CBSEEducationLetters (ਪੱਤਰ)ਚਿੱਠੀ ਪੱਤਰ ਅਤੇ ਅਰਜ਼ੀ (Letters and Applications)

ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


‘ਪੰਜਾਬ ਵਿੱਚ ਫੈਲ ਰਿਹਾ ਗੀਤਾਂ ਦਾ ਪ੍ਰਦੂਸ਼ਣ’ ਵਿਸ਼ੇ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਆਪਣੇ ਵਿਚਾਰ ਲਿਖੋ।


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ਅਕਾਲੀ ਪਤ੍ਰਿਕਾ,

ਜਲੰਧਰ।

ਵਿਸ਼ਾ : ਪੰਜਾਬ ਵਿੱਚ ਫੈਲ ਰਹੇ ਗੀਤ ਪ੍ਰਦੂਸ਼ਣ ਬਾਰੇ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਆਪ ਜੀ ਨੂੰ ਪੰਜਾਬ ਵਿੱਚ ਫੈਲ ਰਹੇ ਗੀਤ ਪ੍ਰਦੂਸ਼ਣ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਹੀ ਹਾਂ। ਆਸ ਹੈ ਕਿ ਆਪ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਜ਼ਰੂਰ ਪ੍ਰਕਾਸ਼ਿਤ ਕਰੋਗੇ।

ਕੋਈ ਵੇਲਾ ਸੀ ਜਦ ਪੰਜਾਬ ਦਾ ਨਾਂਅ ਸੀ ਲੋਕ-ਗੀਤਾਂ ਕਰਕੇ ਪਰ ਅੱਜ ਪੰਜਾਬ ਬਦਨਾਮ ਹੈ ਅਸ਼ਲੀਲ, ਨਕਾਰਾਤਮਕ ਤੇ ਘਟੀਆ ਗੀਤਾਂ ਕਰਕੇ। ਗੀਤ ਮਨੁੱਖੀ ਮਨ ਦੇ ਹਾਵ-ਭਾਵ, ਵਲਵਲਿਆਂ ਤੇ ਵਿਚਾਰਾਂ ਦੀ ਤਰਜਮਾਨੀ ਕਰਦੇ ਹਨ। ਗੀਤ ਕਿਸੇ ਇੱਕ ਦੀ ਨਹੀਂ ਬਲਕਿ ਸਮੂਹ ਦੀ ਪ੍ਤੀਨਿਧਤਾ ਕਰਦੇ ਹਨ।

ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੀ ਹੋ ਗਿਆ ਹੈ ਮਨੁੱਖ ਦੀ ਸੋਚ ਨੂੰ ਉਹ ਕਿਉਂ ਏਨੇ ਘਟੀਆ ਗੀਤ ਕਿਉਂ ਗਾਉਂਦਾ ਹੈ? ਕਿਉਂ ਸੁਣਦਾ ਹੈ? ਅੱਜ ਉਹ ਏਨਾ ਭੜਕਾਊ, ਮਾਰ-ਧਾੜ ਤੇ ਡਾਕੂ ਬਿਰਤੀ ਵਾਲੀ ਸੋਚ ਦਾ ਅਲੰਬਰਦਾਰ ਕਿਉਂ ਬਣ ਗਿਆ ਹੈ? ਕੋਈ ਵੀ ਗੀਤ ਸੁਣ ਲਓ ਕਾਲਜਾਂ ਵਿੱਚ ਪ੍ਰੀਤਾਂ, ਲੜਾਈਆਂ-ਝਗੜੇ, ਗੰਡਾਸੇ, ਛਵੀਆਂ, ਸ਼ਰਾਬਾਂ ਦੀ ਸਿਫ਼ਤ ਕਰਕੇ ਉਨ੍ਹਾਂ ਦੇ ਬੁੱਲ੍ਹ ਨਹੀਂ ਸੁੱਕਦੇ। ਅੰਨ੍ਹੇ-ਬੋਲੇ, ਦਿਮਾਗ਼-ਵਿਹੂਣੇ ਸਰੋਤੇ ਦਰਸ਼ਕ ਗੀਤਾਂ ‘ਤੇ ਲਲਕਾਰੇ ਮਾਰਦੇ ਹਨ। ਪ੍ਰਦੂਸ਼ਿਤ ਹੋ ਚੁੱਕੇ ਗੀਤਾਂ ਲਈ ਦੋਵੇਂ ਧਿਰਾਂ (ਗਾਇਕ ਤੇ ਸਰੋਤੇ/ਦਰਸ਼ਕ ਬਰਾਬਰ ਦੀਆਂ ਗੁਨਾਹਗਾਰ ਹਨ| ਗਾਇਕ ਕੋਈ ਘਟੀਆ ਗੀਤ ਗਾ ਦਿੰਦਾ ਹੈ ਤਾਂ ਸਰੋਤੇ ਉਸ ਨੂੰ ਨਾ ਸੁਣਨ ਜਾਂ ਉਸ ਦਾ ਡਟ ਕੇ ਵਿਰੋਧ ਕਰਨ ਕਿ ਉਹ ਤਾਂ ਕੀ, ਕੋਈ ਹੋਰ ਵੀ ਮਾੜੇ ਗੀਤ ਗਾਉਣ ਤੋਂ ਤੌਬਾ ਕਰ ਲਵੇ। ਪਰ ਨਹੀਂ, ਇੰਝ ਨਹੀਂ ਕੀਤਾ ਜਾਂਦਾ। ਕੋਈ ਵੀ ਖ਼ੁਸ਼ੀ ਦਾ ਮੌਕਾ ਹੋਵੇ, ਅਸ਼ਲੀਲ ਤੇ ਘਟੀਆ ਗੀਤ ਕੰਨ-ਪਾੜਵੀਂ ਅਵਾਜ਼ ਵਿੱਚ ਲਾ ਕੇ ਅਸੀਂ ਅਸੱਭਿਆ ਹੋਣ ਦਾ ਸਬੂਤ ਬੜੇ ਮਾਣ ਨਾਲ ਦਿੰਦੇ ਹਾਂ। ਹੋਰ ਤਾਂ ਹੋਰ, ਗੀਤਾਂ ਦਾ ਅਜਿਹਾ ਪ੍ਰਦੂਸ਼ਣ ਅੰਮ੍ਰਿਤ ਵੇਲੇ ਦੇ ਸ਼ਾਂਤ ਤੇ ਰਮਣੀਕ ਵਾਤਾਵਰਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਟਰੈਕਟਰਾਂ, ਬੱਸਾਂ, ਢਾਬਿਆਂ ‘ਤੇ ਅਜਿਹੇ ਅਤਿ ਦਰਜੇ ਦੇ ਨਿੰਦਣਯੋਗ ਗੀਤਾਂ ਰਾਹੀ ਸ਼ੁੱਭ ਸਵੇਰ ਦਾ ਆਗਾਜ਼ ਹੁੰਦਾ ਹੈ।

