CBSELetters (ਪੱਤਰ)NCERT class 10thPunjab School Education Board(PSEB)Punjabi Viakaran/ Punjabi Grammar

ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਪੇਂਡੂ ਹਸਪਤਾਲਾਂ ਦੀ ਸਥਿਤੀ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


ਪ੍ਰੀਖਿਆ ਭਵਨ,

………………ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,

ਪੰਜਾਬੀ ਟ੍ਰਿਬਿਊਨ,

ਚੰਡੀਗੜ੍ਹ।

ਵਿਸ਼ਾ : ਪੇਂਡੂ ਹਸਪਤਾਲਾਂ ਦੀ ਸਥਿਤੀ ਸਬੰਧੀ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਸਰਕਾਰ ਦਾ ਧਿਆਨ ਪੰਜਾਬ ਦੇ ਪੇਂਡੂ ਹਸਪਤਾਲਾਂ ਦੀ ਮਾੜੀ ਹਾਲਤ ਵੱਲ ਦੁਆਉਣ ਦਾ ਜਤਨ ਕਰ ਰਿਹਾ ਹਾਂ। ਕਿਰਪਾ ਕਰਕੇ ਆਪ ਇਸ ਪੱਤਰ ਨੂੰ ਆਪਣੇ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਨ ਦੀ ਖੇਚਲ ਕਰਨਾ। ਹੋ ਸਕਦਾ ਹੈ ਕਿ ਇਸ ਨਾਲ ਪੇਂਡੂ ਹਸਪਤਾਲਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋਣ ਦੀ ਸੰਭਾਵਨਾ ਵਧ ਜਾਵੇ।

ਸਰਕਾਰ ਨੇ ਪੰਜਾਬ ਦੇ ਪਿੰਡਾਂ ਦੇ ਹਰ ਬਲਾਕ ਦੇ ਕੇਂਦਰ ਵਿੱਚ ਇੱਕ ਹਸਪਤਾਲ ਤੇ ਕਈ ਬਲਾਕਾਂ ਵਿੱਚ ਡਿਸਪੈਂਸਰੀਆਂ ਵੀ ਖੋਲ੍ਹੀਆਂ ਹੋਈਆਂ ਹਨ, ਜਿਨ੍ਹਾਂ ਦਾ ਪ੍ਰਬੰਧ ਸਰਕਾਰੀ ਡਾਕਟਰ, ਨਰਸਾਂ ਤੇ ਫ਼ਾਰਮਾਸਿਸਟ ਕਰਦੇ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਹਸਪਤਾਲਾਂ ਨੂੰ ਖੋਲ੍ਹ ਕੇ ਆਮ ਜਨਤਾ ਦੀ ਸਿਹਤ ਦਾ ਧਿਆਨ ਰੱਖਿਆ ਹੈ ਪਰ ਕਈ ਪਿੰਡਾਂ ਵਿੱਚ ਹਸਪਤਾਲ ਦੀ ਇਮਾਰਤ ਤਾਂ ਹੈ ਪਰ ਉਹ ਏਨੀ ਖ਼ਸਤਾ ਹਾਲਤ ਵਿੱਚ ਹੁੰਦੀ ਹੈ ਕਿ ਉਹ ਖ਼ੁਦ ਬਿਮਾਰ ਜਾਪਦੀ ਹੈ ਤੇ ਕਈ ਪਿੰਡਾਂ ਦੇ ਹਸਪਤਾਲਾਂ ਵਿੱਚ ਓ. ਪੀ. ਡੀ. ਤੋਂ ਇਲਾਵਾ ਇਨ-ਡੋਰ ਇਲਾਜ ਲਈ ਕੁਝ ਨਾ ਕੁਝ ਬਿਸਤਰਿਆਂ ਦਾ ਵੀ ਪ੍ਰਬੰਧ ਹੈ ਪਰ ਇਹ ਹਸਪਤਾਲ ਲਗਪਗ ਖ਼ਾਲੀ ਹੀ ਨਜ਼ਰ ਆਉਂਦੇ ਹਨ। ਕਿਉਂਕਿ ਇਨ੍ਹਾਂ ਵਿੱਚ ਡਾਕਟਰੀ ਸਹੂਲਤਾਂ ਮੁਹੱਈਆ ਹੀ ਨਹੀਂ ਹੁੰਦੀਆਂ। ਡਾਕਟਰੀ ਸਹੂਲਤਾਂ ਸਰਕਾਰੀ ਕਾਗ਼ਜ਼ਾਂ ਵਿੱਚ ਹੀ ਦਰਜ ਹੁੰਦੀਆਂ ਹਨ।

