CBSELetters (ਪੱਤਰ)NCERT class 10thPunjab School Education Board(PSEB)Punjabi Viakaran/ Punjabi Grammar

ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਸਕੂਲਾਂ ਦੇ ਨਾਂ ‘ਤੇ ਖੁੱਲ੍ਹੀਆਂ ਪੜ੍ਹਾਈ ਦੀਆਂ ਦੁਕਾਨਾਂ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


ਪ੍ਰੀਖਿਆ ਭਵਨ,

………………ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,

ਰੋਜ਼ਾਨਾ ਅਜੀਤ,

ਜਲੰਧਰ।

ਵਿਸ਼ਾ : ਸਕੂਲਾਂ ਦੇ ਨਾਂ ‘ਤੇ ਖੁੱਲ੍ਹੀਆਂ ਪੜ੍ਹਾਈ ਦੀਆਂ ਦੁਕਾਨਾਂ ਸਬੰਧੀ।

ਸ੍ਰੀਮਾਨ ਜੀ,

ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਸਕੂਲਾਂ ਦੇ ਨਾਂ ‘ਤੇ ਖੁੱਲ੍ਹੀਆਂ ਪੜ੍ਹਾਈ ਦੀਆਂ ਦੁਕਾਨਾਂ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਆਸ ਹੈ ਕਿ ਆਪ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ। ਅੱਜ-ਕੱਲ੍ਹ ਹਰ ਜਗ੍ਹਾ, ਹਰ ਗਲੀ-ਮੁਹੱਲੇ ਵਿੱਚ ਕੋਈ ਨਾ ਕੋਈ ਅੰਗਰੇਜ਼ੀ ਮਾਧਿਅਮ ਪਬਲਿਕ ਸਕੂਲ ਨਜ਼ਰੀਂ ਆ ਜਾਂਦਾ ਹੈ। ਇਨ੍ਹਾਂ ਦੇ ਸੰਚਾਲਕ ਆਮ ਤੌਰ ‘ਤੇ ਕੋਈ ਸੇਵਾ ਮੁਕਤ, ਚੁਸਤ ਚਲਾਕ ਜਾਂ ਕੋਈ ਰਾਜਨੀਤਿਕ ਪਹੁੰਚ ਵਾਲੇ ਵਿਅਕਤੀ ਹੁੰਦੇ ਹਨ, ਜਿਨ੍ਹਾਂ ਦਾ ਮੁੱਖ ਮਕਸਦ ਕੋਈ ਸਮਾਜ ਸੇਵਾ ਜਾਂ ਵਿੱਦਿਆ ਦਾ ਗਿਆਨ ਵੰਡਣਾ ਨਹੀਂ ਬਲਕਿ ਪੈਸਾ ਬਟੋਰਨਾ ਹੁੰਦਾ ਹੈ।

