Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਉਤਾਂ ਤੇ ਮੁਹਾਵਰੇ



1. ਕੋਹ ਨਾ ਚੱਲੀ ਬਾਬਾ ਤਿਹਾਈ – ਜਦ ਕੋਈ ਆਦਮੀ ਕਿਸੇ ਕੰਮ ਦਾ ਬਹੁਤ ਥੋੜ੍ਹਾ ਹਿੱਸਾ ਹੋਣ ਤੇ ਹੀ ਥਕੇਵਾਂ ਮਹਿਸੂਸ ਕਰਨ ਲਗ ਪਏ, ਤਾਂ ਉਹਦੇ ਤੇ ਇਹ ਅਖਾਣ ਘਟਾਉਂਦੇ ਹਨ।

2. ਕਾਹਲੀ ਅੱਗੇ ਟੋਏ/ ਉਤਾਵਲਾ ਸੋ ਬਾਉਲਾ – ਕਾਹਲ ਪਾਉਣ ਜਾਂ ਕਰਨ ਵਾਲਾ ਝੱਲਾ ਹੁੰਦਾ ਹੈ ਅਤੇ ਕੰਮ ਵਿਗਾੜ ਕੇ ਬਹਿ ਜਾਂਦਾ ਹੈ।

3. ਕੁੱਕੜ ਖੇਹ ਉਡਾਈ, ਆਪਣੇ ਸਿਰ ਵਿਚ ਪਾਈ – ਜਦੋਂ ਕੋਈ ਆਦਮੀ ਖੱਪ ਪਾ ਕੇ ਆਪ ਹੀ ਆਪਣੀ ਬਦਨਾਮੀ ਕਰਾ ਲਏ, ਤਾਂ ਉਹਦੇ ਬਾਰੇ ਇਹ ਅਖਾਣ ਬੋਲਦੇ ਹਨ।

4. ਕੱਖਾਂ ਦੀ ਬੇੜੀ, ਬਾਂਦਰ ਮਲਾਹ – ਜਦ ਕੋਈ ਨਾਜ਼ਕ ਤੇ ਔਖਾ ਕੰਮ ਕਿਸੇ ਅਣਜਾਣ ਆਦਮੀ ਦੇ ਸਪੁਰਦ ਕੀਤਾ ਜਾਏ, ਤਾਂ ਇਹ ਅਖਾਣ ਬੋਲਦੇ ਹਨ।

5. ਕੱਖਾਂ ਦੀ ਕੁੱਲੀ, ਦੰਦਖੰਡ ਦਾ ਪਾੜਛਾ (ਪਰਨਾਲਾ) – ਇਹ ਅਖਾਣ ਓਦੋਂ ਵਰਤਦੇ ਹਨ, ਜਦੋਂ ਕਿਸੇ ਮਾੜੀ ਕਰੂਪ ਚੀਜ਼ ਦੀ ਅਗਲੇ ਪਾਸਿਓਂ ਬਹੁਤ ਜ਼ਿਆਦਾ ਸਜਾਵਟ ਕਰ ਦਿੱਤੀ ਜਾਏ।

6. ਕੱਛ ਵਿਚ ਸੋਟਾ, ਨਾਂ ਗਰੀਬਦਾਸ/ ਅੱਖੋਂ ਦਿਸੇ ਨਾ, ਨਾਂ ਨੂਰ ਭਰੀ/ ਅੱਖੋਂ ਅੰਨ੍ਹੀ, ਨਾਂ ਚਰਾਗੋ/ ਅੱਖੋਂ ਅੰਨ੍ਹੀ ਨਾਂ ਨੂਰ ਕੌਰ – ਉਪਰਲੇ ਤਿੰਨ ਅਖਾਣ ਉਸ ਆਦਮੀ ਜਾਂ ਇਸਤਰੀ ਤੇ ਘਟਾਉਂਦੇ ਹਨ, ਜਿਸ ਦਾ ਨਾਂ ਉਸ ਦੇ ਗੁਣਾਂ ਦੇ ਐਨ ਉਲਟ ਹੋਵੇ।

7. ਕੁੱਛੜ ਕੁੜੀ, ਸ਼ਹਿਰ ਢੰਢੋਰਾ – ਚੀਜ਼ ਕੋਲ ਪਈ ਹੋਣੀ ਤੇ ਉਹਨੂੰ ਕਿਤੇ ਦੇ ਕਿਤੇ ਲੱਭਦੇ ਫਿਰਨਾ।