ਇਨ੍ਹਾਂ ਪੇਂਡੂ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਤਾਂ ਕੋਈ ਡਾਕਟਰ ਡਿਊਟੀ ‘ਤੇ ਹਾਜ਼ਰ ਹੋਣ ਲਈ ਤਿਆਰ ਹੀ ਨਹੀਂ ਹੁੰਦਾ ਤੇ ਜੇ ਕਿਤੇ ਕਿਸੇ ਡਾਕਟਰ ਜਾਂ ਨਰਸ ਨੂੰ ਪ੍ਰੈਕਟਿਸ ਲਈ ਇੱਥੇ ਨਿਯੁਕਤ ਕਰ ਦਿੱਤਾ ਜਾਂਦਾ ਹੈ ਤਾਂ ਉਹ ਵੀ ਆਪਣੀ ਡਿਊਟੀ ਪ੍ਰਤੀ ਜ਼ਿੰਮੇਵਾਰ ਨਹੀਂ ਹੁੰਦੇ। ਇਨ੍ਹਾਂ ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਜਾਂ ਦਵਾਈਆਂ ਦਾ ਨਾ ਹੋਣਾ ਆਮ ਜਿਹੀ ਗੱਲ ਹੈ, ਮਸ਼ੀਨਾਂ ਦਾ ਕੋਈ ਪ੍ਰਬੰਧ ਨਹੀਂ, ਲੈਬਾਰਟਰੀਜ਼ ਇੱਥੇ ਹੁੰਦੀਆਂ ਹੀ ਨਹੀਂ। ਪਾਣੀ ਤੇ ਸਫ਼ਾਈ ਦਾ ਯੋਗ ਪ੍ਰਬੰਧ ਵੀ ਨਹੀਂ ਹੁੰਦਾ।

ਤਜਰਬੇਕਾਰ ਡਾਕਟਰਾਂ ਦੀ ਘਾਟ ਆਦਿ ਕਾਰਨ ਪੇਂਡੂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਨਾ-ਮਾਤਰ ਹੀ ਹੁੰਦੀ ਹੈ। ਕਿਉਂਕਿ ਕਿਸੇ ਨੂੰ ਇੱਥੋਂ ਕੋਈ ਸਹਾਇਤਾ ਨਹੀਂ ਮਿਲਦੀ, ਟੈਸਟ ਆਦਿ ਕਰਾਉਣ ਲਈ ਪ੍ਰਾਈਵੇਟ ਲੈਬ ਵਿੱਚ ਜਾਣਾ ਪੈਂਦਾ ਹੈ ਤੇ ਦਵਾਈਆਂ ਵੀ ਪ੍ਰਾਈਵੇਟ ਤੌਰ ‘ਤੇ ਸ਼ਹਿਰੋਂ ਜਾ ਕੇ ਕੈਮਿਸਟਾਂ ਤੋਂ ਖ਼ਰੀਦਣੀਆਂ ਪੈਂਦੀਆਂ ਹਨ। ਬਿਮਾਰ ਲੋਕ ਅਜਿਹੀ ਖ਼ੱਜਲ-ਖ਼ੁਆਰੀ ਤੋਂ ਬਚਣ ਲਈ ਸਿੱਧੇ ਹੀ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਜਾਣ ਨੂੰ ਤਰਜੀਹ ਦਿੰਦੇ ਹਨ ਜਾਂ ਕਈ ਲੋਕ ਤਾਂ ਪ੍ਰਾਈਵੇਟ ਡਾਕਟਰਾਂ ਤੋਂ ਇਲਾਜ ਕਰਵਾ ਲੈਂਦੇ ਹਨ। ਪੇਂਡੂ ਹਸਪਤਾਲਾਂ ਦੇ ਸਰਕਾਰੀ ਡਾਕਟਰ ਆਪ ਵੀ ਚਾਹੁੰਦੇ ਹਨ ਕਿ ਇੱਥੇ ਕੋਈ ਮਰੀਜ਼ ਦਾਖ਼ਲ ਨਾ ਹੋਵੇ, ਇਸ ਲਈ ਉਹ ਮਰੀਜ਼ਾਂ ਨੂੰ ਪ੍ਰਾਈਵੇਟ ਡਾਕਟਰਾਂ ਕੋਲ ਭੇਜਦੇ ਹਨ। ਬੇਲੋੜੇ ਟੈਸਟ ਕਰਨ ਲਈ ਆਪ ਕਿਸੇ ਵਿਸ਼ੇਸ਼ ਲੈਬਾਰਟਰੀ ਦੀ ਸਿਫਾਰਸ਼ ਕਰਦੇ ਹਨ ਤਾਂ ਜੋ ਉਨ੍ਹਾਂ ਪ੍ਰਾਈਵੇਟ ਅਦਾਰਿਆਂ ਤੋਂ ਡਾਕਟਰਾਂ ਨੂੰ ਕਮਿਸ਼ਨ ਮਿਲ ਸਕੇ।

