਗੇ, ਭਾਈ ! ਇਹ ਕਿਤਾਬ ਕਿਸ ਨੂੰ ਚਾਹੀਦੀ ਏ?’ ਅੱਗੋਂ ਸਾਰੇ ਇਕੱਠੇ ਬੋਲ ਪਏ, ‘ਮਾਸਟਰ ਜੀ ! ਮੈਨੂੰ ਦਿਓ; ਮਾਸਟਰ ਜੀ ! ਮੈਨੂੰ ਦਿਓ।” ਮਾਸਟਰ ਜੀ ਬੋਲੇ, ਵਾਹ ਏਥੇ ਤਾਂ ਉਹੀ ਗੱਲ ਹੋਈ” ਇਕ ਨਿੰਬੂ ਤੇ ਪਿੰਡ ਭੂਸਿਆਂ ਦਾ। ਹੁਣ ਦਿਆਂ ਕਿਸ ਨੂੰ”।

5. ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ –

ਜਗਜੀਤ – (ਸੁਰਜੀਤ ਨੇ ਮਨਜੀਤ ਨੂੰ ਝਗੜਦਿਆਂ ਵੇਖ ਕੇ) ਓ ਮੂਰਖੋ ਲੜਦੇ ਕਿਉਂ ਹੋ? ਲਿਆਓ ਮੈਂ ਤੁਹਾਡਾ ਫੈਸਲਾ ਕਰਾ ਦਿਆਂ।

ਸੁਰਜੀਤ – ਓ ਜਾਹ ! ਆਇਆ ਵੱਡਾ ਫੈਸਲਾ ਕਰਾਉਣ ਵਾਲਾ, ਅਖੇ ‘ਸੱਦੀ ਨਾ ਬੁਲਾਈ ਤੇ ਮੈਂ ਲਾੜੇ ਦੀ ਤਾਈ’ ਅਸੀਂ ਆਪੇ ਨਜਿੱਠ ਲਵਾਂਗੇ।

6. ਸਖੀ ਨਾਲੋਂ ਸੂਮ ਭਲਾ ਜੋ ਤੁਰਤ ਦੇ ਜਵਾਬ –

ਸਰਦਾਰ ਜੀ ਮੈ ਤਾਂ ਫੇਰੇ ਮਾਰ ਥਕ ਗਿਆ ਹਾਂ। ਜੇ ਪੈਸੇ ਦੇਣੇ ਜੇ ਤਾਂ ਦੇ ਦਿਓ, ਨਹੀਂ ਸਾਫ ਜਵਾਬ ਦਿਓ ਅਖੇ ‘ਸਖੀ ਨਾਲੋਂ ਸੂਮ ਭਲਾ, ਜੋ ਤੁਰਤ ਦੇ ਜਵਾਬ’।

7. ਹਮ ਨਾ ਵਿਆਹੇ ਤਾਂ ਕਾਹਦੇ ਸਾਹੇ? –

ਪ੍ਰੀਤਾ – ਘਸੀਟਿਆ ! ਐਤਕੀਂ ਤਾਂ ਮੌਜਾਂ ਲੱਗ ਗਈਆਂ। ਸਾਡੇ ਪਿੰਡ ਦੇ ਦੋ ਸੌ ਬੇਘਰਿਆਂ ਨੂੰ ਇਕ ਪਲਾਟ ਤੇ ਅੱਠ ਹਜ਼ਾਰ ਰੁਪਏ ਮਕਾਨ ਬਣਾਉਣ ਲਈ ਮਿਲ ਗਏ ਹਨ।

