ਅਖਾਉਤਾਂ ਤੇ ਮੁਹਾਵਰੇ (Akhan / Muhavare)
ਹ
1. ਹੰਕਾਰਿਆ ਸੋ ਮਾਰਿਆ – ਹੰਕਾਰ ਵਾਲਾ ਸਦਾ ਨੁਕਸਾਨ ਉਠਾਉਂਦਾ ਹੈ।
2. ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ – ਜਦ ਇਹ ਕਹਿਣਾ ਹੋਵੇ ਕਿ ਫਲਾਣਾ ਕੰਮ ਮੁਫਤੋ-ਮੁਫਤੀ ਹੋ ਜਾਏਗਾ ਜਾਂ ਕਿਸੇ ਨੂੰ ਆਖਣਾ ਹੋਵੇ ਕਿ ਤੁਸੀਂ ਚਾਹੁੰਦੇ ਹੋ ਕਿ ਇਹ ਕੰਮ ਮੁਫ਼ਤ ਮੁਫ਼ਤੀ ਹੋ ਜਾਏ, ਤਾਂ ਇਹ ਅਖਾਣ ਬੋਲਦੇ ਹਨ।
3. ਹੱਥ ਕੰਗਣ ਨੂੰ ਆਰਸੀ ਕੀ? – ਸਾਮ੍ਹਣੇ ਪਈ ਚੀਜ਼ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ। ਹੱਥ ਨੂੰ ਹੱਥ ਖਛਾਣਦਾ ਹੈ। ਜੇ ਕਿਸੇ ਨਾਲ ਚੰਗਾ ਵਰਤੀਏ, ਤਾਂ ਅਗਲਾ ਵੀ ਚੰਗਾ ਵਰਤਦਾ ਹੈ।
4. ਹੱਥ ਕਾਰ ਵੱਲ, ਦਿਲ ਯਾਰ ਵੱਲ – ਕੰਮ ਕਰਦਿਆਂ ਵੀ ਆਪਣੇ ਪਰੀਤਮ (ਰੱਬ) ਦਾ ਖਿਆਲ ਰੱਖਣਾ। ਇਹ ਅਖਾਣ ਕਿਸੇ ਦੇ ਅੰਦਰ ਦਾ ਪਿਆਰ ਦੱਸਣ ਲਈ ਵਰਤਦੇ ਹਨ।
5. ਹੱਥਾਂ ਬਾਝ ਕਰਾਰਿਆਂ, ਵੈਰੀ ਮਿਤ ਨਾ ਹੋਣ – ਵੈਰੀ ਲੰਮੇ ਪਿਆਂ ਜਾਂ ਝੁਕਿਆਂ ਨਹੀਂ, ਸਗੋਂ ਤਕੜੇ ਹੱਥ ਵਿਖਾਇਆਂ ਹੀ ਸਿੱਧੇ ਹੁੰਦੇ ਹਨ।
6. ਹੱਥੀਂ ਦਿੱਤੀਆਂ, ਦੰਦੀਂ ਖੋਲ੍ਹਣੀਆਂ ਪੈਂਦੀਆਂ ਹਨ – ਕੰਮ ਵਿਗਾੜ ਤਾਂ ਸੌਖਿਆਂ ਹੀ ਲਈਦਾ ਹੈ, ਪਰ ਉਸ ਨੂੰ ਮੁੜ ਕੇ ਠੀਕ ਕਰਨਾ ਬਹੁਤ ਔਖਾ ਹੁੰਦਾ ਹੈ।
7. ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਣ ਦੇ ਹੋਰ – ਇਹ ਅਖਾਣ ਉਸ ਪਾਖੰਡੀ ਆਦਮੀ ਲਈ ਵਰਤਦੇ ਹਨ, ਜੋ ਬਾਹਰੋਂ ਸਾਊ ਤੇ ਮਿੱਠਾ ਜਾਪੇ, ਪਰ ਦਿਲ ਦਾ ਖੋਟਾ ਹੋਵੇ।
8. ਹਾਥੀ ਲੰਘ ਗਿਆ ਪੂਛ ਰਹਿ ਗਈ – ਇਹ ਅਖਾਣ ਓਦੋਂ ਬੋਲਦੇ ਹਨ, ਜਦੋਂ ਇਹ ਦੱਸਣਾ ਹੋਵੇ ਕਿ ਬਹੁਤ ਕੰਮ ਨਿੱਬੜ ਗਿਆ ਹੈ ਤੇ ਬਹੁਤ ਥੋੜ੍ਹਾ ਬਾਕੀ ਰਹਿੰਦਾ ਹੈ।
9. ਹਮਸਾਏ, ਮਾਂ-ਪਿਓ ਜਾਏ – ਗਵਾਂਢੀ ਵੀ ਭਰਾਂਵਾਂ ਵਰਗੇ ਹੁੰਦੇ ਹਨ।
10. ਹਮ ਨਾ ਵਿਆਹੇ, ਕਾਹਦੇ ਸਾਹੇ – ਇਹ ਅਖਾਣ ਕੋਈ ਆਦਮੀ ਆਪਣੇ ਲਈ ਉਦੋਂ ਵਰਤਦਾ ਹੈ, ਜਦ ਕਿਸੇ ਮਾਮਲੇ ਵਿਚ ਬਹੁਤ ਸਾਰਿਆਂ ਦਾ ਕੰਮ ਹੋ ਜਾਏ, ਪਰ ਉਹਦਾ ਨਾ ਹੋਵੇ।
11. ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ – ਜਿਸ ਆਦਮੀ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਹੈ, ਉਸ ਆਦਮੀ ਨੂੰ ਹਰ ਵੇਲੇ ਉਸੇ ਚੀਜ਼ ਦਾ ਖਿਆਲ ਰਹਿੰਦਾ ਹੈ ਤੇ ਉਹ ਹੋਰ ਕੋਈ ਗੱਲ ਸੁਣਨ ਦੀ ਥਾਂ ਆਪਣੀ ਹੀ ਮਾਰੀ ਜਾਂਦਾ ਹੈ।
12. ਹੀਲੇ ਰਿਜ਼ਕ, ਬਹਾਨੇ ਮੌਤ – ਜਦ ਇਹ ਦੱਸਣਾ ਹੋਵੇ ਕਿ ਜਤਨ ਕੀਤਿਆਂ ਹੀ ਧਨ ਪ੍ਰਾਪਤ ਹੁੰਦਾ ਹੈ ਜਾਂ ਮੌਤ ਲਈ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ, ਤਾਂ ਇਹ ਅਖਾਣ ਬੋਲਦੇ ਹਨ।
13.ਹਾੜ ਸੁੱਕੇ, ਨਾ ਸਾਉਣ ਹਰੇ – ਜਦੋਂ ਕੋਈ ਆਦਮੀ ਇਹ ਕਹਿਣਾ ਚਾਹੁੰਦਾ ਹੈ ਕਿ ਉਸ ਦੀ ਹਾਲਤ ਹਮੇਸ਼ਾ ਇਕੋ ਜਿਹੀ (ਆਮ ਤੌਰ ਤੇ ਮਾੜੀ) ਰਹਿੰਦੀ ਹੈ ਤੇ ਕਦੀ ਸੁਧਰੀ ਜਾਂ ਬਹੁਤੀ ਮਾੜੀ ਨਹੀਂ ਹੋਈ, ਤਾਂ ਉਹ ਇਹ ਅਖਾਣ ਆਪਣੇ ਲਈ ਵਰਤਦਾ ਹੈ।