Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਉਤਾਂ ਤੇ ਮੁਹਾਵਰੇ


ਅਖਾਉਤਾਂ, ਮੁਹਾਵਰੇ ਤੇ ਮੁਹਾਵਰੇਦਾਰ ਵਾਕੰਸ਼ ਕਿਸੇ ਬੋਲੀ ਦੀ ਆਤਮਾ ਹੁੰਦੇ ਹਨ। ਇਹ ਬੋਲਚਾਲ ਤੇ ਲਿਖਿਤ ਵਿਚ ਰੋਚਕਤਾ, ਚਾਸ਼ਨੀ ਤੇ ਸੁਆਦ ਭਰਦੇ ਹਨ ਤੇ ਇਨ੍ਹਾਂ ਨੂੰ ਵਧੇਰੇ ਸੁੰਦਰ, ਜ਼ੋਰਦਾਰ ਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ। ਸਦੀਆਂ ਦੀ ਲਗਾਤਾਰ ਵਰਤੋਂ ਨਾਲ ਦੋ-ਦੋ, ਚਾਰ ਸ਼ਬਦਾਂ ਦੇ ਇਨ੍ਹਾਂ ਸਮੂਹਾਂ ਵਿਚ ਵਿਸ਼ੇਸ਼, ਡੂੰਘੇ, ਵਿਸ਼ਾਲ ਜਾਂ ਅੰਤਰੀਵ ਅਰਥ ਭਰੇ ਹੋਏ ਹੁੰਦੇ ਹਨ। ਇਸ ਤਰ੍ਹਾਂ ਇਹ ਕਿਸੇ ਭਾਸ਼ਾ ਦੀ ਸਮਰਥਾ ਨੂੰ ਵਧਾਉਂਦੇ ਹਨ। ਸਾਡੇ ਲਈ ਇਹ ਗੱਲ ਬੜੇ ਫਖਰ ਵਾਲੀ ਹੈ ਕਿ ਅਖਾਣਾਂ ਤੇ ਮੁਹਾਵਰਿਆਂ ਦੇ ਪੱਖੋਂ ਪੰਜਾਬੀ ਬੋਲੀ ਬੜੀ ਅਮੀਰ ਹੈ। ਇਸ ਸੰਬੰਧ ਵਿਚ ਇਹ ਗੱਲ ਵੀ ਵੇਖਣ ਯੋਗ ਹੈ ਕਿ ਪੰਜਾਬੀ ਵਿਚ ਪੜ੍ਹਿਆਂ ਲਿਖਿਆਂ ਨਾਲੋਂ ਅਨਪੜ੍ਹ, ਨਵੀ ਪੌਦ ਨਾਲੋਂ ਬਜੁਰਗ, ਤੇ ਮਰਦਾ ਨਾਲੋਂ ਇਸਤ੍ਰੀਆਂ ਅਖਾਣਾਂ ਦੀ ਵਧੇਰੇ ਵਰਤੋਂ ਕਰਦੀਆਂ ਹਨ। ਇਸ ਤੋਂ ਕਿਸੇ ਹਦ ਤੱਕ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਅੱਜ ਕੱਲ੍ਹ ਦੇ ਨੌਜਵਾਨ ਆਪਣੀ ਬੋਲੀ ਦੀ ਵਿਸ਼ਾਲਤਾ ਦੇ ਸੁਹੱਪਣ ਤੋਂ ਬੇਮੁਖ ਹੋ ਰਹੇ ਹਨ, ਜੋ ਸਾਡੀ ਬੋਲੀ ਦੀ ਉੱਨਤੀ ਲਈ ਘਾਤਕ ਗੱਲ ਹੈ।

