ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਸੜਕਾਂ ‘ਤੇ ਵਧ ਰਹੀਆਂ ਦੁਰਘਟਨਾਵਾਂ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


ਪ੍ਰੀਖਿਆ ਭਵਨ,

……………………..ਸ਼ਹਿਰ।


ਸੇਵਾ ਵਿਖੇ,

ਸੰਪਾਦਕ ਸਾਹਿਬ,

ਰੋਜ਼ਾਨਾ ਅਜੀਤ,

ਜਲੰਧਰ।

ਵਿਸ਼ਾ : ਸੜਕਾਂ ‘ਤੇ ਵਧ ਰਹੀਆਂ ਦੁਰਘਟਨਾਵਾਂ ਸਬੰਧੀ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਸੜਕ ‘ਤੇ ਵਧ ਰਹੀਆਂ ਦੁਰਘਟਨਾਵਾਂ ਬਾਰੇ ਆਪਣੇ ਵਿਚਾਰ ਲਿਖ ਰਿਹਾ ਹਾਂ। ਆਸ ਹੈ ਕਿ ਆਪ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਕੇ ਧੰਨਵਾਦੀ ਬਣਾਓਗੇ।

ਅੱਜ ਕੋਈ ਵੀ ਅਖ਼ਬਾਰ ਲੈ ਲਓ, ਉਸ ਵਿੱਚ ਰੋਜਾਨਾ ਹੀ ਕਿੰਨੀਆਂ – ਕਿੰਨੀਆਂ ਖ਼ਬਰਾਂ ਸੜਕ ਹਾਦਸਿਆਂ ਦੌਰਾਨ ਹੋਈਆਂ ਮੌਤਾਂ ਬਾਰੇ ਹੁੰਦੀਆਂ ਹਨ। ਬਹੁਤੇ ਲੋਕਾਂ ਨੂੰ ਕਾਹਲ ਨੇ, ਕਈਆਂ ਨੂੰ ਨਸ਼ਿਆਂ ਨੇ ਤੇ ਕਈਆਂ ਨੂੰ ਬੇਧਿਆਨੀ ਨੇ ਮਾਰ ਲਿਆ ਹੈ। ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲ, ਨਸ਼ੇ ਕਾਰਨ ਸੰਤੁਲਨ ਗੁਆ ਬੈਠਣਾ, ਬੱਸਾਂ-ਗੱਡੀਆਂ ਦੀ ਤੇਜ਼ ਰਫਤਾਰ, ਓਵਰਲੋਡ ਬੱਸਾਂ, ਮਾੜੀਆਂ ਸੜਕਾਂ, ਟ੍ਰੈਫਿਕ ਦਾ ਵਧਣਾ, ਆਵਾਜਾਈ ਦੇ ਨਿਯਮਾਂ ਦੀ ਅਗਿਆਨਤਾ ਜਾਂ ਉਲੰਘਣਾ, ਅਣਸਿੱਖਿਅਤ ਵਿਅਕਤੀਆਂ ਕੋਲ ਡਰਾਈਵਿੰਗ ਲਾਇਸੰਸਾਂ ਦਾ ਹੋਣਾ, ਚੌਕਾਂ ‘ਤੇ ਸਪੀਡ ਬਰੇਕਰਾਂ ਉੱਤੇ ਇਸ਼ਾਰਿਆਂ ਤੇ ਚੇਤਾਵਨੀਆਂ ਦਾ ਯੋਗ ਪ੍ਰਬੰਧ ਨਾ ਹੋਣਾ, ਆਦਿ ਕਈ ਕਾਰਨ ਹਨ, ਜਿਸ ਨਾਲ ਜ਼ਿੰਦਗੀ ਦਾ ਸਫ਼ਰ ਮੌਤ ਨਾਲ ਖ਼ਤਮ ਹੋ ਜਾਂਦਾ ਹੈ। ਹਰ ਰੋਜ਼ ਕਈਆਂ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ, ਕਈ ਔਰਤਾਂ ਵਿਧਵਾ ਹੋ ਜਾਂਦੀਆਂ ਹਨ, ਕਈ ਬੱਚੇ ਅਨਾਥ ਹੋ ਜਾਂਦੇ ਹਨ, ਕਈ ਬਜ਼ੁਰਗ ਬੇਸਹਾਰਾ ਹੋ ਜਾਂਦੇ ਹਨ ਪਰ ਫਿਰ ਵੀ ਰੋਜ਼ਾਨਾ ਹੀ ਸੜਕਾਂ ‘ਤੇ ਮੌਤ ਦਾ ਤਾਂਡਵ ਉਸ ਰਫਤਾਰ ਨਾਲ ਜਾਰੀ ਰਹਿੰਦਾ ਹੈ। ਕਦੇ ਬੱਸਾਂ-ਗੱਡੀਆਂ ਦੀ ਟੱਕਰ, ਕਦੇ ਸਕੂਟਰ-ਮੋਟਰ ਸਾਈਕਲ ਸਵਾਰ ਦੀ ਟੱਕਰ ਕਦੇ ਪੈਦਲ ਰਾਹੀਆਂ ਨਾਲ ਟੱਕਰ, ਇੱਥੇ ਤਾਂ ਰੋਜ਼ ਹੀ ਮੌਤ ਕਿਸੇ ਨਾ ਕਿਸੇ ਨਾਲ ਟੱਕਰ ਲਈ ਰੱਖਦੀ ਹੈ।