ਪਿਛਲੇ ਸਮੇਂ ‘ਚ ਪੰਜਾਬੀ ਦੇ ਮਹਾਨ ਗਾਇਕਾਂ ਦੀ ਜਥੇਬੰਦੀ ਤੇ ਇਸਤਰੀ ਸਭਾ ਨੇ ਘਟੀਆ ਗੀਤ ਗਾਉਣ ਵਾਲੇ ਗਾਇਕਾਂ ਦਾ ਵਿਰੋਧ ਕੀਤਾ ਸੀ ਪਰ ਇਸ ਨਾਲ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਦੇ ਗੀਤ ਟੀ ਵੀ. ਚੈਨਲਾਂ ‘ਤੇ ਆਮ ਵਾਂਗ ਹੀ ਚਲਦੇ ਹਨ। ਟੀ. ਵੀ. ਚੈਨਲਾਂ ਵਾਲੇ ਪੈਸੇ ਲੈ ਕੇ ਉਨ੍ਹਾਂ ਦੀ ਮਸ਼ਹੂਰੀ ਕਰੀ ਜਾਂਦੇ ਹਨ।

ਅੱਜ ਦੀ ਗੱਲ ਕਰੋ ਤਾਂ ਇੱਕ ਪਾਸੇ ਸਤਿੰਦਰ ਸਰਤਾਜ, ਹਰਭਜਨ ਮਾਨ, ਗੁਰਦਾਸ ਮਾਨ, ਕੰਵਰ ਗਰੇਵਾਲ ਤੇ ਮਲਕੀਤ ਵਰਗੇ ਅਨੇਕਾਂ ਹੋਰ ਅਜਿਹੇ ਨਾਂ ਹਨ ਜਿਨ੍ਹਾਂ ਦੀ ਗਾਇਕੀ ਸੱਚਮੁੱਚ ਸਲਾਹੁਣ ਯੋਗ ਹੈ ਤੇ ਬਹੁ-ਗਿਣਤੀ ਦੇ ਲੋਕ ਇਨ੍ਹਾਂ ਦੀ ਸਿਫ਼ਤ ਵੀ ਕਰਦੇ ਹਨ।

ਅੱਜ ਲੋੜ ਹੈ ਆਪਣੀ ਸੋਚ ਬਦਲਣ ਦੀ। ਮਾੜੇ ਗਾਇਕਾਂ ਦੀ ਗਾਇਕੀ ਵਿਰੁੱਧ ਲਾਮਬੱਧ ਹੋਣ ਦੀ। ਗੀਤਾਂ ਨੂੰ ਵੀ ਸੈਂਸਰ ਬੋਰਡ ਦੀ ਪ੍ਰਵਾਨਗੀ ਮਿਲਣ ਤੋਂ ਬਿਨਾਂ ਦਰਸ਼ਕਾਂ ਸਾਹਮਣੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ | ਜੇਕਰ ਦ੍ਰਿੜ੍ਹ ਨਿਸਚੇ ਨਾਲ ਇਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ ਤਾਂ ਇੱਕ ਦਿਨ ਇਹ ਆਪਣੇ ਆਪ ਹੀ ਖਾਮੋਸ਼ ਹੋ ਜਾਣਗੇ।

ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।

ਧੰਨਵਾਦ ਸਹਿਤ।

ਆਪ ਜੀ ਦੀ ਵਿਸ਼ਵਾਸ-ਪਾਤਰ,

ਗੁਰਲੀਨ ਕੌਰ।

65, ਹਰਸ਼ ਕਾਲੋਨੀ,

ਅਬੋਹਰ।

ਮਿਤੀ : 11 ਜੂਨ, 2023