ਆਦਰਸ਼ਕ ਤੇ ਪ੍ਰਭਾਵਸ਼ਾਲੀ ਬੋਲਚਾਲ ਤੇ ਸੁੱਚਜੀ ਲਿਖਿਤ ਲਈ ਇਹ ਜ਼ਰੂਰੀ ਹੈ ਕਿ ਵਿਦਿਆਰਥੀ ਵਧ ਤੋਂ ਵਧ ਅਖਾਉਤਾਂ, ਮੁਹਾਵਰਿਆਂ ਤੇ ਮੁਹਾਵਰੇਦਾਰ ਵਾਕੰਸ਼ਾਂ ਤੋਂ ਜਾਣੂ ਹੋਣ। ਪੰਜਾਬੀ ਵਿਚ ਇਨ੍ਹਾਂ ਦਾ ਭੰਡਾਰ ਇੰਨਾ ਜਿਆਦਾ ਹੈ ਕਿ ਇਨ੍ਹਾਂ ਉੱਤੇ ਇਕ ਵਖਰਾ ਗ੍ਰੰਥ ਲਿਖਿਆ ਜਾ ਸਕਦਾ ਹੈ। ਪੰਜਾਬੀ ਦੇ ਸਭ ਚੰਗੇ ਲੇਖਕ ਜਿਹਾ ਕਿ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ, ਕਰਤਾਰ ਸਿੰਘ ਦੁੱਗਲ ਤੇ ਧਨੀ ਰਾਮ ਚਾਤ੍ਰਿਕ ਆਦਿ ਆਪਣੀਆਂ ਰਚਨਾਵਾਂ ਵਿਚ ਅਖਾਣਾਂ ਤੇ ਮੁਹਾਵਰਿਆਂ ਦੀ ਬੜੀ ਸੁਚੱਜੀ ਤੇ ਖੁਲ੍ਹੇ ਦਿਲ ਵਰਤੋਂ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਤਾਂ ਅਖਾਉਂਤਾਂ ਦਾ ਭੰਡਾਰ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਪਣੀਆਂ ਕੋਰਸ ਦੀਆਂ ਤੇ ਹੋਰ ਪੰਜਾਬੀ ਪੁਸਤਕਾਂ ਪੜ੍ਹਨ ਵੇਲੇ ਅਖਾਉਤਾਂ-ਮੁਹਾਵਰਿਆ ਨੂੰ ਵਿਸ਼ੇਸ਼ ਕਰ ਕੇ ਨੋਟ ਕਰਿਆ ਕਰਨ।


(ੳ) ਅਖਾਉਤਾਂ (ਅਖਾਣ)

ਅਖਾਉਤ ਕੁਝ ਸ਼ਬਦਾਂ ਦਾ ਸਮੂਹ ਹੁੰਦੀ ਹੈ, ਜਿਸ ਵਿਚ ਆਮ ਜੀਵਨ ਵਿਚ ਕੰਮ ਆਉਣ ਵਾਲਾ ਕੋਈ ਵਿਚਾਰ, ਸਿੱਧਾਂਤ ਜਾਂ ਸਚਾਈ ਸੰਖੇਪ ਤੇ ਭਾਵ-ਪੂਰਤ ਸ਼ਬਦਾਂ ਵਿਚ ਬੰਦ ਹੁੰਦੀ ਹੈ। ਅਖਾਉਤਾਂ ਅਸਾਧਾਰਨ ਬੁੱਧੀ ਵਾਲੇ ਵਿਚਾਰਵਾਨਾਂ ਤੇ ਮਹਾਂਪੁਰਸ਼ਾਂ ਦੇ ਮੂੰਹੋਂ ਸਹਿਜ-ਸੁਭਾ ਨਿਕਲੇ ਵਿਚਾਰ ਹੁੰਦੀਆਂ ਹਨ ਤੇ ਇਨ੍ਹਾਂ ਵਿਚ ਉਨ੍ਹਾਂ ਦੇ ਵਰ੍ਹਿਆਂ-ਬੱਧੀ ਤਜਰਬੇ ਦਾ ਨਿਚੋੜ ਹੁੰਦਾ ਹੈ। ਲਗਾਤਾਰ ਵਰਤੋਂ ਨਾਲ ਇਹ ਅਖਾਉਤਾਂ ਸਰਬ-ਪਰਵਾਨ ਹੋ ਜਾਂਦੀਆਂ ਹਨ ਤੇ ਇਨ੍ਹਾਂ ਦੇ ਵਿਸ਼ੇਸ਼ ਅਰਥ ਪੱਕ ਜਾਂਦੇ ਹਨ। ਕਿਉਂਜੁ ਇਨ੍ਹਾਂ ਵਿਚ ਇਕ ਲੈ, ਤਾਲ ਤੇ ਸੁਰ ਹੁੰਦੇ ਹਨ, ਇਸ ਲਈ ਇਹ ਸਹਿਜ-ਸੁਭਾ ਲੋਕਾਂ ਦੇ ਮੂੰਹ ਚੜ੍ਹ ਜਾਂਦੀਆਂ ਤੇ ਢੁਕਵੇਂ ਮੌਕਿਆਂ ਤੇ ਬੋਲੀਆਂ ਜਾਂਦੀਆਂ ਹਨ। ਬਹੁਤੀ ਵਾਰੀ ਤਾਂ ਇਹ ਮੇਲਵੇਂ ਤੁਕਾਂਤ ਵਾਲੀਆਂ ਹੁੰਦੀਆਂ ਹਨ, ਜਿਹਾ ਕਿ ਇਕ ਅਨਾਰ ਸੌ ਬਿਮਾਰ