ਇਸ ਲਈ ਅਜਿਹੇ ਦਰਦਨਾਕ ਹਾਦਸੇ ਰੋਕਣ ਲਈ ਆਵਾਜਾਈ ਦੇ ਨਿਯਮਾਂ ਵਿੱਚ ਪੂਰੀ ਤਰ੍ਹਾਂ ਵਿਦੇਸ਼ਾਂ ਵਾਂਗ ਸਖ਼ਤੀ ਲਾਗੂ ਹੋਣੀ ਚਾਹੀਦੀ ਹੈ। ਅਣਸਿੱਖਿਅਤ ਵਿਅਕਤੀਆਂ ਕੋਲ ਡਰਾਈਵਿੰਗ ਲਾਇਸੰਸ ਨਹੀਂ ਹੋਣੇ ਚਾਹੀਦੇ, ਓਵਰਲੋਡ ਬੱਸਾਂ ਗੱਡੀਆਂ ਜ਼ਬਤ ਕਰ ਲੈਣੀਆਂ ਚਾਹੀਦੀਆਂ ਹਨ, ਸ਼ਰਾਬੀ ਡਰਾਈਵਰਾਂ ਨੂੰ ਜੇਲ੍ਹ ਦੀ ਚੱਕੀ ਪੀਸਣ ਲਾ ਦੇਣਾ ਚਾਹੀਦਾ ਹੈ। ਸੜਕਾਂ ਦੀ ਦੁਰਦਸ਼ਾ ਸੁਧਾਰਦੇ ਰਹਿਣਾ ਚਾਹੀਦਾ ਹੈ। ਮਸ਼ੀਨਰੀ ਦੀ ਚੈਕਿੰਗ ਨਿਸਚਿਤ ਤੇ ਯਕੀਨੀ ਹੋਣੀ ਚਾਹੀਦੀ ਹੈ। ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਹੀ ਯਾਤਰਾ ਮੰਗਲਮਈ ਹੋ ਸਕਦੀ ਹੈ। ਅਜਿਹਾ ਕਰਕੇ ਹੀ ਅਸੀਂ ਅਜਾਈਂ ਜਾ ਰਹੀਆਂ ਮੌਤਾਂ ‘ਤੇ ਕਾਬੂ ਪਾ ਸਕਦੇ ਹਾਂ।

ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਆਪਣੇ ਅਖ਼ਬਾਰ ‘ਚ ਛੇਤੀ ਛਾਪੋਗੇ।

ਧੰਨਵਾਦ ਸਹਿਤ।

ਆਪ ਜੀ ਦੀ ਵਿਸ਼ਵਾਸਪਾਤਰ,

ੳ. ਅ. ੲ।

ਮਿਤੀ : 10 ਅਪ੍ਰੈਲ, 20…………