ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਸਰਕਾਰੀ ਦਫ਼ਤਰਾਂ ਵਿੱਚ ਹੁੰਦੀ ਖੱਜਲ – ਖ਼ੁਆਰੀ ਸੰਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਵਿਸ਼ਾ : ਸਰਕਾਰੀ ਦਫ਼ਤਰਾਂ ਵਿੱਚ ਆਮ ਜਨਤਾ ਦੀ ਹੁੰਦੀ ਦੁਰਦਸ਼ਾ ਸਬੰਧੀ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਛੋਟੇ ਤੋਂ ਛੋਟੇ ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ ਸਿਖ਼ਰਾਂ ‘ਤੇ ਪੁੱਜ ਗਿਆ ਹੈ। ਮੈਂ ਇਸ ਸਬੰਧੀ ਆਪਣੇ ਵਿਚਾਰ ਚਿੱਠੀ ਵਿੱਚ ਲਿਖ ਕੇ ਭੇਜ ਰਿਹਾ ਹਾਂ। ਆਪ ਜੀ ਨੇ ਇਹ ਚਿੱਠੀ ਅਖ਼ਬਾਰ ‘ਚ ਛਾਪਣ ਦੀ ਕਿਰਪਾਲਤਾ ਕਰਨੀ।
ਹਰ ਵਿਅਕਤੀ ਨੂੰ ਸਰਕਾਰੀ ਦਫ਼ਤਰਾਂ ਵਿੱਚੋਂ ਕੋਈ ਨਾ ਕੋਈ ਕੰਮ ਕਰਵਾਉਣਾ ਪੈਂਦਾ ਹੈ ਪਰ ਉੱਥੋਂ ਦੇ ਮੁਲਾਜ਼ਮਾਂ ਦਾ ਰਵੱਈਆ ਅਤਿ ਨਿੰਦਣਯੋਗ ਹੁੰਦਾ ਹੈ। ਸਰਕਾਰੀ ਮੁਲਾਜ਼ਮ ਜਨਤਾ ਦੇ ਕੰਮ ਨੂੰ ਆਪਣੀ ਡਿਊਟੀ ਹੀ ਨਹੀਂ ਸਮਝਦੇ, ਜਨਤਾ ਨੂੰ ਖ਼ੱਜਲ-ਖੁਆਰ ਕਰਨਾ ਉਨ੍ਹਾਂ ਵਾਸਤੇ ਮਾਮੂਲੀ ਜਿਹੀ ਗੱਲ ਹੈ। ਉਨ੍ਹਾਂ ਦਾ ਅੜੀਅਲ ਤੇ ਸੜੀਅਲ ਵਤੀਰਾ ਮਨੁੱਖ ਨੂੰ ਰੋਣਹਾਕਾ ਕਰ ਦਿੰਦਾ ਹੈ।
ਅੱਜ ਕੱਲ੍ਹ ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕਿਸੇ ਵੀ ਕੰਮ ਲਈ ਚਲੇ ਜਾਓ, ਪਹਿਲਾਂ ਤਾਂ ਤੁਹਾਨੂੰ ਸਬੰਧਤ ਕਲਰਕ ਹੀ ਆਪਣੀ ਸੀਟ ‘ਤੇ ਨਹੀਂ ਮਿਲੇਗਾ। ਮੁਲਾਜ਼ਮ ਸਮੇਂ ਸਿਰ ਦਫ਼ਤਰ ਤਾਂ ਸ਼ਾਇਦ ਪਹੁੰਚ ਜਾਣ ਪਰ ਆਪਣੀ ਸੀਟ ‘ਤੇ ਨਹੀਂ ਬੈਠਦੇ ਤੇ ਜੇ ਕਿਤੇ ਕੋਈ ਸੀਟ ‘ਤੇ ਮਿਲਦਾ ਹੈ ਤਾਂ ਉਹ ਬੜੀ ਬੇਰੁਖ਼ੀ ਨਾਲ ਪੇਸ਼ ਆਉਂਦਾ ਹੈ, ਕਈ ਤਰ੍ਹਾਂ ਦੇ ਨੁਕਸ ਕੱਢਦਾ ਹੋਇਆ ਕੰਮ ਅਗਲੇ ਦਿਨ ‘ਤੇ ਪਾ ਦਿੰਦਾ ਹੈ। ਬੇਲੋੜੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਦਿਆਂ ਦਫ਼ਤਰ ਦਾ ਬਾਬੂ ਗ਼ਾਇਬ ਹੋ ਜਾਂਦਾ ਹੈ। ਆਮ ਜਨਤਾ ਦੀਆਂ ਫ਼ਾਈਲਾਂ/ਫ਼ਾਰਮ ਜਾਂ ਤਾਂ ਫੜੀਆਂ ਹੀ ਨਹੀਂ ਜਾਂਦੀਆਂ, ਜੇ ਉਹ ਆਪਣੇ ਕੋਲ ਰੱਖ ਵੀ ਲੈਣ ਤਾਂ ਉਹ ਅੱਗੇ ਨਹੀਂ ਤੁਰਦੀਆਂ। ਕਦੀ ਉਸ ਬਾਬੂ ਦੇ ਦਸਤਖ਼ਤ, ਕਦੇ ਕਿਸੇ ਤੋਂ ਮੋਹਰ, ਕਦੇ ਕਿਸੇ ਤੋਂ ਨੰਬਰ ਲਵਾਉਣ ਦੇ ਆਦੇਸ਼ ਮੰਨਦੇ ਹੋਏ ਆਮ ਲੋਕ ਹਾਲੋਂ-ਬੇਹਾਲ ਹੋ ਜਾਂਦੇ ਹਨ। ਚਾਰ-ਪੰਜ ਦਿਨ ਚੱਕਰ ਲਾ-ਲਾ ਕੇ ਜੇ ਫ਼ਾਈਲ ਅੱਗੇ ਤੁਰਦੀ ਹੈ ਤਾਂ ਸਬੰਧਤ ਅਫ਼ਸਰ ਦਸਤਖ਼ਤ ਹੀ ਨਹੀਂ ਕਰਦਾ।