ਉੱਚੀ ਦੁਕਾਨ ਤੇ ਫਿੱਕਾ ਪਕਵਾਨ

ਖੇਤੀ, ਖਸਮਾਂ ਸੇਤੀ

ਪੱਲੇ ਨਹੀਂ ਸੇਰ ਆਟਾ ਹੀਂਗਦੀ ਦਾ ਸੰਘ ਪਾਟਾ ਆਦਿ।

ਮਹਾਂਪੁਰਸ਼ਾਂ ਦੇ ਮੂੰਹੋਂ ਨਿਕਲੇ ਹੋਏ ਵਾਕ ਸੁਤੇ-ਸਿੱਧ ਅਖਾਣਾਂ ਦਾ ਰੂਪ ਲੈਂਦੇ ਹਨ। ਉਦਾਹਰਨ ਵਜੋਂ, ਗੁਰੂ ਨਾਨਕ ਸਾਹਿਬ ਤੇ ਭਾਈ ਗੁਰਦਾਸ ਦੀਆਂ ਹੇਠ ਲਿਖੀਆਂ ਤੁਕਾਂ ਵੇਖੋ :

ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ।

ਆਪਣੇ ਹਥੀਂ ਆਪਣਾ, ਆਪੇ ਹੀ ਕਾਜ ਸਵਾਰੀਐ।

ਮਿਠਤੂ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤੁ।

ਮੂਰਖੈ ਨਾਲ ਨ ਲੁਝੀਐ (ਗੁਰੂ ਨਾਨਕ)

ਦਾਖੈ ਹੱਥ ਨਾ ਅਪੜੇ, ਆਖੇ ਥੂਹ ਕੌੜੀ।

ਮੂਰਖ ਨਾਲ ਚੰਗੇਰੀ ਚੁੱਪ। (ਭਾਈ ਗੁਰਦਾਸ)


ਅਖਾਉਤਾਂ ਬਾਰੇ ਤਿੰਨ ਕਿਸਮ ਦੇ ਸਵਾਲ ਪੁੱਛੇ ਜਾਂ ਸਕਦੇ ਹਨ :

(1) ਅਖਾਉਤਾਂ ਦੇ ਅਰਥ ਦੱਸੋ

(2) ਹੇਠ ਲਿਖੀਆਂ ਅਖਾਉਤਾਂ ਕਿਸ ਮੌਕੇ ਤੇ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਦੋਹਾਂ ਦਾ ਭਾਵ ਲਗਭਗ ਇੱਕੋ ਹੀ ਹੈ।

ਉਦਾਹਰਨ ਵਜੋਂ ਇਕ ਇਕ, ਤੇ ਦੋ ਗਿਆਰਾਂ ਦਾ ਅਰਥ ਹੈ :

ਏਕੇ ਵਿਚ ਹੀ ਬਰਕਤ ਹੁੰਦੀ ਹੈ ਜਾਂ ਦੋ ਆਦਮੀ ਮਿਲ ਕੇ ਇਕੱਲੇ ਨਾਲੋਂ ਬਹੁਤਾ ਕੰਮ ਕਰਦੇ ਹਨ।

ਮੌਕਾ ਦੱਸਣ ਲਗਿਆਂ ਅਸੀਂ ਕਹਾਂਗੇ ਕਿ ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਇਹ ਦੱਸਣਾ ਹੋਵੇ ਕਿ ਇਕੱਲੇ ਦੀ ਥਾਂ ਦੋ ਆਦਮੀ ਮਿਲ ਕੇ ਬਹੁਤਾ ਕੰਮ ਕਰ ਸਕਦੇ ਹਨ ਜਾਂ ਏਕੇ ਵਿਚ ਬਰਕਤ ਹੁੰਦੀ ਹੈ।