ਘਸੀਟਾ – ਭਰਾਵਾ ! ਹਮ ਨਾ ਵਿਆਹੇ, ਤੇ ਕਾਹਦੇ ਸਾਹੇ? ਮੈਨੂੰ ਤਾਂ ਐਤਕੀਂ ਵੀ ਕੁਝ ਨਹੀਂ ਮਿਲਿਆ।

8. ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਏ –

ਰਾਮੂ – ਮੇਰਾ ਸਵੈਟਰ ਤੇਰੇ ਸਵੈਟਰ ਨਾਲੋਂ ਵਧੀਆ ਹੈ।

ਸ਼ਾਮ – ਆਹੋ (ਹਾਹੋ) ਜੀ, ‘ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਏ’।

9. ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ –

ਪਾਲੇ ਬਦਮਾਸ਼ ਨੇ ਉਸ ਸਾਧੂ-ਸਭਾ ਦੇ ਪ੍ਰੀਤੇ ਉਤੇ ਝੂਠਾ ਮੁਕਦਮਾ ਕਰ ਕੇ ਗੁੰਡੇ ਗਵਾਹ ਭੁਗਤਾ ਕੇ ਉਹਨੂੰ ਸਜ਼ਾ ਤਾਂ ਦਿਵਾ ਲਈ, ਪਰ ਅਪੀਲ ਵਿਚ ਉਹ ਸਾਫ ਬਰੀ ਹੋ ਗਿਆ। ਗੁਰੂ ਸਾਹਿਬ ਨੇ ਸੱਚ ਫੁਰਮਾਇਆ ਹੈ, ‘ਕੂੜ ਨਿਖੁਟੇ ਨਾਨਕਾ, ਓੜਕ ਸਚੁ ਰਹੀ।’

10. ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ –

ਕਿਸ਼ੋਰ – ਹੁਣ ਤਾਂ ਦੀਪੂ ਵੀ ਗਾਉਂਣ ਲਗ ਪਿਆ ਏ ਰੋਸ਼ਨ ਦਾ ਮੁਕਾਬਲਾ ਕਰਦਾ ਏ।

ਬਿਰਜੂ – ਛਡ, ਯਾਰ ! ਦੀਪਾ ਗਾਉਂਦਾ ਜ਼ਰੂਰ ਹੈ, ਪਰ ਉਹਦਾ ਤੇ ਰੋਸ਼ਨ ਦਾ ਦੀ ਮੁਕਾਬਲਾ ‘ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ’।

11. ਗ਼ਰੀਬਾਂ ਰੋਜ਼ੇ ਰਖੇ, ਦਿਨ ਵੱਡੇ ਆਏ –

ਸੰਤ ਸਿੰਘ – ਕੀ ਗੱਲ ਏ ਭਗਤ ਸਿੰਘ ! ਅੱਜ ਕੱਲ੍ਹ ਬੜਾ ਪ੍ਰੇਸ਼ਾਨ ਫਿਰਦਾ ਏ?

ਭਗਤ ਸਿੰਘ – ਕੀ ਦੱਸਾਂ ਯਾਰ ! ਬੜੀਆਂ ਦਲੀਲਾਂ ਤੇ ਸੋਚਾਂ ਪਿਛੋਂ ਆਖਰ ਮੈਂ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਸਾਰਾ ਕੰਮ ਵਿਚੇ ਖੜ੍ਹ ਗਿਆ ਏ। ਨਾ ਇੱਟਾਂ ਮਿਲਦੀਆਂ ਨੇ ਨਾ ਸੀਮੇਂਟ ਤੇ ਸਰੀਆ ਇੰਨ੍ਹਾਂ ਮਹਿੰਗਾ ਕਿ ਹੱਥ ਨਹੀਂ ਲਾਇਆ ਜਾਂਦਾ। ਮੇਰੇ ਨਾਲ ਤੇ ਉਹ ਗੱਲ ਹੋਈ ਏ, ਅਖੇ ਗਰੀਬਾਂ ਰੋਜ਼ੇ ਰੱਖੇ, ਦਿਨ ਵੱਡੇ ਆਏ।

12. ਗੋਲੀ ਕੀਹਦੀ ਤੇ ਗਹਿਣੇ ਕੀਹਦੇ –

ਇਨਕਮ ਟੈਕਸ ਅਫਸਰ – ਸੇਠ ਜੀ! ਅੱਜ ਦੇ ਦਿਨ ਵਾਸਤੇ ਤੁਹਾਡੀ ਕਾਰ ਚਾਹੀਦੀ ਏ।

ਸੇਠ ਜੀ – ਜੰਮ ਜੰਮ ਲੈ ਲਓ ਸਰਦਾਰ ਜੀ! ਇਹ ‘ਗੋਲੀ ਕੀਹਦੀ ਤੇ ਗਹਿਣੇ ਕੀਹਦੇ’।

13. ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪਰਧਾਨ –

ਕੁਲਦੀਪ – ਮਹਿੰਦਰ ਸੁਣਿਆ ਈ, ਉਹ ਅਵੱਲ ਦਰਜੇ ਦਾ ਬਦਮਾਸ਼ ਸਮੱਗਲਰ ਪਿਆਰਾ ਸਿੰਘ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ ਏ।