ਇਸ ਦਾ ਮਤਲਬ ਇਹ ਨਹੀਂ ਕਿ ਉੱਥੇ ਕੰਮ ਨਹੀਂ ਹੁੰਦਾ। ਕੰਮ ਹੁੰਦਾ ਹੈ ਪਰ ਕੰਮ ਕਰਨ ਤੇ ਕਰਵਾਉਣ ਦਾ ਤਰੀਕਾ ਹੋਰ ਹੈ। ਉਹ ਤਰੀਕਾ ਸਿੱਧਾ ਹੈ—ਭਾਵ ਦਫ਼ਤਰ ਕਲਰਕ ਦੀ ਮੁੱਠੀ ਜ਼ਰਾ ਗਰਮ ਕਰ ਦਿਓ, ਤਾਂ ਕੰਮ ਝਟਪਟ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਹੋ ਜਾਂਦਾ ਹੈ। ਇਸ ਰਿਸ਼ਵਤ ‘ਤੇ ਵਿਅੰਗ ਕਰਦੀ ਜਗਦੀਸ਼ ਕੌਸ਼ਲ ਦੀ ਕਹਾਣੀ ‘ਖੰਭ’ ਮਹੱਤਵਪੂਰਨ ਸਥਾਨ ਰੱਖਦੀ ਹੈ। ਉਹ ਵਿਅੰਗ ਨਾਲ ਕਹਿੰਦਾ ਹੈ ਕਿ ਦਫ਼ਤਰਾਂ ਵਿੱਚ ਫ਼ਾਈਲਾਂ ਨੂੰ ਪੈਸਿਆਂ ਦੇ ਖੰਭ ਲਾਓ, ਫ਼ਾਈਲਾਂ ਆਪਣੇ-ਆਪ ਉੱਡਣਗੀਆਂ। ਇੱਥੋਂ ਤੱਕ ਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਪੈਸੇ ਅਤੇ ਸਿਫ਼ਾਰਸ਼ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ।
ਸਰਕਾਰੀ ਦਫ਼ਤਰਾਂ ਵਿੱਚ ਪੈਸੇ ਲੈ ਕੇ ਬਹੁਤ ਸਾਰੇ ਗ਼ੈਰ-ਜ਼ਰੂਰੀ ਕੰਮ ਵੀ ਕੀਤੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਸਰਕਾਰੀ ਦਫ਼ਤਰਾਂ ਦੇ ਕੰਮ ਵਿੱਚ ਆਈ ਇਸ ਗਿਰਾਵਟ ਦਾ ਕਾਰਨ ਦੇਸ਼ ਦੇ ਸਮੁੱਚੇ ਢਾਂਚੇ ਦਾ ਰਿਸ਼ਵਤਖ਼ੋਰੀ ਵਿੱਚ ਗ੍ਰਸਿਆ ਹੋਣਾ ਹੈ। ਰਿਸ਼ਵਤ, ਕਮਿਸ਼ਨ, ਸਿਫ਼ਾਰਸ਼, ਮੰਤਰੀਆਂ ਨਾਲ ਸਬੰਧ ਆਦਿ ਨਾਲ ਵਿਸ਼ੇਸ਼ ਵਿਅਕਤੀ ਆਪਣਾ ਮਸਲਾ ਹੱਲ ਕਰ ਲੈਂਦੇ ਹਨ ਜਦ ਕਿ ਆਮ ਲੋਕਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ।
ਦਫ਼ਤਰਾਂ ਵਿੱਚ ਅਜਿਹੇ ਕੰਮ-ਕਾਰ ਵਿੱਚ ਸੁਧਾਰ ਕਰਨ ਦੀ ਲੋੜ ਬਹੁਤ ਜ਼ਿਆਦਾ ਹੈ। ਸਰਕਾਰ ਇਸ ਬੁਰਾਈ ਵਿੱਚ ਸੁਧਾਰ ਲਿਆ ਸਕਦੀ ਹੈ। ਆਮ ਜਨਤਾ ਵੀ ਸੁਚੇਤ ਹੋਵੇ ਕਿ ਕੋਈ ਵੀ ਕੰਮ ਕਰਾਉਣ ਲਈ ਰਿਸ਼ਵਤ ਦਾ ਸਹਾਰਾ ਨਾ ਲਿਆ ਜਾਵੇ। ਲੋਕਾਂ ਵਲੋਂ ਰਿਸ਼ਵਤਖ਼ੋਰਾਂ ਮੁਲਾਜ਼ਮਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਇਮਾਨਦਾਰਾਂ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ। ਨਾਲ ਹੀ ਮੁਲਾਜ਼ਮ ਆਪ ਵੀ ਇਮਾਨਦਾਰੀ ਵਾਲੀ ਨੀਤੀ ਅਪਣਾਉਣ ਤੇ ਕੁਰਸੀ ਦਾ ਰੋਅਬ ਨਾ ਵਿਖਾਉਣ ਬਲਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣਨ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ‘ਚ ਛੇਤੀ ਛਾਪੋਗੇ|
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………