ਅਖਾਣਾਂ ਬਾਰੇ ਤੀਜਾ ਤੇ ਵਧੇਰੇ ਜ਼ਰੂਰੀ ਸਵਾਲ ਇਹ ਆਉਂਦਾ ਹੈ ਕਿ ਹੇਠ-ਲਿਖੇ ਅਖਾਣਾਂ ਨੂੰ ਆਪਣੇ ਵਾਕਾਂ ਵਿਚ ਇਉਂ ਵਰਤੋਂ ਕਿ ਇਨ੍ਹਾਂ ਦੇ ਅਰਥ ਸਪਸ਼ਟ ਹੋ ਜਾਣ ਜਾਂ ਹੇਠ-ਲਿਖੀਆਂ ਅਖਾਉਤਾਂ ਨੂੰ ਆਪਣੇ ਵਾਕਾਂ ਵਿਚ ਵਰਤ ਕੇ ਇਨ੍ਹਾਂ ਦੇ ਅਰਥ ਸਪਸ਼ਟ ਕਰੋ। ਇਹ ਸਵਾਲ ਜਰਾ ਔਖੇਰਾ ਹੈ, ਪਰ ਥੋੜ੍ਹੇ ਜਿਹੇ ਅਭਿਆਸ ਨਾਲ ਵਿਦਿਆਰਥੀ ਇਸ ਨੂੰ ਵੀ ਸਹਿਜੇ ਹੀ ਕਰ ਸਕਦਾ ਹੈ। ਪਹਿਲੀ ਗੱਲ ਇਹ ਯਾਦ ਰੱਖੋ ਕਿ ਅਖਾਣ ਨੂੰ ਹਮੇਸ਼ਾ ਉਸ ਦੇ ਮੂਲ ਰੂਪ ਵਿਚ ਜਿਉਂ-ਤਿਉਂ ਵਰਤਿਆ ਜਾਂਦਾ ਹੈ। ਅਰਥਾਤ ਇਸ ਦਾ ਲਿੰਗ, ਵਚਨ, ਕਾਲ ਕਦੀ ਨਹੀਂ ਬਦਲਦਾ। ਦੂਜਾ ਇਹ ਕਿ ਇਸ ਦੀ ਵਰਤੋਂ ਆਮ ਤੌਰ ਤੇ ਦੋ ਪੁਰਸ਼ਾਂ ਦੇ ਵਿਚਕਾਰ ਹੋ ਰਹੀ ਗੱਲਬਾਤ ਵਿਚ ਹੁੰਦੀ ਹੈ, ਅਰਥਾਤ ਗੱਲਬਾਤ ਵਿਚ ਅਜਿਹਾ ਮੌਕਾ ਆਉਂਦਾ ਹੈ ਕਿ ਉਨ੍ਹਾਂ ਵਿੱਚੋਂ ਇਕ ਆਦਮੀ ਅਜਿਹਾ ਅਖਾਣ ਵਰਤ ਦੇਂਦਾ ਹੈ, ਜੋ ਉਸ ਮੌਕੇ ‘ਤੇ ਠੀਕ ਢੁਕਦਾ ਹੈ। ਸੋ ਤੁਸਾਂ ਸੰਖੇਪ ਜਿਹੀ ਗੱਲਬਾਤ ਵਿਚ ਢੁਕਵਾਂ ਮੌਕਾ ਪੈਦਾ ਕਰਨਾ ਹੈ। ਅਸਾਂ ਤੀਹ ਕੁ ਅਖਾਣ ਵਾਕਾਂ ਵਿਚ ਵਰਤ ਕੇ ਵਿਖਾਏ ਹਨ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੀ ਵਰਤੋਂ ਨੂੰ ਧਿਆਨ ਨਾਲ ਪੜ੍ਹਨ ਤੇ ਹੋਰ ਅਖਾਣਾਂ ਨੂੰ ਵਾਕਾਂ ਵਿਚ ਵਰਤਣ ਦਾ ਅਭਿਆਸ ਕਰਨ।