ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
‘ਮਠਿਆਈ ਜਾਂ ਜ਼ਹਿਰ’ ਵਿਸ਼ੇ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਵਿਸ਼ਾ : ਮਠਿਆਈ ਜਾਂ ਜ਼ਹਿਰ ਸੰਬੰਧੀ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਮਿਠਾਈ ਜਾਂ ਜ਼ਹਿਰ ਵਿਸ਼ੇ ‘ਤੇ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਇਸ ਨੂੰ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਨ ਦੀ ਕਿਰਪਾਲਤਾ ਕਰਨੀ।
ਜਿਉਂ ਹੀ ਤਿਉਹਾਰਾਂ ਦੀ ਰੁੱਤ ਆਉਂਦੀ ਹੈ, ਖ਼ਾਸ ਕਰਕੇ ਦੀਵਾਲੀ, ਤਿਉਂ ਹੀ ਸਿਹਤ ਵਿਭਾਗ ਵਲੋਂ ਹਲਵਾਈਆਂ/ ਹੋਟਲਾਂ ਦੀਆਂ ਦੁਕਾਨਾਂ ’ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਦੁਕਾਨਦਾਰਾਂ/ਵਪਾਰੀਆਂ ਨੇ ਸੀਜ਼ਨ ਲਈ ਪਹਿਲਾਂ ਤੋਂ ਹੀ ਮਠਿਆਈਆਂ ਦੇ ਭੰਡਾਰੇ ਭਰ ਕੇ ਰੱਖਣੇ ਅਰੰਭ ਕਰ ਦਿੱਤੇ ਹੁੰਦੇ ਹਨ। ਐਨ ਕੁਝ ਦਿਨ ਪਹਿਲਾਂ ਹੀ ਮਿਥੀ ਵਿਉਂਤ ਅਨੁਸਾਰ ਛਾਪੇਮਾਰੀ ਕਰਕੇ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਤੇ ਜ਼ਹਿਰੀਲੀਆਂ ਮਠਿਆਈਆਂ ਦੇ ਭੰਡਾਰ ਫੜੇ ਜਾਂਦੇ ਹਨ। ਉਨ੍ਹਾਂ ਵਿੱਚ ਪਾਏ ਜਾਣ ਵਾਲੇ ਜ਼ਹਿਰੀਲੇ ਰਸਾਇਣ, ਰੰਗ ਤੇ ਹੋਰ ਖ਼ਤਰਨਾਕ ਪਦਾਰਥਾਂ ਦਾ ਪਰਦਾ ਵੀ ਫਾਸ਼ ਕੀਤਾ ਜਾਂਦਾ ਹੈ। ਸੈਂਪਲ ਭਰ ਲਏ ਜਾਂਦੇ ਹਨ ਪਰ ਰਿਪੋਰਟ ਆਉਣ ਤੋਂ ਪਹਿਲਾਂ ਤਿਉਹਾਰ ਲੰਘ ਜਾਂਦੇ ਹਨ। ਲੋਕ ਦੁਚਿੱਤੀ ਵਿੱਚ ਪਏ ਮਠਿਆਈ ਖ਼ਰੀਦਦੇ ਅਤੇ ਖਾਂਦੇ ਵੀ ਹਨ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਤਿਉਹਾਰਾਂ ਨੇੜੇ ਹੀ ਨਕਲੀ ਤੇ ਜ਼ਹਿਰੀਲੀਆਂ ਮਠਿਆਈਆਂ ਬਾਰੇ ਖੱਪ ਕਿਉਂ ਪਾਈ ਜਾਂਦੀ ਹੈ, ਕੀ ਇਸ ਤੋਂ ਬਾਅਦ ਜਾਂ ਪਹਿਲਾਂ ਬਣਨ ਵਾਲੀਆਂ ਮਠਿਆਈਆਂ ਸ਼ੁੱਧ ਹੁੰਦੀਆਂ ਹਨ? ਜੀ ਨਹੀਂ, ਮਠਿਆਈ ਕੋਈ ਵੀ ਸ਼ੁੱਧ ਨਹੀਂ ਵਿਕ ਰਹੀ। ਹਰ ਕਿਸੇ ਵਿੱਚ ਕੋਈ ਨਾ ਕੋਈ ਜ਼ਹਿਰੀਲਾ ਰਸਾਇਣ ਮਿਲਿਆ ਹੁੰਦਾ ਹੈ। ਹੋਰ ਤਾਂ ਹੋਰ ਦੁੱਧ ਵੀ ਨਕਲੀ ਬਣ ਰਿਹਾ ਹੈ ਤੇ ਸ਼ਰੇਆਮ ਵਿਕ ਰਿਹਾ ਹੈ। ਦੁੱਧ ਤੋਂ ਹੀ ਅਨੇਕਾਂ ਪ੍ਰਕਾਰ ਦੀਆਂ ਮਠਿਆਈਆਂ ਬਣਦੀਆਂ ਹਨ।
ਪੈਸੇ ਦੇ ਲਾਲਚੀ ਦੁਕਾਨਦਾਰਾਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਿਆਂ ਰਤਾ ਵੀ ਘਬਰਾਹਟ ਨਹੀਂ ਹੁੰਦੀ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਭ੍ਰਿਸ਼ਟ ਅਨਸਰਾਂ ਵਿਰੁੱਧ ਡਟ ਕੇ ਸਖ਼ਤੀ ਨਾਲ ਕਾਰਵਾਈ ਕਰੇ, ਭਾਵੇਂ ਛਾਪੇਮਾਰੀ ਦੌਰਾਨ ਨਕਲੀ ਮਾਲ ਤਬਾਹ ਕਰ ਦਿੱਤਾ ਜਾਂਦਾ ਹੈ ਤੇ ਵਪਾਰੀਆਂ ਨੂੰ ਥੋੜ੍ਹਾ-ਬਹੁਤ ਜੁਰਮਾਨਾ ਵੀ ਪਾ ਦਿੱਤਾ ਜਾਂਦਾ ਹੈ ਪਰ ਇੰਝ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਉਹ ਦੁਬਾਰਾ ਸ਼ੁੱਧ ਮਾਲ ਤਿਆਰ ਕਰਦੇ ਹੋਣਗੇ। ਇਸ ਲਈ ਸਿਹਤ ਦੇ ਦੁਸ਼ਮਣਾਂ ਨੂੰ ‘ਗੱਦਾਰ’ ਐਲਾਨਿਆ ਜਾਵੇ। ਉਹ ਸਮਾਜ ਤੇ ਦੇਸ਼ ਦੇ ਦੁਸ਼ਮਣ ਸਖ਼ਤ ਤੋਂ ਸਖ਼ਤ ਸਜ਼ਾ ਦੇ ਹੱਕਦਾਰ ਹੋਣੇ ਚਾਹੀਦੇ ਹਨ।
ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ‘ਚ ਜ਼ਰੂਰ ਹੀ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………