CBSEEducationLetters (ਪੱਤਰ)NCERT class 10thPunjab School Education Board(PSEB)Punjabi Viakaran/ Punjabi Grammar

ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਪਾਣੀ ਦੀ ਸਮੱਸਿਆ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


ਪ੍ਰੀਖਿਆ ਭਵਨ,

……………………….. ਸ਼ਹਿਰ।


ਸੇਵਾ ਵਿਖੇ,

ਸੰਪਾਦਕ ਸਾਹਿਬ,

ਰੋਜ਼ਾਨਾ ਅਜੀਤ,

ਜਲੰਧਰ।

ਵਿਸ਼ਾ : ਪਾਣੀ ਦੀ ਸਮੱਸਿਆ ਬਾਰੇ।

ਸ਼੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਨੂੰ ਦਿਨੋ-ਦਿਨ ਵਧਦੀ ਜਾ ਰਹੀ ਪਾਣੀ ਦੀ ਸਮੱਸਿਆ ਬਾਰੇ ਪੱਤਰ ਲਿਖ ਕੇ ਭੇਜ ਰਿਹਾ ਹਾਂ। ਆਸ ਹੈ ਕਿ ਆਪ ਇਸ ਨੂੰ ਆਪਣੀ ਅਖ਼ਬਾਰ ਵਿੱਚ ਛਾਪ ਕੇ ਧੰਨਵਾਦੀ ਬਣਾਓਗੇ।

ਪਾਣੀ ਜੀਵਨ ਦਾ ਅਧਾਰ ਹੈ। ਮਨੁੱਖ, ਪਸ਼ੂ-ਪੰਛੀ, ਜੀਵ-ਜੰਤੂ ਤੇ ਸਮੁੱਚੀ ਬਨਸਪਤੀ ਪਾਣੀ ਦੇ ਆਸਰੇ ਹੀ ਵਿਗਸਦੀ ਤੇ ਮੌਲਦੀ ਹੈ। ਗੁਰਬਾਣੀ ਵਿੱਚ ਪਾਣੀ ਨੂੰ ‘ਪਿਤਾ’ ਦਾ ਦਰਜਾ ਹਾਸਲ ਹੈ। ਕੋਈ ਵੇਲਾ ਸੀ ਜਦੋਂ ਪਾਣੀ ਨੂੰ ਦੇਵਤਾ ਵਾਂਗ ਪੂਜਿਆ ਜਾਂਦਾ ਸੀ ਜਦ ਕਿ ਅੱਜ ਪਾਣੀ ਦੀ ਬਹੁਤ ਬੇਕਦਰੀ ਹੋ ਰਹੀ ਹੈ। ਪੰਜਾਬ, ਪੰਜ ਦਰਿਆਵਾਂ ਦੀ ਧਰਤੀ, ਅੱਜ ਮਾਰੂਥਲ ਬਣਨ ਦੇ ਸੰਕੇਤ ਦੇ ਰਹੀ ਹੈ। ਇੱਥੇ ਪਾਣੀ ਦੀ ਕਿੱਲਤ ਅਤੇ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਨਿਰੰਤਰ ਵਧਦੀ ਜਾ ਰਹੀ ਹੈ।

ਧਰਤੀ ਹੇਠਲਾ ਪਾਣੀ ਦਿਨੋ-ਦਿਨ ਨੀਵਾਂ ਹੋ ਰਿਹਾ ਹੈ। ਪੰਜਾਬ ਦੀ ਧਰਤੀ ਝੋਨਾ ਬੀਜਣ ਦੇ ਅਨੁਕੂਲ ਨਹੀਂ ਰਹਿ ਗਈ ਪਰ ਫਿਰ ਵੀ ਇੱਥੇ ਵੱਡੀ ਪੱਧਰ ‘ਤੇ ਝੋਨਾ ਬੀਜਿਆ ਜਾ ਰਿਹਾ ਹੈ। ਪਾਪੂਲਰ (ਬੂਟੇ) ਪਾਣੀ ਦੇ ਸਭ ਤੋਂ ਵੱਡੇ ਦੁਸ਼ਮਣ ਹਨ, ਇਨ੍ਹਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਈ ਜਾ ਰਿਹਾ ਹੈ। ਪਾਣੀ ਦੀ ਬੇਲੋੜੀ ਵਰਤੋਂ ਨਿਰੰਤਰ ਜਾਰੀ ਹੈ। ਰੁੱਖਾਂ ਦਾ ਸਫਾਇਆ ਅਤੇ ਸੜਕਾਂ ਤੇ ਇਮਾਰਤਾਂ ਨੇ ਪਾਣੀ ਗ਼ਾਇਬ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ।

