ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਇਲਾਕੇ ਵਿੱਚ ਵਧ ਰਹੀ ਗੁੰਡਾਗਰਦੀ ਨੂੰ ਰੋਕਣ ਲਈ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਮੁੱਖ ਮੰਤਰੀ, ਪੰਜਾਬ ਦੇ ਨਾਂ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਮਾਣਯੋਗ ਮੁੱਖ ਮੰਤਰੀ, ਪੰਜਾਬ ਦੇ ਨਾਂ ਖ਼ਤ
ਵਿਸ਼ਾ : ਇਲਾਕੇ ਵਿੱਚ ਵਧ ਰਹੀ ਗੁੰਡਾਗਰਦੀ ਬਾਰੇ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਮਾਣਯੋਗ ਮੁੱਖ ਮੰਤਰੀ, ਪੰਜਾਬ ਦੇ ਨਾਂ ਖ਼ਤ ਲਿਖ ਰਿਹਾ ਹਾਂ ਕਿ ਇਲਾਕੇ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਆਸ ਹੈ ਕਿ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਜ਼ਰੂਰ ਪ੍ਰਕਾਸ਼ਿਤ ਕਰੋਗੇ ਤੇ ਸਾਡੀ ਫ਼ਰਿਆਦ ਮਾਣਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਲਈ ਸਾਡੀ ਸਹਾਇਤਾ ਕਰੋਗੇ।
ਸਾਡੇ ਇਲਾਕੇ ਵਿੱਚ ਦਿਨੋ-ਦਿਨ ਗੁੰਡਾਗਰਦੀ ਵਧਦੀ ਹੀ ਜਾ ਰਹੀ ਹੈ। ਕਿਸੇ ਦੀ ਚੇਨੀ ਲਾਹ ਲਈ ਜਾਂਦੀ ਹੈ, ਕਿਸੇ ਦੀਆਂ ਵਾਲੀਆਂ, ਕਿਸੇ ਦਾ ਪਰਸ ਤੇ ਕਿਸੇ ਕੋਲੋਂ ਦਿਨ-ਦਿਹਾੜੇ ਚਾਕੂ ਦੀ ਨੋਕ ‘ਤੇ ਨਕਦੀ ਆਦਿ ਲੁੱਟ ਲਈ ਜਾਂਦੀ ਹੈ। ਕਿਸੇ ਦਾ ਘਰ ਦਿਨ-ਦਿਹਾੜੇ ਲੁੱਟ ਲਿਆ ਜਾਂਦਾ ਹੈ, ਕਿਸੇ ਦਾ ਮੋਟਰ ਸਾਈਕਲ, ਕਿਸੇ ਦੀ ਕਾਰ ਚੋਰੀ ਕਰ ਲਈ ਜਾਂਦੀ ਹੈ, ਕਿਸੇ ਨਾਲ ਕੁੱਟ-ਮਾਰ ਕੀਤੀ ਜਾਂਦੀ ਹੈ ਤੇ ਕਈਆਂ ਨੂੰ ਕਤਲ ਵੀ ਕਰ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਬੈਂਕਾਂ ਆਦਿ ਵੀ ਸ਼ਰੇਆਮ ਲੁੱਟੀਆਂ ਜਾ ਰਹੀਆਂ ਹਨ। ਅਜਿਹੀ ਭਿਆਨਕ ਗੁੰਡਾਗਰਦੀ ਤੇ ਦਹਿਸ਼ਤ ਦੇ ਮਾਹੌਲ ਵਿੱਚ ਹਰ ਕੋਈ (ਬੱਚੇ, ਬਜ਼ੁਰਗ, ਔਰਤਾਂ) ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
ਵੱਡੀਆਂ-ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਪਰ ਪੁਲਿਸ ਅਪਰਾਧੀਆਂ ਦਾ ਖੁਰਾ-ਖੋਜ ਲੱਭਣ ਵਿੱਚ ਅਸਫ਼ਲ ਰਹਿੰਦੀ ਹੈ। ਉਨ੍ਹਾਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੋਈ ਜਾ ਰਹੇ ਹਨ। ਉਹ ਲਗਾਤਾਰ ਲੁੱਟਾਂ-ਖੋਹਾਂ ਕਰਕੇ ਪਲ ਵਿੱਚ ਹੀ ਛੂ-ਮੰਤਰ ਹੋ ਜਾਂਦੇ ਹਨ। ਲੋਕ ਹੱਡ-ਭੰਨਵੀਂ ਮਿਹਨਤ ਕਰਕੇ ਚੰਦ ਪੈਸੇ ਕਮਾਉਂਦੇ ਹਨ ਤੇ ਲੁਟੇਰੇ ਇੱਕ ਝਟਕੇ ਵਿੱਚ ਹੀ ਅਗਲੇ ਨੂੰ ਕੱਖਾਂ ਤੋਂ ਹੌਲੇ ਤੇ ਦੁਖੀ ਕਰ ਜਾਂਦੇ ਹਨ। ਪਰ ਇਹ ਪੱਥਰ-ਦਿਲ, ਵਿਹਲੜ, ਨਸ਼ਈ ਤੇ ਵਿਗੜੇ ਹੋਏ ਅਨਸਰ ਕਿਸੇ ਦਾ ਦੁੱਖ ਕੀ ਜਾਣਨ।
ਪਰ ਸਾਡੀ ਫ਼ਰਿਆਦ ਹੈ ਕਿ ਆਪ ਪਹਿਲ ਦੇ ਅਧਾਰ ‘ਤੇ ਸਾਡੀ ਇਸ ਸਮੱਸਿਆ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ ਤਾਂ ਜੋ, ਆਮ ਜਨਤਾ ਸੁਖ ਦਾ ਸਾਹ ਲੈ ਸਕੇ ਤੇ ਖੌਫ਼ਜ਼ਦਾ ਮਾਹੌਲ ਤੋਂ ਸੁਰਖਰੂ ਹੋ ਸਕੇ। ਆਪ ਰਾਜ ਦੇ ਮੁੱਖ ਮੰਤਰੀ ਹੋ, ਸਭ ਕੁਝ ਕਰਨ ਦੇ ਸਮਰੱਥ ਹੋ, ਜੇਕਰ ਆਪ ਇਲਾਕੇ ਦੇ ਥਾਣੇ ਨੂੰ ਅਪਰਾਧੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਦੇਵੋ ਤਾਂ ਯਕੀਨਨ ਹੀ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਤੇ ਇਲਾਕੇ ਵਿੱਚ ਅਮਨ-ਅਮਾਨ ਦਾ ਮਾਹੌਲ ਕਾਇਮ ਹੋ ਸਕਦਾ ਹੈ।
ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰਾ ਇਹ ਖ਼ਤ ਆਪਣੇ ਅਖ਼ਬਾਰ ‘ਚ ਜਰੂਰ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਸ਼ੁੱਭ-ਚਿੰਤਕ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………