ਅਖਾਉਤਾਂ ਤੇ ਮੁਹਾਵਰੇ



1. ਗੰਗਾ ਗਏ, ਗੰਗਾ ਰਾਮ, ਜਮਨਾ ਗਏ, ਜਮਨਾ ਦਾਸ – ਇਹ ਅਖਾਣ ਮੌਕਾ ਪ੍ਰਸਤ, ਬੋਅਸੂਲੇ ਤੇ ਚੁਫੇਰ ਗੜ੍ਹੀਏ ਬੰਦੇ ਲਈ ਵਰਤਦੇ ਹਨ, ਜੋ ਆਪਣੇ ਫਾਇਦੇ ਲਈ ਜਾਂ ਕਿਸੇ ਤੋਂ ਡਰ ਕੇ ਆਪਣੇ ਵਿਚਾਰ ਬਦਲਦਾ ਰਹੇ।

2. ਗੌ ਭੁਨਾਵੇ ਜੌਂ, ਭਾਵੇਂ ਗਿੱਲੇ ਹੀ ਹੋਣ – ਮਤਲਬ ਲਈ ਮਨੁੱਖ ਨੂੰ ਸਭ ਕੁਝ ਕਰਨਾ ਪੈਂਦਾ ਹੈ।

3. ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ – ਜਦੋਂ ਕੋਈ ਮਨੁੱਖ ਕਈ ਸੋਚਾਂ ਤੋਂ ਬਾਅਦ ਕੋਈ ਅਜਿਹਾ ਕੰਮ ਸ਼ੁਰੂ ਕਰੇ, ਜਿਸ ਵਿਚੋਂ ਕਈ ਆਦਮੀ ਫਾਇਦਾ ਉਠਾ ਰਹੇ ਹੋਣ, ਪਰ ਉਹਨੂੰ ਉਸ ਕੰਮ ਵਿਚ ਕਈ ਰੁਕਾਵਟਾਂ ਤੇ ਔਕੜਾਂ ਪੇਸ਼ ਆਉਣ, ਤਾਂ ਉਹ ਇਹ ਅਖਾਣ ਆਪਣੇ ਲਈ ਵਰਤਦਾ ਹੈ।

4. ਗੋਲੀ ਕਿਹਦੀ ਤੇ ਗਹਿਣੇ ਕਿਹਦੇ? – ਇਹ ਅਖਾਣ ਕੋਈ ਆਦਮੀ, ਅਪਣੀ ਨਿਰਮਾਣਤਾ ਦੱਸਣ ਤੇ ਅਗਲੇ ਨੂੰ ਇਹ ਕਹਿਣ ਲਈ ਵਰਤਦਾ ਹੈ ਕਿ ਮੈਂ ਆਪ ਤੇ ਮੇਰਾ ਸੱਭੇ ਕੁਝ ਤੁਹਾਡਾ ਹੀ ਹੈ ਤੇ ਮੈਂ ਤੁਹਾਡੀ ਹਰ ਸੇਵਾ ਲਈ ਤਿਆਰ ਹਾਂ।

5. ਗਲ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ – ਕਈ ਬਾਰੀ ਬਦੋਬਦੀ ਜ਼ਿੰਮੇ ਲਗ ਗਿਆ ਕੰਮ ਔਖੇ ਹੋਕੇ ਵੀ ਕਰਨਾ ਪੈਂਦਾ ਹੈ ਜਾਂ ਪੱਲੇ ਪੈ ਗਏ ਕਿਸੇ ਬੰਦੇ ਨਾਲ ਨਿਭਾਣੀ ਪੈਂਦੀ ਹੈ।

6. ਗੱਲ ਹੋਈ ਪੁਰਾਣੀ ਬੁੱਕਲ ਮਾਰ ਬੈਠੀ ਚੁਧਰਾਣੀ (ਪਰਭਾਣੀ) – ਇਹ ਅਖਾਣ ਉਦੋਂ ਵਰਤਦੇ ਹਨ, ਜਦ ਕਿਸੇ ਨੂੰ ਕੋਈ ਭੈੜਾ ਕੰਮ ਕੀਤਿਆਂ ਕੁਝ ਸਮਾਂ ਬੀਤ ਗਿਆ ਹੋਵੇ ਤੇ ਉਹ ਇਹ ਸਮਝ ਕੇ ਲੋਕਾਂ ਨੂੰ ਉਸ ਦੀ ਕਰਤੂਤ ਭੁੱਲ ਗਈ ਹੈ, ਫਿਰ ਸਮਾਜ ਵਿਚ ਚੌਧਰੀ ਬਣਨ ਦਾ ਜਤਨ ਕਰਨ ਲਗ ਪਏ।