ਜਿਹੜਾ ਪਾਣੀ ਉਪਲਬਧ ਹੈ, ਉਹ ਵੀ ਪ੍ਰਦੂਸ਼ਿਤ ਹੋ ਚੁੱਕਾ ਹੈ ਕਿਉਂਕਿ ਧਰਤੀ ਹੇਠਲਾ ਪਾਣੀ ਬੁਰੀ ਤਰ੍ਹਾਂ ਪਲੀਤ (ਜ਼ਹਿਰੀਲਾ) ਹੋ ਚੁੱਕਾ ਹੈ। ਸੀਵਰੇਜ ਦਾ ਗੰਦਾ ਪਾਣੀ, ਫੈਕਟਰੀਆਂ ਦੇ ਜ਼ਹਿਰੀਲੇ ਪਦਾਰਥ, ਖੇਤਾਂ ਵਿੱਚ ਪਾਈਆਂ ਜਾਂਦੀਆਂ ਜ਼ਹਿਰੀਲੀਆਂ ਖਾਦਾਂ ਤੇ ਰਸਾਇਣਕ ਦਵਾਈਆਂ, ਕੈਮੀਕਲ ਯੁਕਤ ਮੂਰਤੀਆਂ ਦਾ ਵਿਸਰਜਨ ਆਦਿ ਨੇ ਪਾਣੀ ਦੀ ਸ਼ੁੱਧਤਾ ਨੂੰ ਖ਼ਤਮ ਕਰ ਦਿੱਤਾ ਹੈ। ਜਿੱਥੇ ਪਾਣੀ ਤੋਂ ਜੀਵਨ ਮਿਲਦਾ ਸੀ, ਉੱਥੇ ਅੱਜ ਪਾਣੀ ਤੋਂ ਜੀਵਨ ਬਰਬਾਦ ਹੋ ਰਿਹਾ ਹੈ। ਬਠਿੰਡਾ ਦੇ ਇਲਾਕੇ ਵਿੱਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਫੈਲਣ ਦਾ ਕਾਰਨ ਵੀ ਪਾਣੀ ਦਾ ਪ੍ਰਦੂਸ਼ਿਤ ਹੋਣਾ ਹੀ ਮੰਨਿਆ ਜਾ ਰਿਹਾ ਹੈ। ਪਾਣੀ ਦੀਆਂ ਇਨ੍ਹਾਂ ਸਮੱਸਿਆਵਾਂ ਬਾਰੇ ਸਰਕਾਰ ਨੂੰ ਤੇ ਲੋਕਾਂ ਨੂੰ ਵੀ ਯਤਨ ਕਰਨੇ ਚਾਹੀਦੇ ਹਨ। ਪਾਣੀ ਦੀ ਇਸੇ ਸਮੱਸਿਆ ਕਾਰਨ ਹੀ ਕਿਹਾ ਜਾ ਰਿਹਾ ਹੈ ਕਿ ਤੀਸਰਾ ਵਿਸ਼ਵ ਯੁੱਧ ਪਾਣੀ ਕਾਰਨ ਹੀ ਲੜਿਆ ਜਾਵੇਗਾ।

ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਅਖ਼ਬਾਰ ‘ਚ ਛੇਤੀ ਛਾਪੋਗੇ।

ਧੰਨਵਾਦ ਸਹਿਤ,

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ।

ਮਿਤੀ : 12 ਮਾਰਚ, 20……..