ਮਹਿੰਦਰ – ਭਰਾਵਾ ਕੁਝ ਨਾ ਪੁੱਛ। ਇਹ ਜ਼ਮਾਨਾ ਹੀ ਇਹੋ ਜਿਹਾ ਏ, ‘ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪਰਧਾਨ’, ਭਲੇਮਾਣਸਾਂ ਤੇ ਸਰੀਫ਼ਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਇਥੇ।

14. ਚੰਨ ਚੜ੍ਹੇ ਗੁੱਝੇ ਨਹੀਂ ਰਹਿੰਦੇ –

ਸੰਤਾ ਸਿੰਘ – ਸਰਦਾਰ ਜੀ ! ਵਾਈਸ ਚਾਂਸਲਰ ਲੱਗਣ ਦੀ ਵਧਾਈ ਹੋਵੇ।

ਸਰਦਾਰ ਭਗਤ ਸਿੰਘ – ਹੈਂ ਵਾਈਸ ਚਾਂਸਲਰ ? ਮੈਂ, ਤੁਹਾਨੂੰ ਕਿੱਥੋਂ ਪਤਾ ਲੱਗਾ ਏ?

ਸੰਤਾ ਸਿੰਘ – ਸਰਦਾਰ ਜੀ ! ‘ਚੰਨ ਚੜ੍ਹੇ ਗੁੱਝੇ ਨਹੀਂ ਰਹਿੰਦੇ’। ਸਾਰੇ ਦਫਤਰ ਵਿਚ ਤਾਂ ਇਹੀ ਗੱਲਾਂ ਹੋ ਰਹੀਆਂ ਨੇ।

15. ਚੰਨ ਤੇ ਥੁੱਕਿਆ ਆਪਣੇ ਮੂੰਹ ‘ਤੇ ਪੈਂਦਾ ਏ –

ਸੀਤਾ ਭੈਣੇ! ਉਹ ਲੁੱਚਾ ਹਜ਼ਾਰੂ ਐਵੇਂ ਸੰਤਾਂ ਦੀ ਥਾਂ ਥਾਂ ਬਦਨਾਮੀ ਕਰਦਾ ਫਿਰਦਾ ਏ।

ਜੀਤ – ਭੈਣੇ ਉਹਦਾ ਕੀ ਵਿਗੜ ਜਾਣਾ ਏ ! ਚੰਨ ਤੇ ਥੁੱਕਿਆ ਆਪਣੇ ਮੂੰਹ ‘ਤੇ ਹੀ ਪੈਂਦਾ ਏ।

16. ਜਿੰਨੇ ਮੂੰਹ, ਉਨੀਆਂ ਗੱਲਾਂ –

ਪਾਲਾ ਸਿੰਘ ਦੇ ਆਤਮਘਾਤ ਕਰਨ ਦੀ ਖਬਰ ਉਡੀ, ਤਾਂ ਲੋਕੀਂ ਭਾਂਤ ਭਾਂਤ ਦੀਆਂ ਗੱਲਾਂ ਕਰਨ ਲੱਗੇ। ਇਕ ਕਹਿਣ ਲੱਗਾ,

“ਵਹੁਟੀ ਦੀ ਬਦਚਲਨੀ ਹੱਥੋਂ ਬਹੁਤ ਤੰਗ ਆਇਆ ਹੋਇਆ ਸੀ।” ਦੂਜਾ ਬੋਲਿਆ, “ਉਸ ਨੇ ਇਹ ਕਾਰਾ ਬੇਰੁਜ਼ਗਾਰੀ ਤੋਂ ਸਤ ਕੇ ਕੀਤਾ ਏ।”, ਇਕ ਹੋਰ ਨੇ ਟਿੱਪਣੀ ਕੀਤੀ, “ਕਹਿੰਦੇ ਨੇ ਕਲ੍ਹ ਰਾਤੀਂ ਉਹਨੂੰ ਪਿਓ ਨੇ ਬੜੀ ਝਾੜ ਝੰਬ ਕੀਤੀ ਸੀ।” ਗੱਲ ਕੀ ‘ਜਿੰਨੇ ਮੂੰਹ, ਉਨੀਆਂ ਗੱਲਾਂ’.

17. ਜੀਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ-

ਪੁਸ਼ਪਾ – ਅੜੀਏ, ਸ਼ੀਲਾ! ਬਿਮਲਾ ਸਾਰੀਆਂ ਕੁੜੀਆਂ ਤੋਂ ਨਾਲਾਇਕ ਏ ਤੇ ਸ਼ਰਾਰਤਾਂ ਵੀ ਬੜੀਆਂ ਕਰਦੀ ਏ, ਪਰ ਭੈਣ ਜੀ ਫਿਰ ਵੀ ਉਸ ਦੀ ਸ਼ਲਾਘਾ ਕਰਦੇ ਰਹਿੰਦੇ ਨੇ ਤੇ ਨੰਬਰ ਦੇ ਦੇਂਦੇ ਨੇ।

ਸ਼ੀਲਾ – ਭਈ, ਉਹ ਹੋਈ ਵੱਡੇ ਸੇਠ ਦੀ ਧੀ। ਤੈਨੂੰ ਨਹੀਂ ਪਤਾ, ‘ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ’।

18. ਜਿਹੜੇ ਗਰਜਦੇ ਨੇ, ਉਹ ਵਰਸਦੇ ਨਹੀਂ –

ਲੱਖਾ ਸਿੰਘ – ਯਾਰ ਉਸ ਕੁਪੱਤੇ ਬੰਤੂ ਦਾ ਕੀ ਕਰੀਏ? ਉਹ ਥਾਂ – ਥਾਂ ਕਹਿੰਦਾ ਫਿਰਦਾ ਏ ” ਮੈਂ ਲੱਖਾ ਸਿੰਘ ਨੂੰ ਕਿਸੇ ਮੁਕੱਦਮੇ ਵਿਚ ਫਸਾ ਕੇ ਅੰਦਰ ਕਰਾ ਦੇਣਾ ਹੈ ਜਾਂ ਕਿਸੇ ਬਦਮਾਸ਼ ਕੋਲੋਂ ਕੁਟਵਾਣਾ ਹੈ।”

ਲੱਖਾ ਸਿੰਘ – ਤੂੰ ਮਾਮਾ ਪਰਵਾਹ ਨਾ ਕਰ। ਬੰਤੂ ਕਰਨ ਕਰਾਣ ਜੋਗਾ ਕੁਝ ਨਹੀਂ, ਐਵੇਂ ਬੜ੍ਹਕਾਂ ਮਾਰਦਾ ਏ। ਤੈਨੂੰ ਪਤਾ ‘ਜਿਹੜੇ ਗਰਜਦੇ ਨੇ ਉਹ ਵਰਸਦੇ ਨਹੀਂ’।

19. ਜਿੱਥੇ ਚਾਹ ਉਥੇ ਰਾਹ –

ਅਮਰ – ਯਾਰ ਇਸ ਕੰਮ ਵਿਚ ਬੜੀਆਂ ਮੁਸ਼ਕਲਾਂ ਨੇ, ਮੇਰੇ ਕੋਲੋਂ ਤਾਂ ਹੋ ਨਹੀਂ ਸਕਣਾ।

ਗੁਰਮੀਤ – ਹੌਂਸਲਾ ਨਾ ਛੱਡ ਯਾਰ। ਦ੍ਰਿੜ੍ਹ ਇਰਾਦੇ ਅੱਗੇ ਸਭ ਮੁਸ਼ਕਲਾਂ ਉਡੱ-ਪੁਡ ਜਾਂਦੀਆਂ ਨੇ ਤੇ ਕੋਈ ਢੋ ਬਣ ਹੀ ਜਾਂਦਾ ਏ। ਕਹਿੰਦੇ ਨਹੀਂ, ‘ਜਿੱਥੇ ਚਾਹ ਉਥੇ ਰਾਹ’।

20. ਦਾਣੇ ਦਾਣੇ ਸਿਰ ਮੁਹਰ –

ਤੇਜੀ – ਵੇਖੇ ਪਰਸੋਂ ਐਸ ਵੇਲੇ ਕੈਨੇਡਾ ਬੈਠੇ ਸਾਂ, ਅਜ ਤੁਹਾਡੇ ਕੋਲ ਪਹੁੰਚ ਕੇ ਤੁਹਾਡੇ ਅੰਬਾਂ ਦਾ ਮਜ਼ਾ ਲੈ ਰਹੇ ਹਾਂ।

ਸੋਹਿੰਦਰ–ਭਈ ‘ਦਾਣੇ ਦਾਣੇ ਸਿਰ ਮੁਹਰ ਹੈ’। ਇਨ੍ਹਾਂ ਅੰਬਾਂ ਉਤੇ ਪਹਿਲਾਂ ਹੀ ਤੇਰਾ ਨਾਂ ਲਿਖਿਆ ਹੋਇਆ ਸੀ।

21. ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ –

ਸੁਰਜੀਤ – ਦੀਪਿਆ! ਵੇਖੇ ਨੀ ਗੁਰਬਚਨ ਦੇ ਰੰਗ-ਢੰਗ ਲੰਮਾ ਸਾਰਾ ਚੋਲਾ, ਖੁਲ੍ਹਾ ਦਾੜ੍ਹਾ ਤੇ ਹੱਥ ਵਿਚ ਮਾਲਾ !

ਗੁਰਦੀਪ – ਆਹੋ (ਹਾਹੋ), ਵੇਖਿਆ ਏ ਉਸ ਪਖੰਡੀ ਨੂੰ। ਸਾਰੀ ਉਮਰ ਥਾਂ ਕੂਥਾਂ ਖੇਹ ਖਾਂਦਾ ਤੇ ਗਰੀਬਾਂ ਨੂੰ ਲੁਟਦਾ ਰਿਹਾ ਤੇ ਹੁਣ ਭਗਤ ਬਣ ਬੈਠਾ ਏ, ਅਖੇ ‘ਨੇਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ’।

22. ਨਹੂੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ –

ਜਗਤਾਰ – ਵੇਖਿਆ ਈ, ਸਤਿੰਦਰ ਤੇ ਬਲਵਿੰਦਰ ਦੀ ਕਿੰਨੀ ਮੁਕੱਦਮੇਬਾਜ਼ੀ ਹੋਈ ਸੀ, ਹੁਣ ਫਿਰ ਇਕ-ਮਿਕ ਹੋ ਗਏ ਨੇ।

ਕੁਲਤਾਰ – ਠੀਕ ਏ ਭਾਈ, ਆਖਰ ਭਰਾ ਨੇ। ’ਕਦੀ ਨਹੁੰਆਂ ਨਾਲੋਂ ਮਾਸ ਵੱਖ ਹੋ ਸਕਦਾ ਏ’।

23. ਧੋਤੇ ਮੂੰਹ ਚਪੇੜ –

ਕਾਂਤਾ – ਬਿਮਲਾ ਤੂੰ ਦੋ ਦਿਨ ਤੋਂ ਸ਼ਿਮਲੇ ਜਾਣ ਲਈ ਤਿਆਰ ਪਈ ਹੁੰਦੀ ਸੀ। ਗਈ ਨਹੀਂ?

ਬਿਮਲਾ – ਕੀ ਕਰਦੀ, ਪਾਪਾ ਲੈ ਨਹੀਂ ਗਏ।

ਕਾਂਤਾ-ਫਿਰ ਤਾਂ ‘ਧੋਤੇ ਮੂੰਹ ਚਪੇੜ’ ਪਈ ਤੈਨੂੰ।

24. ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਹੀ

ਸ਼ਾਹ ਜੀ! ਤੁਸੀਂ ਉਸ ਦਿਨ ਸਾਡਾ ਫੈਸਲਾ ਮੰਨ ਲਿਆ ਸੀ ਤੇ ਕਿਹਾ ਸੀ ਕਿ ਗਰੀਬ ਚਮਾਰ ਨੂੰ ਉਹਦਾ ਗਹਿਣਾ ਵਾਪਸ ਕਰ ਦਿਓਗੇ, ਪਰ ਛੇ ਮਹੀਨੇ ਹੋ ਗਏ ਨੇ, ਉਸ ਗਰੀਬ ਨੂੰ ਟੱਕਰਾਂ ਮਾਰਦੇ। ਤੁਸਾਂ ਤਾਂ ਉਹੀ ਗੱਲ ਕੀਤੀ, ‘ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਓਥੇ ਹੀ ‘।

25. ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ –

ਜਮਸੇਰ ਸਿੰਘ – ਲਾਲਾ ਜੀ ! ਪਿੱਛਲੇ ਦਸਾਂ ਵਰ੍ਹਿਆਂ ਵਿਚ ਮੇਰਾ ਵਾਹ ਕਈ ਦੁਕਾਨਦਾਰਾਂ ਨਾਲ ਪਿਆ ਏ, ਪਰ ਸਾਰੇ ਹੀ ਬੇਈਮਾਨ ਵੇਖੇ ਨੇ। ਘੱਟ ਤੋਲਣੋਂ ਤੇ ਮਿਲਾਵਟ ਕਰਨੋਂ ਕੋਈ ਬਾਜ਼ ਨਹੀਂ ਆਉਂਦਾ ।