ਅਜਿਹੇ ਲੋਕ ਆਪਣੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਨੂੰ ਵਧਾ-ਚੜ੍ਹਾ ਕੇ ਤੇ ਮਨ-ਲੁਭਾਉਣੀਆਂ ਦੱਸ ਕੇ ਕਲਾਸਾਂ ਸ਼ੁਰੂ ਕਰ ਲੈਂਦੇ ਹਨ। ਦੋ-ਤਿੰਨ ਅਣਸਿੱਖਿਅਤ ਅਧਿਆਪਕ ਨਿਯੁਕਤ ਕਰ ਲੈਂਦੇ ਹਨ ਜਿਨ੍ਹਾਂ ਨੂੰ ਨਾ-ਮਾਤਰ ਜਿਹੀ ਤਨਖਾਹ ਦੇ ਕੇ ਉਨ੍ਹਾਂ ਤੋਂ ਵਾਧੂ ਕੰਮ ਲਿਆ ਜਾਂਦਾ ਹੈ। ਅਜਿਹੇ ਸਕੂਲ ਦਾਖ਼ਲੇ ਦੌਰਾਨ ਬੇਲੋੜੇ ਫੰਡ, ਫੀਸਾਂ ਆਦਿ ਲੈ ਲੈਂਦੇ ਹਨ। ਫਿਰ ਇਸ ਤੋਂ ਬਾਅਦ ਕਿਤਾਬਾਂ, ਵਰਦੀਆਂ, ਬੈਗ, ਕਾਪੀਆਂ, ਪੈੱਨ ਇੱਥੋਂ ਤੱਕ ਕਿ ਖਾਣ-ਪੀਣ ਲਈ ਵੀ ਉਹ ਆਪਣੀ ਹੀ ਵਿਸ਼ੇਸ਼ ਦੁਕਾਨ ਤੋਂ ਖ਼ਰੀਦਣ ਦੀ ਜ਼ਰੂਰੀ ਸ਼ਰਤ ਲਾ ਦਿੰਦੇ ਹਨ। ਫਿਰ ਉਹ ਸਕੂਲ ਵਿੱਚ ਕਿਸੇ ਸਮਾਗਮ ਦੇ ਬਹਾਨੇ ਬੱਚਿਆਂ ਤੋਂ ਪੈਸੇ ਇਕੱਠੇ ਕਰਦੇ ਹਨ ਜਾਂ ਵਿੱਦਿਅਕ ਟੂਰ ਦੇ ਨਾਂ ‘ਤੇ ਮੋਟੀ ਕਮਾਈ ਕਰ ਲੈਂਦੇ ਹਨ। ਇੰਝ ਉਹ ਹਜ਼ਾਰਾਂ ਰੁਪਏ ਕਮਾ ਲੈਂਦੇ ਹਨ। ਅਜਿਹੇ ਸਕੂਲਾਂ ਵਾਲੇ ਮੁਕਾਬਲੇ ਦੀ ਦੌੜ ਕਾਰਨ ਬੱਚਿਆਂ ਨਾਲੋਂ ਕਈ ਗੁਣਾ ਵੱਧ ਭਾਰੇ ਬਸਤੇ ਉਨ੍ਹਾਂ ਦੇ ਮਾਸੂਮ ਮੋਢਿਆਂ ‘ਤੇ ਚੁਕਾ ਦਿੰਦੇ ਹਨ ਜਿਸ ਨਾਲ ਬੱਚਿਆਂ ਦਾ ਬਚਪਨ ਬਸਤਿਆਂ ਦੇ ਬੋਝ ਹੇਠਾਂ ਦੱਬਿਆ ਜਾਂਦਾ ਹੈ। ਸਿੱਟੇ ਵਜੋਂ ਉਨ੍ਹਾਂ ਦੇ ਸੁਭਾਅ ਵਿੱਚ ਚਿੜਚਿੜਾਪਨ ਆ ਜਾਂਦਾ ਹੈ।

ਵੇਖਿਆ ਜਾਵੇ ਤਾਂ ਅਜਿਹੇ ਸਕੂਲਾਂ ਦੀ ਨਾ ਤਾਂ ਵਿਹਾਰਕ ਤੌਰ ‘ਤੇ ਕੋਈ ਲੋੜ ਹੁੰਦੀ ਹੈ ਤੇ ਨਾ ਹੀ ਕੋਈ ਲਾਭ। ਇਸ ਲਈ ਸਰਕਾਰ ਨੂੰ ਇਨ੍ਹਾਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਲੋੜ ਹੈ ਤੇ ਨਾਲ ਹੀ ਮਾਪਿਆਂ ਨੂੰ ਵੀ ਸੁਚੇਤ ਹੋਣ ਦੀ। ਉਹ ਆਪਣਾ ਸ਼ੋਸ਼ਣ ਕਰਾਉਣ ਦੀ ਬਜਾਇ ਬਿਹਤਰ ਹੈ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਉਣ।

ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਅਖ਼ਬਾਰ ‘ਚ ਛੇਤੀ ਛਾਪੋਗੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।

ਮਿਤੀ : 10 ਅਪ੍ਰੈਲ, 20…………