ਕਿਸੇ-ਕਿਸੇ ਪਿੰਡ ਵਿੱਚ ਪਰਿਵਾਰ ਭਲਾਈ ਮਹਿਕਮਾ ਕਾਫ਼ੀ ਵਧੀਆ ਕੰਮ ਕਰ ਰਿਹਾ ਹੁੰਦਾ ਹੈ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਵਿਅਕਤੀ ਇੱਥੋਂ ਹੀ ਇਲਾਜ ਕਰਵਾਉਂਦੇ ਹਨ। ਔਰਤਾਂ ਦੇ ਜਣੇਪੇ ਸਮੇਂ ਕੁਝ ਨਰਸਾਂ ਪ੍ਰਾਈਵੇਟ ਤੌਰ ‘ਤੇ ਵੀ ਇਲਾਜ ਕਰਦੀਆਂ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਡਾਕਟਰਾਂ ਜਾਂ ਨਰਸਾਂ ਦਾ ਧਿਆਨ ਪ੍ਰਾਈਵੇਟ ਤੌਰ ‘ਤੇ ਆਪਣੀ ਕਮਾਈ ਵਧਾਉਣਾ ਹੁੰਦਾ ਹੈ, ਇਸ ਲਈ ਇਹ ਕਈ ਵਾਰ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਵੀ ਕਰਦੇ ਹਨ।

ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਹਸਪਤਾਲਾਂ ਨੂੰ ਲੋਕਾਂ ਵਿੱਚ ਹਰਮਨ-ਪਿਆਰਾ ਬਣਾਉਣ ਲਈ ਜਾਂਚ-ਪੜਤਾਲ ਕਰੇ, ਪ੍ਰਬੰਧਕੀ ਢਾਂਚੇ ਦਾ ਸੁਧਾਰ ਕਰੇ। ਇਹ ਜਾਣਨ ਦੀ ਕੋਸ਼ਿਸ਼ ਕਰੇ ਕਿ ਜੇ ਸਰਕਾਰ ਵਲੋਂ ਸਾਰੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ ਤਾਂ ਫਿਰ ਮਰੀਜ਼ ਇਨ੍ਹਾਂ ਤੋਂ ਵਾਂਝੇ ਕਿਉਂ ਰਹਿ ਜਾਂਦੇ ਹਨ? ਲਾਪਰਵਾਹ ਡਾਕਟਰਾਂ ਵਿਰੁੱਧ ਵੀ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ।

ਮੈਨੂੰ ਆਸ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।

ਮਿਤੀ : 10 ਅਪ੍ਰੈਲ, 20…………