ਲਾਲਾ ਜੀ – ਨਹੀਂ ਸਰਦਾਰ ਸਾਹਿਬ! ‘ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ’। ਦੁਕਾਨਦਾਰਾਂ ਵਿਚ ਵੀ ਬਥੇਰੇ ਪੁੱਜ ਕੇ ਈਮਾਨਦਾਰ ਨੇ।

26. ਪੜਹੱਥੀਂ ਵਣਜ, ਸੁਨੇਹੀ ਖੇਤੀ, ਕਦੀ ਨਾ ਹੁੰਦੇ, ਬੱਤੀਆਂ ਦੇ ਤੇਤੀ –

ਸਵਰਾਜ – ਪਿਓ ਦੇ ਮਰਨ ਪਿੱਛੋਂ ਪਾਲਾ ਦੁਕਾਨਾਂ ਦਾ ਸਾਰਾ ਕੰਮ ਮੁਨੀਮ ਉਤੇ ਛੱਡ ਕੇ ਵੈਲਾਂ ਵਿਚ ਪੈ ਗਿਆ ਸੀ। ਸੁਣਿਆਂ ਏ, ਹੁਣ ਦਿਵਾਲਾ ਕੱਢ ਬੈਠਾ ਏ।

ਹਰਦਿਆਲ – ਇਹ ਤਾਂ ਹੋਣਾ ਸੀ ਕਾਰ-ਵਿਹਾਰ ਵੱਲ ਆਪ ਧਿਆਨ ਨਾ ਦੇਈਏ ਤਾਂ ਇਹ ਚੌੜ ਹੋ ਜਾਂਦਾ ਏ। ਸਿਆਣੇ ਕਹਿੰਦੇ ਨੇ, ‘ਪੜਹੱਥੀਂ ਵਣਜ, ਸੁਨੇਹੀ ਖੇਤੀ, ਕਦੀ ਨਾ ਹੁੰਦੇ, ਬੱਤੀਆਂ ਦੇ ਤੇਤੀ’।

27. ਬੱਕਰੀ ਦੀ ਜਾਨ ਗਈ, ਖਾਣ ਵਾਲੇ ਨੂੰ ਸੁਆਦ ਨਹੀਂ ਆਇਆ –

ਦਲੀਪ ਸਿੰਘ – ਲੈ ਭਾਈ ਕਾਲਾ ਸਿੰਘ! ਅਖੀਰ ਮੇਰੀ ਮਿਹਨਤ ਸਫਲ ਹੋਈ। ਗੁਰਨਾਮ ਨੂੰ ਬੜੀ ਵਧੀਆ ਨੌਕਰੀ ਲੈ ਦਿੱਤੀ ਏ।

ਕਾਲਾ ਸਿੰਘ – ਸਰਦਾਰ ਜੀ ! ਉਹ ਤਾਂ ਕਹਿੰਦਾ ਏ। “ਇਹ ਕੋਈ ਨੌਕਰੀ ਏ ! ਕੰਮ ਇੰਨਾਂ ਜ਼ਿਆਦਾ ਤੇ ਤਨਖਾਹ ਕੁੱਲ ਛੇ ਸੌ !”

ਦਲੀਪ ਸਿੰਘ – ਵਾਹ ਭਾਈ ਵਾਹ ! ਮੈਂ ਦੋ ਮਹੀਨੇ ਖੱਜਲ ਹੋ ਕੇ ਉਹਨੂੰ ਇਕ ਨੌਕਰੀ ਲੈ ਕੇ ਦਿੱਤੀ ਹੈ। ਮੈਨੇਜ਼ਿੰਗ ਡਾਇਰੈਕਟਰ ਦੀਆਂ ਮਿੰਨਤਾਂ ਕੀਤੀਆਂ ਤੇ ਕਈ ਸਿਫਾਰਸ਼ਾਂ ਪੁਆਈਆਂ, ਤਾਂ ਜਾ ਕੇ ਕੰਮ ਬਣਿਆ ਤੇ ਉਹਨੂੰ ਇਹ ਨੌਕਰੀ ਪਸੰਦ ਹੀ ਨਹੀਂ। ਓਹੀ ਗੱਲ ਹੋਈ, ‘ਬੱਕਰੀ ਦੀ ਜਾਨ ਗਈ, ਖਾਣ ਵਾਲੇ ਨੂੰ ਸੁਆਦ ਨਹੀਂ ਆਇਆ’।

