ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਮੋਬਾਇਲ ਫੋਨ ਦੀ ਵਰਤੋਂ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਵਿਸ਼ਾ : ਮੋਬਾਇਲ ਫ਼ੋਨ ਦੀ ਵਰਤੋਂ ਸਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਮੋਬਾਇਲ ਫ਼ੋਨ ਦੀ ਵਰਤੋਂ ਸਬੰਧੀ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਆਸ ਹੈ ਕਿ ਆਪ ਇਸ ਪੱਤਰ ਨੂੰ ਆਪਣੇ ਅਖ਼ਬਾਰ ਵਿੱਚ ਜ਼ਰੂਰ ਪ੍ਰਕਾਸ਼ਿਤ ਕਰੋਗੇ ਜੀ।
ਮੋਬਾਇਲ ਜਾਂ ਸੈੱਲ ਫ਼ੋਨ ਵਰਤਮਾਨ ਯੁੱਗ ਵਿੱਚ ਸੂਚਨਾ-ਸੰਚਾਰ ਦਾ ਸਭ ਤੋਂ ਵੱਧ ਹਰਮਨ-ਪਿਆਰਾ ਸਾਧਨ ਬਣ ਗਿਆ ਹੈ। ਅੱਜ ਇਹ ਹਰ ਵਿਅਕਤੀ ਦੀ ਮੁਢਲੀ ਲੋੜ ਬਣ ਗਿਆ ਹੈ ਕਿਉਂਕਿ ਇਸ ਦੇ ਅਨੇਕਾਂ ਹੀ ਲਾਭ ਹਨ।
ਅੱਜ, ਜਿੱਥੇ ਹਰ ਵਿਅਕਤੀ ਆਪਣੀ ਲੋੜ ਅਨੁਸਾਰ ਮੋਬਾਇਲ ਰੱਖਦਾ ਹੈ, ਉੱਥੇ ਨੌਜਵਾਨਾਂ ਵਿੱਚ ਇਸ ਦੀ ਵਰਤੋਂ ਸਭ ਤੋਂ ਵੱਧ ਹੋ ਰਹੀ ਹੈ। ਵਧੇਰੇ ਨੌਜਵਾਨ ਤਾਂ ਇਸ ਨੂੰ ਆਪਣੀ ਅਮੀਰੀ ਦੇ ਦਿਖਾਵੇ ਦਾ ਚਿੰਨ੍ਹ ਹੀ ਮੰਨਦੇ ਹਨ। ਇਸ ਲਈ ਉਹ ਮਹਿੰਗੇ ਤੋਂ ਮਹਿੰਗੇ ਫੋਨ ਰੱਖਦੇ ਹਨ। ਪਰ ਬੜੇ ਅਫ਼ਮੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਦੀ ਵਰਤੋਂ ਘੱਟ ਤੇ ਦੁਰਵਰਤੋਂ ਵਧੇਰੇ ਹੋ ਰਹੀ ਹੈ।
ਬਹੁਤ ਸਾਰੇ ਵਿਹਲੇ ਵਿਅਕਤੀ ਵਕਤ, ਬੇਵਕਤ ਅਗਲੇ ਨੂੰ ਪਰੇਸ਼ਾਨ ਕਰਦੇ ਹਨ। ਬੇਲੋੜੇ ਐੱਸ. ਐੱਮ. ਐੱਸ. ਭੇਜਦੇ ਹਨ, ਕੈਮਰੇ ਵਾਲੇ ਫੋਨਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਕਈ ਇਤਰਾਜ਼ਯੋਗ ਤਸਵੀਰਾਂ ਰਾਹੀਂ ਅਗਲੇ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਹੈ। ਕਈ ਵਾਰ ਰਿੰਗ ਟੋਨਾਂ/ਕਾਲਰ ਟੋਨਾਂ ਵੀ ਅਜਿਹੀਆਂ ਹੁੰਦੀਆਂ ਹਨ, ਜੋ ਅਸ਼ਲੀਲ ਤੇ ਬੇਹੂਦਾ ਹੁੰਦੀਆਂ ਹਨ, ਜੋ ਕਈ ਵਾਰ ਸ਼ਰਮਿੰਦਗੀ ਦਾ ਅਹਿਸਾਸ ਵੀ ਕਰਾਉਂਦੀਆਂ ਹਨ। ਕਈ ਵਿਅਕਤੀ ਹਮੇਸ਼ਾ ਹੀ ਮੋਬਾਇਲ ਫ਼ੋਨ ਕੰਨਾਂ ਨੂੰ ਲਾ ਛੱਡਦੇ ਹਨ। ਵਾਹਨ ਚਲਾਉਂਦੇ ਸਮੇਂ ਕੀਤੇ ਫ਼ੋਨ ਹਾਦਸਿਆਂ ਦੇ ਕਾਰਨ ਬਣ ਜਾਂਦੇ ਹਨ। ਇਸ ਤੋਂ ਇਲਾਵਾ ਮਾਫੀਆ ਗਰੋਹ ਵਲੋਂ ਵੀ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਅਪਰਾਧ ਜਗਤ ਵਿੱਚ ਪਸਾਰੇ ਦਾ ਕਾਰਨ ਵੀ ਇਹੋ ਮੋਬਾਇਲ ਫ਼ੋਨ ਹੀ ਹਨ।
ਵਿਗਿਆਨੀਆਂ ਅਨੁਸਾਰ ਫੋਨ ਦੀ ਹੱਦੋਂ ਵੱਧ ਵਰਤੋਂ ਨਾਲ ਕਈ ਗੰਭੀਰ ਰੋਗਾਂ ਦੀ ਸੰਭਾਵਨਾ ਬਣ ਜਾਂਦੀ ਹੈ। ਬੱਚਿਆਂ ਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ‘ਤੇ ਇਸ ਦੀ ਵਰਤੋਂ ‘ਤੇ ਪਾਬੰਦੀ ਹੋਣੀ ਚਾਹੀਦੀ ਹੈ।
ਭਾਵੇਂ ਮੋਬਾਇਲ ਦੇ ਲਾਭ ਵੀ ਬਹੁਤ ਹਨ ਤੇ ਨੁਕਸਾਨ ਵੀ ਪਰ ਨੁਕਸਾਨ ਮਨੁੱਖ ਨੇ ਆਪ ਪੈਦਾ ਕੀਤੇ ਹਨ। ਸਾਨੂੰ ਇਸ ਦੀ ਸੂਝ-ਬੂਝ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਸ ਦੀਆਂ ਕਿਰਨਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਇਸ ਨੂੰ ਪਰਸ ਜਾਂ ਬੈਗ ਵਿੱਚ ਹੀ ਰੱਖਣਾ ਚਾਹੀਦਾ ਹੈ। ਵਾਹਨ ਚਲਾਉਂਦੇ ਸਮੇਂ ਜਾਂ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਇਸ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਅਜਿਹਾ ਕਰਿਆਂ ਹੀ ਇਸ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਚਿੱਠੀ ਆਪਣੇ ਅਖ਼ਬਾਰ ਵਿੱਚ ਜਰੂਰ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………