ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਨਸ਼ੇ ਬਨਾਮ ਅਪਰਾਧ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


ਪ੍ਰੀਖਿਆ ਭਵਨ,

………………ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,

ਪੰਜਾਬੀ ਟ੍ਰਿਬਿਊਨ,

ਚੰਡੀਗੜ੍ਹ।

ਵਿਸ਼ਾ : ਨਸ਼ੇ ਬਨਾਮ ਅਪਰਾਧ ਬਾਰੇ।

ਸ੍ਰੀਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਸਮਾਜ ਵਿੱਚ ਵਧ ਰਹੇ ਨਸ਼ਿਆਂ ਦੀ ਵਰਤੋਂ ਤੇ ਇਸ ਕਾਰਨ ਹੁੰਦੇ ਅਪਰਾਧ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਇਸ ਪੱਤਰ ਨੂੰ ਆਪਣੇ ਅਖ਼ਬਾਰ ‘ਚ
ਛਾਪਣ ਦੀ ਕਿਰਪਾਲਤਾ ਕਰਨੀ।

ਅੱਜ-ਕੱਲ੍ਹ ਸਾਡੇ ਸਮਾਜ ਵਿੱਚ ਅਪਰਾਧ ਬਹੁਤ ਹੀ ਜ਼ਿਆਦਾ ਵਧ ਗਏ ਹਨ। ਹਰ ਪਾਸਿਓਂ ਨਿਰੰਤਰ ਲੁੱਟਾਂ-ਖੋਹਾਂ, ਕਤਲ, ਡਾਕੇ, ਫਿਰੌਤੀਆਂ, ਹੇਰਾ-ਫੇਰੀਆਂ ਆਦਿ ਦੀਆਂ ਖ਼ਬਰਾਂ ਧੜਾ-ਧੜ ਸੁਣਨ ਨੂੰ ਮਿਲਦੀਆਂ ਹਨ। ਕੋਈ ਵੀ ਨਾਗਰਿਕ ਅੱਜ ਸੁਰੱਖਿਅਤ ਨਹੀਂ। ਆਮ ਨਾਗਰਿਕ ਕੀ, ਵੱਡੇ-ਵੱਡੇ ਅਫ਼ਸਰ ਤੇ ਹੋਰ ਅਸਰ-ਰਸੂਖ ਵਾਲੇ ਵਿਅਕਤੀ ਵੀ ਲੁੱਟਾਂ-ਖੋਹਾਂ ਦੇ ਸ਼ਿਕਾਰ ਹੋ ਰਹੇ ਹਨ। ਔਰਤਾਂ ਦੀਆਂ ਚੇਨੀਆਂ-ਵਾਲੀਆਂ ਝਪਟ ਲੈਣੀਆਂ, ਪਰਸ ਖੋਹ ਲੈਣੇ, ਬੈਂਕਾਂ ਲੁੱਟ ਲੈਣੀਆਂ, ਰਾਹ ਜਾਂਦਿਆਂ ਤੋਂ ਪੈਸੇ ਆਦਿ ਲੁੱਟ ਲੈਣੇ, ਫਿਰੌਤੀ ਲਈ ਕਤਲ ਕਰ ਦੇਣੇ ਤੇ ਪੈਸਾ ਕਮਾਉਣ ਲਈ ਕਈ ਤਰ੍ਹਾਂ ਦੇ ਫ਼ਰੇਬ, ਠੱਗੀਆਂ, ਹੇਰਾ ਫੇਰੀਆਂ ਕਰਨੀਆਂ, ਆਮ ਗੱਲ ਹੋ ਗਈ ਹੈ।

ਆਖ਼ਰ ਏਨੀਆਂ ਲੁੱਟਾਂ-ਖੋਹਾਂ ਤੇ ਅਪਰਾਧਾਂ ਦਾ ਕਾਰਨ ਕੀ ਹੈ? ਸਪਸ਼ਟ ਹੈ—ਪੈਸਾ। ਤੇ ਅਪਰਾਧਾਂ ਰਾਹੀਂ ਪੈਸਾ ਕਮਾਉਣਾ ਕੇਵਲ ਨਸ਼ੱਈਆਂ, ਅਮਲੀਆਂ ਦਾ ਹੀ ਕੰਮ ਹੈ। ਵਿਹਲੜ ਨੌਜਵਾਨ, ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗ ਚੁੱਕੀ ਹੁੰਦੀ ਹੋਵੇ, ਨਸ਼ੇ ਦੀ ਪੂਰਤੀ ਲਈ ਪੈਸਾ ਕਮਾਉਣ ਯੋਗ ਤਾਂ ਉਹ ਰਹਿੰਦੇ ਨਹੀਂ। ਉਹ ਲੁੱਟਾਂ-ਖੋਹਾਂ ਕਰਕੇ ਇਨ੍ਹਾਂ ਦੀ ਪੂਰਤੀ ਕਰਦੇ ਹਨ। ਨਸ਼ਿਆਂ ਦੀ ਬਿਮਾਰੀ ਨੇ ਤਕਰੀਬਨ ਹਰ ਮੁਲਕ ਨੂੰ ਤਬਾਹੀ ਦੇ ਕੰਢੇ ‘ਤੇ ਖੜ੍ਹਾ ਕਰ ਦਿੱਤਾ ਹੈ। ਪੰਜਾਬ ਵਿੱਚ ਤਾਂ ਨਸ਼ਿਆਂ ਦਾ ਦਰਿਆ ਵਹਿ ਰਿਹਾ ਹੈ। ਜਵਾਨੀ ਇਸ ਵਿੱਚ ਡੁੱਬ ਰਹੀ ਹੈ। ਘਰਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਬਿਮਾਰੀਆਂ ਵਧ ਗਈਆਂ ਹਨ।

