ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਇਮਤਿਹਾਨਾਂ ਵਿੱਚ ਹੁੰਦੀ ਨਕਲ ਰੋਕਣ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


ਪ੍ਰੀਖਿਆ ਭਵਨ,

………………ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,

ਰੋਜ਼ਾਨਾ ਅਜੀਤ,

ਜਲੰਧਰ।

ਵਿਸ਼ਾ : ਇਮਤਿਹਾਨਾਂ ਵਿੱਚ ਹੁੰਦੀ ਨਕਲ ਸਬੰਧੀ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਇਸ ਪੱਤਰ ਵਿੱਚ ਆਪਣੇ ਸਮਾਜ ਵਿੱਚ ਫੈਲ ਰਹੀ ਭਿਆਨਕ ਬੁਰਾਈ ‘ਨਕਲ’ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਹੀ ਹਾਂ। ਆਸ ਹੈ ਕਿ ਇਸ ਪੱਤਰ ਨੂੰ ਆਪ ਆਪਣੀ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।

ਅਕਸਰ ਕਿਹਾ ਜਾਂਦਾ ਹੈ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ਹੁੰਦੇ ਹਨ ਪਰ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ਤਾਂ ਭਾਵੇਂ ਬਣ ਜਾਣ ਪਰ ਦੇਸ਼ ਦਾ ਭਵਿੱਖ ਨਹੀਂ ਬਣ ਸਕਦੇ। ਕਿਉਂਕਿ ਅੱਜ ਦੇ ਨਲਾਇਕ ਬੱਚੇ ਵਿੱਦਿਆ ਦੇ ਮੰਦਰ ਤਾਂ ਜਾਂਦੇ ਹਨ ਪਰ ਉੱਥੋਂ ਵਿੱਦਿਆ ਨਹੀਂ ਬਲਕਿ ਨਕਲ ਦੇ ਗੁਰ ਸਿੱਖਦੇ ਹਨ। ਨਕਲ ਦੀ ਬੁਰਾਈ ਨੇ ਅਜੋਕੇ ਵਿੱਦਿਅਕ ਢਾਂਚੇ ‘ਤੇ ਕਈ ਪ੍ਰਸ਼ਨ-ਚਿੰਨ੍ਹ ਲਾ ਦਿੱਤੇ ਹਨ।

ਇਸ ਬੁਰਾਈ ਸਬੰਧੀ ਸਬੰਧਤ ਸਿੱਖਿਆ ਵਿਭਾਗ, ਬੋਰਡ, ਯੂਨੀਵਰਸਿਟੀਆਂ ਵੀ ਭਲੀ ਭਾਂਤ ਜਾਣੂ ਹਨ, ਤਾਂ ਹੀ ਉਨ੍ਹਾਂ ਵਲੋਂ ਹਰ ਸਾਲ ਲਈ ਜਾਂਦੀ ਪ੍ਰੀਖਿਆ ਵਿੱਚ ਕੋਈ ਨਾ ਕੋਈ ਤਬਦੀਲੀ ਕੀਤੀ ਜਾਂਦੀ ਹੈ ਪਰ ਹਰ ਵਾਰ ਤਬਦੀਲੀਆਂ ਅਸਫ਼ਲ ਹੋ ਜਾਂਦੀਆਂ ਹਨ। ਹੁਣ ਇਮਤਿਹਾਨੀ ਕੇਂਦਰਾਂ ਵਿੱਚ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ। ਸੋਚਣ ਵਾਲੀ ਗੱਲ ਹੈ ਕਿ ਆਖ਼ਰ ਇਨ੍ਹਾਂ ਦੀ ਲੋੜ ਕਿਉਂ ਪਈ? ਏਨੇ ਪੁਖ਼ਤਾ ਪ੍ਰਬੰਧ ਹੋਣ ਦੇ ਬਾਵਜੂਦ ਸਕੂਲੀ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਸਕੂਲਾਂ ਦੇ ਬਾਹਰੀ ਦ੍ਰਿਸ਼ਾਂ ਦੀਆਂ ਤਸਵੀਰਾਂ ਸਹਿਤ ਖ਼ਬਰਾਂ ਸੱਚ ਨੂੰ ਲੁਕੀਆਂ ਨਹੀਂ ਰਹਿਣ ਦਿੰਦੀਆਂ।