28. ਮਨ ਹਰਾਮੀ, ਹੁੱਜਤਾਂ ਢੇਰ –

ਸਤਿੰਦਰ ਪਾਲ – ਨਵਦੀਪ! ਅੱਜ ਇੱਕੀ ਸੈਕਟਰ ਜਾ ਕੇ ਪ੍ਰੀਤਮ ਕੋਲੋਂ ਕਿਤਾਬ ਜ਼ਰੂਰ ਲੈ ਆਵੀਂ।

ਨਵਦੀਪ – ਨਹੀਂ ਜੀ, ਅੱਜ ਨਹੀਂ ਮੈਂ ਜਾ ਸਕਦਾ। ਸਾਈਕਲ ਵੀ ਖਰਾਬ ਹੈ ਤੇ ਮੈਂ ਘਰ ਲਈ ਕੰਮ ਵੀ ਕਰਨਾ ਏ।

ਸਤਿੰਦਰ ਪਾਲ – ਵੇਖਾਂ ! ‘ਮਨ ਹਰਾਮੀ ਤੇ ਹੁੱਜਤਾਂ ਢੇਰ’! ਸਾਈਕਲ ਕੈਲਾਸ਼ ਦਾ ਲੈ ਜਾਹ ਤੇ ਪੜ੍ਹਾਈ ਆ ਕੇ ਕਰ ਲਈਂ : ਉਥੇ ਕਿਹੜਾ ਬਹੁਤਾ ਵਕਤ ਲਗਣਾ ਏ।

29. ਰੰਡਾ ਗਿਆ ਕੁੜਮਾਈ, ਆਪਣੀ ਕਰੇ ਕਿ ਪਰਾਈ-

ਪ੍ਰੀਤੂ – ਸੁਣਾ ਸੋਹਣ ! ਨੌਕਰੀ ਲੱਭਣ ਵਾਸਤੇ ਕੋਈ ਯਤਨ ਕਰ ਰਿਹਾ ਏਂ?

ਸੋਹਣ – ਆਹੋ ! ਮੀਤੂ ਨੂੰ ਆਖਿਆ ਸੀ। ਉਹ ਕਹਿੰਦਾ ਸੀ, ਛੇਤੀ ਹੀ ਤੇਰਾ ਕੰਮ ਬਣ ਜਾਏਗਾ।

ਪ੍ਰੀਤ – ਤੂੰ ਵੀ ਬੜਾ ਭੋਲਾ ! ਮੀਤੂ ਆਪ ਇਕ ਵਰ੍ਹੇ ਤੋਂ ਬੇਕਾਰ ਏ। ਜੇ ਉਹਨੂੰ ਕੋਈ ਨੌਕਰੀ ਮਿਲੀ ਵੀ, ਤਾਂ ਆਪ ਲਏਗਾ ਕਿ ਤੇਰੇ ਵਾਸਤੇ ਰੱਖੇਗਾ? ਅਖੇ, ‘ਰੰਡਾ ਗਿਆ ਕੁੜਮਾਈ ਆਪਣੀ ਕਰੇ ਕਿ ਪਰਾਈ’।

30. ਲੋੜ ਪਈ ਤੇ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ਏ-

ਮਨੋਹਰ – ਕੀ ਗੱਲ ਏ ਰਣਧੀਰ! ਤੂੰ ਉਸ ਸੜੀ ਬੂਥੀ ਵਾਲੇ ਤੇ ਬਦਮਿਜ਼ਾਜ਼ ਸੁਪਨਟੈਂਡੈਂਟ ਦੀ ਬੜੀ ਖੁਸ਼ਾਮਦ ਤੇ ਝੋਲੀ ਚੁੱਕੀ ਕਰਦਾ ਰਹਿਣਾ ਏਂ?

ਰਣਧੀਰ – ਕੀ ਕਰਾਂ ਯਾਰ! ਮੇਰੇ ਕੰਮ ਦੀ ਸਾਲਾਨਾ ਰਿਪੋਰਟ ਉਸੇ ਨੇ ਲਿਖਣੀ ਏਂ ਤੇ ਤੈਨੂੰ ਪਤਾ ਏ, ‘ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ਏ।’