8. ਕਾਠ ਦੀ ਬਿੱਲੀ, ਮਿਆਊਂ ਕੌਣ ਕਰੇ – ਜਦੋਂ ਕੋਈ ਕਮਜ਼ੋਰ ਬੰਦਾ ਰਣ-ਭੂਮੀ ਜਾਂ ਕਿਸੇ ਵੱਡੇ ਕੰਮ ਵਿਚ ਅੱਗੇ ਤਾਂ ਹੋ ਜਾਏ, ਪਰ ਸਫਲਤਾ ਲਈ ਕੋਈ ਕਾਰਵਾਈ ਨਾ ਕਰ ਸਕੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

9. ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ / ਕਾਠ ਦੀ ਹਾਂਡੀ ਇੱਕੋ ਵਾਰ ਚੜ੍ਹਦੀ ਹੈ – ਧੋਖੇਬਾਜ਼ ਇਕੋ ਵਾਰ ਹੀ ਧੋਖਾ ਦੇ ਸਕਦਾ ਹੈ, ਫਿਰ ਉਸ ਦਾ ਰਾਜ ਖੁਲ੍ਹ ਜਾਂਦਾ ਹੈ।

10. ਕੋਠਾ ਉਸਰਿਆ, ਤਰਖਾਣ ਵਿਸਰਿਆ – ਜਦ ਕਿਸੇ ਬੰਦੇ ਕੋਲੋਂ ਕਿਸੇ ਦਾ ਕੰਮ ਪੂਰਾ ਹੋ ਜਾਏ, ਤਾਂ ਫਿਰ ਉਹ ਉਸ ਨੂੰ ਯਾਦ ਨਹੀਂ ਕਰਦਾ।

11. ਕੌਣ ਕਹੇ, ਰਾਣੀਏ ! ਅੱਗਾ ਢਕ – ਵੱਡੇ ਲੋਕਾਂ ਦੇ ਔਗੁਣ ਉਨ੍ਹਾਂ ਦੇ ਮੂੰਹ ਤੇ ਕੋਈ ਨਹੀਂ ਦੱਸਦਾ।

12. ਕਣਕ ਖੇਤ, ਕੁੜੀ ਪੇਟ, ਆ ਜੁਆਈਆ ਮੰਡੇ ਖਾਹ – ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ, ਜਿਸ ਦੇ ਹੱਥ-ਪੱਲੇ ਕੁਝ ਨਾ ਹੋਵੇ, ਕੇਵਲ ਭਵਿੱਖ ਦੀ ਆਸ ਤੇ ਕਿਸੇ ਨੂੰ ਲਾਰੇ ਲਾਈ ਜਾਏ ਜਾਂ ਖ਼ਿਆਲੀ ਪੁਲਾ ਪਕਾਂਦਾ ਰਹੇ।

13. ਕੁੱਤੇ ਨੂੰ ਖੀਰ ਹਜ਼ਮ ਨਹੀਂ ਹੁੰਦੀ – ਇਹ ਅਖਾਣ ਉਸ ਸਮੇਂ ਬੋਲਦੇ ਹਨ, ਜਦ ਕੋਈ ਨੀਚ ਮਨੁੱਖ ਉੱਚੀ ਪਦਵੀ ਪਾ ਕੇ ਘੁਮੰਡੀ ਹੋ ਜਾਏ ਜਾਂ ਜਦ ਕੋਈ ਕਮੀਨਾ ਬੰਦਾ ਕਿਸੇ ਦੀ ਕੀਤੀ ਭਲਾਈ ਦੀ ਕਦਰ ਨਾ ਕਰੇ।

14. ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ (ਭਾਈ ਗੁਰਦਾਸ) – ਕਮੀਨਾ ਆਦਮੀ ਭਾਵੇਂ ਕਿੰਨਾ ਅਮੀਰ ਜਾਂ ਵੱਡਾ ਹੋ ਜਾਏ, ਉਸ ਦਾ ਸੁਭਾਅ ਪਹਿਲੇ ਵਰਗਾ ਨੀਚ ਹੀ ਰਹਿੰਦਾ ਹੈ।

15. ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ / ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ – ਇਹ ਦੋਵੇਂ ਅਖਾਣ ਉਦੋਂ ਵਰਤਦੇ ਹਨ, ਜਦੋਂ ਦੋ ਬੰਦਿਆਂ ਜਾਂ ਦੋ ਚੀਜ਼ਾਂ ਦੇ ਵਿਚਕਾਰ ਬਹੁਤ ਫਰਕ ਹੋਵੇ, ਅਰਥਾਤ ਇਕ ਆਦਮੀ ਬਹੁਤ ਅਮੀਰ ਤੇ ਦੂਜਾ ਬਹੁਤ ਗਰੀਬ ਜਾਂ ਇਕ ਚੀਜ਼ ਬਹੁਤ ਵਧੀਆ ਤੇ ਦੂਜੀ ਬਹੁਤ ਘਟੀਆ ਜਾਂ ਇਕ ਬਹੁਤ ਲਾਇਕ ਤੇ ਦੂਜਾ ਨਾਲਾਇਕ ਹੋਏ।