ਫਿਰ ਜੇ ਕਿਸੇ ਸਕੂਲ, ਇਲਾਕੇ ਦਾ ਨਤੀਜਾ ਵਧੀਆ ਪ੍ਰਤੀਸ਼ਤ ਵਿੱਚ ਆ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਸਕੂਲਾਂ ਵਾਲਿਆਂ ਨੇ ਨਤੀਜਾ ਵਧੀਆ ਬਣਾਉਣ ਲਈ ਜ਼ਰੂਰ ਇਮਤਿਹਾਨਾਂ ਵਿੱਚ ਆਪ ਨਕਲ ਕਰਾਈ ਹੋਵੇਗੀ। ਇਹ ਵਿੱਦਿਅਕ ਢਾਂਚੇ ਵਿੱਚ ਨਿਘਾਰ ਦੀ ਚਰਮ-ਸੀਮਾ ਹੈ। ਨਕਲ ਤਾਂ ਇੱਕ ਕੋਹੜ ਹੈ। ਸਿੱਟੇ ਵਜੋਂ ਵਿਦਿਆਰਥੀ ਜ਼ਿੰਦਗੀ ਦੀ ਹਰ ਦੌੜ ਵਿੱਚ ਫੇਲ੍ਹ ਹੋ ਜਾਂਦੇ ਹਨ। ਨਕਲ ਕਰਕੇ ਵਿਦਿਆਰਥੀਆਂ ਦੀ ਪ੍ਰਤੀਸ਼ਤ ਵਧ ਜਾਂਦੀ ਹੈ ਪਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਜਾਂ ਦਾਖ਼ਲੇ ਵਿੱਚ ਉਨ੍ਹਾਂ ਦੀ ਮੈਰਿਟ ਵੀ ਉੱਤੇ ਚਲੀ ਜਾਂਦੀ ਹੈ ਜਿਸ ਦੇ ਸਿੱਟੇ ਵਜੋਂ ਪੜ੍ਹਨ ਵਾਲੇ ਵਿਦਿਆਰਥੀ ਝੂਰਦੇ ਰਹਿੰਦੇ ਹਨ ਤੇ ਉਹ ਵੀ ਨਕਲ ਨੂੰ ਚੰਗਾ ਸਮਝਣ ਲੱਗ ਪੈਂਦੇ ਹਨ।

ਇਸ ਲਈ ਹਰ ਵਿਦਿਆਰਥੀ ਨੂੰ ਮੇਰੀ ਸਲਾਹ ਹੈ ਕਿ ਨਕਲ ਬਾਰੇ ਸੋਚੋ ਵੀ ਨਾ। ਜੋ ਤੁਸੀਂ ਆਪ ਪੜ੍ਹੋਗੇ, ਉਹ ਜ਼ਿੰਦਗੀ ਭਰ ਕੰਮ ਆਵੇਗਾ। ਅਧਿਆਪਕਾਂ ਤੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਸ਼ੁਰੂ ਤੋਂ ਹੀ ਵਿਦਿਆਰਥੀਆਂ ਦੇ ਦਿਮਾਗ਼ ਵਿੱਚ ਇਹੋ ਗੱਲ ਬਿਠਾਉਣ ਕਿ ਨਕਲ ਬਹੁਤ ਵੱਡੀ ਬੁਰਾਈ ਹੈ। ਸਾਰਾ ਸਾਲ ਪੜ੍ਹਾਈ ਲਈ ਬਹੁਤ ਸਮਾਂ ਹੁੰਦਾ ਹੈ। ਇਸ ਲਈ ਲੋੜ ਹੈ ਸਾਨੂੰ ਸਾਰਿਆਂ ਨੂੰ ਆਪਣੀ ਸੋਚ ਬਦਲਣ ਦੀ। ਹਿੰਮਤ ਹੋਵੇ ਤਾਂ ਹਰ ਮੰਜ਼ਲ ਪ੍ਰਾਪਤ ਕੀਤੀ ਜਾ ਸਕਦੀ ਹੈ।

ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।

ਮਿਤੀ : 10 ਅਪ੍ਰੈਲ, 20…………