ਇਸ ਤੋਂ ਇਲਾਵਾ ਸਮਗਲਰ ਅਪਰਾਧਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਘੱਟ ਮਿਹਨਤ ਤੇ ਹੱਦੋਂ ਵੱਧ ਪੈਸੇ ਦਾ ਲਾਲਚ ਮਨੁੱਖ ਨੂੰ ਅਪਰਾਧ ਜਗਤ ਵੱਲ ਧਕੇਲ ਰਿਹਾ ਹੈ। ਇਸ ਲਈ ਠੱਗੀਆਂ ਮਾਰਨੀਆਂ, ਹੇਰਾਂ ਫੇਰੀਆਂ ਕਰਨੀਆਂ ਤੇ ਛੋਟੇ- ਛੋਟੇ ਬੱਚਿਆਂ ਨੂੰ ਅਗਵਾ ਕਰਕੇ ਲੱਖਾਂ ਦੀਆਂ ਫਿਰੌਤੀਆਂ ਮੰਗਣੀਆਂ ਮਨੁੱਖ ਦੀ ਮਨੁੱਖ-ਮਾਰੂ ਸੋਚ ਹੈ। ਨਸ਼ੇ ਅਤੇ ਪੈਸੇ ਦੇ ਲਾਲਚ ਵਿੱਚ ਅੰਨ੍ਹਾ ਹੋਇਆ ਵਿਅਕਤੀ ਕੁਝ ਵੀ ਵੇਖ ਸੋਚ ਨਹੀਂ ਸਕਦਾ। ਉਸ ਦੇ ਨਕਾਰੇ ਸਰੀਰ ਵਾਂਗ ਉਸ ਦਾ ਦਿਲ ਵੀ ਪੱਥਰ ਹੋ ਗਿਆ ਹੈ।

ਇਸ ਲਈ ਅਪਰਾਧ ਖ਼ਤਮ ਕਰਨ ਲਈ ਸਭ ਤੋਂ ਪਹਿਲਾਂ ਨਸ਼ਿਆਂ ਦਾ ਕੋਹੜ ਖ਼ਤਮ ਕਰਨਾ ਪਵੇਗਾ। ਮਨੁੱਖ ਦੀ ਸੋਚ ਆਦਰਸ਼ਵਾਦੀ ਬਣਾਉਣੀ ਹੋਵੇਗੀ। ਸਦਾਚਾਰਕ ਤੇ ਧਾਰਮਕ ਸਿੱਖਿਆ ਰਾਹੀਂ ਉਸ ਦਾ ਜੀਵਨ ਬਦਲਿਆ ਜਾ ਸਕਦਾ ਹੈ। ਸਰਕਾਰ, , ਸਮਾਜ ਸੇਵੀ ਸੰਸਥਾਵਾਂ, ਧਾਰਮਕ ਅਦਾਰਿਆਂ, ਮੀਡੀਆ ਤੇ ਨੌਜਵਾਨ ਪੀੜ੍ਹੀ ਵਲੋਂ ਕੀਤੇ ਸੁਹਿਰਦ ਯਤਨਾਂ ਨਾਲ ਹੀ ਨਸ਼ਾ-ਮੁਕਤ ਤੇ ਅਪਰਾਧ ਮੁਕਤ ਸਮਾਜ ਦੀ ਸਿਰਜਨਾ ਹੋ ਸਕਦੀ ਹੈ।

ਮੈਨੂੰ ਉਮੀਦ ਹੈ ਕਿ ਤੁਸੀਂ ਇਸ ਪੱਤਰ ਨੂੰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।

ਮਿਤੀ : 10 ਅਪ੍ਰੈਲ, 20…………