16. ਕੰਧਾਂ ਨੂੰ ਵੀ ਕੰਨ ਹੁੰਦੇ ਹਨ – ਲੁਕ ਕੇ ਕੀਤੀ ਹੋਈ ਗੱਲ ਵੀ ਕਦੀ ਪਰਗਟ ਹੋ ਜਾਂਦੀ ਹੈ, ਇਸ ਲਈ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ।

17. ਕਬਰ ਚੂਨੇ-ਗੱਚ ਮੁਰਦਾ ਬੇਈਮਾਨ / ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਣ ਦੇ ਹੋਰ – ਉਪਰੋਂ ਪੋਚਿਆ, ਦਿੱਸਣ ਵਿਚ ਸ਼ਰੀਫ ਪਰ ਦਿਲ ਦਾ ਖੋਟਾ।

18. ਕਰ ਮਜੂਰੀ ਤੇ ਖਾ ਚੂਰੀ/ ਕਰ ਸੇਵਾ ਤੇ ਖਾ ਮੇਵਾ – ਮਿਹਨਤ ਕਰਨ ਵਾਲਾ ਮਨੁੱਖ-ਸੁੱਖ ਭੋਗਦਾ ਹੈ।

19. ਕਰੇ ਕੋਈ, ਭਰੇ ਕੋਈ – ਇਹ ਅਖਾਣ ਉਦੋਂ ਵਰਤਦੇ ਹਨ, ਜਦੋਂ ਕਸੂਰ ਕਿਸੇ ਇਕ ਨੇ ਕੀਤਾ ਹੋਵੇ ਤੇ ਉਸ ਦੀ ਸਜ਼ਾ ਕਿਸੇ ਹੋਰ ਨੂੰ ਭੁਗਤਣੀ ਪਏ।

20. ਕਰਨੀ ਕੱਖ ਦੀ, ਗੱਲ ਲੱਖ ਦੀ – ਗੱਲਾਂ ਬਹੁਤ ਬਣਾਉਣੀਆਂ, ਅਮਲੀ ਤੌਰ ਤੇ ਕੁਝ ਨਾ ਕਰਨਾ।

21. ਕਰ ਪਰਾਈਆਂ ਤੇ ਆਉਣੀ ਜਾਈਆਂ – ਜੋ ਇਸਤਰੀ ਆਪਣੀ ਨੂੰਹ ਨਾਲ ਬੁਰਾ ਸਲੂਕ ਕਰਦੀ ਹੈ, ਉਸ ਦੀ ਧੀ ਨਾਲ ਵੀ ਸਹੁਰੇ ਉਹੋ ਜਿਹਾ ਸਲੂਕ ਹੋਵੇਗਾ। ਇਹ ਅਖਾਣ ਕਿਸੇ ਲੜਾਕੀ ਸੱਸ ਨੂੰ ਬਦ-ਅਸੀਸ ਦੇਣ ਲਈ ਵਰਤਦੇ ਹਨ।

22. ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ – ਇਹ ਅਖਾਣ ਉਦੋਂ ਵਰਤਦੇ ਹਨ, ਜਦ ਕਿਸੇ ਮਾਮਲੇ ਵਿਚ ਦਖਲ ਦੇਣ ਨਾਲ ਨੁਕਸਾਨ ਤੇ ਬਦਨਾਮੀ ਦਾ ਡਰ ਹੋਵੇ।

23. ਕਾਲੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ – ਮਨੁੱਖ ਦਾ ਪੱਕਿਆ ਹੋਇਆ ਸੁਭਾਅ ਤੇ ਆਦਤਾਂ ਕਦੇ ਨਹੀਂ ਬਦਲਦੀਆਂ।

24. ਕਲਾ ਕਲੰਦਰ ਵੱਸੇ, ਘੜਿਓਂ ਪਾਣੀ ਨੱਸੇ – ਜਿਸ ਘਰ ਵਿਚ ਲੜਾਈ-ਝਗੜਾ ਹੁੰਦਾ ਰਹੇ, ਉਹ ਬਰਬਾਦ ਹੋ ਜਾਂਦਾ ਹੈ; ਉਥੇ ਬਰਕਤ ਨਹੀਂ ਰਹਿੰਦੀ।

25. ਕੂੜ ਨਿਖੁਟੇ ਨਾਨਕਾ, ਓੜਕ ਸਚ ਰਹੀ (ਗੁਰੂ ਨਾਨਕ) – ਅੰਤ ਸੱਚ ਦੀ ਜੈ ਹੁੰਦੀ ਹੈ, ਤੇ ਝੂਠੇ ਮਾਤ ਖਾ ਜਾਂਦੇ ਹਨ।