ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਤੁਹਾਡੇ ਸਕੂਲ ਵਿੱਚ ਅਨੁਸ਼ਾਸਨ ਵਿੱਚ ਸੁਧਾਰ ਦੀ ਲੋੜ ਹੈ, ਇਸ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਜਾਗਰਣ,
ਜਲੰਧਰ।
ਵਿਸ਼ਾ : ਸਕੂਲ ਵਿੱਚ ਅਨੁਸ਼ਾਸਨ ਦੇ ਮੰਦੇ ਹਾਲ ਬਾਰੇ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਇਸ ਪੱਤਰ ਰਾਹੀਂ ਅਸੀਂ ਆਪਣੇ ਪਿੰਡ ਦੋਸਤਪੁਰ ਦੇ ਸਰਕਾਰੀ ਹਾਈ ਸਕੂਲ ਵਿੱਚ ਅਨੁਸ਼ਾਸਨ ਦੀ ਬੁਰੀ ਹਾਲਤ ਦਾ ਜ਼ਿਕਰ ਕਰ ਰਹੇ ਹਾਂ। ਆਸ ਹੈ ਕਿ ਆਪ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਕੇ ਸਬੰਧਤ ਅਧਿਕਾਰੀਆਂ ਤੱਕ ਸਾਡੀ ਫ਼ਰਿਆਦ ਪਹੁੰਚਾਉਗੇ।
ਸਰਕਾਰੀ ਹਾਈ ਸਕੂਲ, ਦੋਸਤਪੁਰ, ਜੋ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਕਲਾਨੌਰ ਤੋਂ ਵੀ ਅੱਠ-ਦਸ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਸਕੂਲ ਵਿੱਚ ਵਿਦਿਆਰਥੀ ਤਾਂ ਕਾਫ਼ੀ ਹਨ ਪਰ ਅਧਿਆਪਕ ਸਿਰਫ਼ ਦੋ ਹੀ ਹਨ। ਇੱਥੇ ਦਸਵੀਂ ਜਮਾਤ ਤੱਕ ਵਿਦਿਆਰਥੀਆਂ ਨੇ ਦਾਖਲੇ ਲਏ ਹੋਏ ਹਨ ਪਰ ਅਧਿਆਪਕਾਂ ਦੀ ਅਣਹੋਂਦ ਕਾਰਨ ਪੜ੍ਹਾਈ ਦਾ ਬਹੁਤ ਬੁਰਾ ਹਾਲ ਹੈ। ਏਨੇ ਬੱਚਿਆਂ ਨੂੰ ਸਿਰਫ ਦੋ ਹੀ ਅਧਿਆਪਕ ਸੰਭਾਲਦੇ ਹਨ। ਕਈ ਵਾਰ ਇੱਕ ਅਧਿਆਪਕ ਛੁੱਟੀ ‘ਤੇ ਚਲਾ ਜਾਵੇ ਤਾਂ ਇੱਕੋ ਅਧਿਆਪਕ ਦੀ ਹੀ ਸ਼ਾਮਤ ਆ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਉਹ ਵੀ ਸਰਕਾਰੀ ਹੁਕਮਾਂ ਅਨੁਸਾਰ ਕੋਈ ਨਾ ਕੋਈ ਡਿਊਟੀ ਨਿਭਾਉਣ ਚਲੇ ਜਾਂਦੇ ਹਨ ਤੇ ਸਕੂਲ ਵਿੱਚ ਛੁੱਟੀ ਵਰਗਾ ਮਾਹੌਲ ਹੀ ਹੁੰਦਾ ਹੈ।
‘ਸਿਰ ’ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ’ ਅਖਾਣ ਅਨੁਸਾਰ ਵਿਦਿਆਰਥੀ ਅਧਿਆਪਕਾਂ ਦੀ ਗ਼ੈਰ-ਹਾਜ਼ਰੀ ਕਾਰਨ ਆਪ-ਹੁਦਰੀਆਂ ਕਰਦੇ, ਸ਼ਰਾਰਤਾਂ ਕਰਦੇ, ਲੜਾਈਆਂ ਕਰਦੇ ਹਨ। ਉਨ੍ਹਾਂ ਦੇ ਮਾਪਿਆਂ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਬੱਚਿਆਂ ਨੂੰ ਸਕੂਲ ਪੜ੍ਹਨ ਭੇਜਿਆ ਜਾਂਦਾ ਹੈ ਨਾ ਕਿ ਲੜਨ। ਬੱਚੇ ਤਾਂ ਅਕਸਰ ਵਿਹਲੇ ਬੈਠੇ ਗੱਪਾਂ ਮਾਰ ਕੇ ਲੜਾਈਆਂ ਕਰਕੇ ਛੁੱਟੀ ਦੇ ਵਕਤ ਆਪੋ-ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਕਿਸੇ ਵੀ ਵਿਦਿਆਰਥੀ ਨੂੰ ਇਹ ਨਹੀਂ ਪਤਾ ਕਿ ਉਸ ਦਾ ਸਿਲੇਬਸ ਕੀ ਹੈ, ਕਿੰਨੀ ਪੜਾਈ ਹੋਈ ਹੈ, ਕਿੰਨੀ ਰਹਿੰਦੀ ਹੈ। ਉਹ ਅਧਿਆਪਕਾਂ ਦੀ ਆਗਿਆ ਦਾ ਪਾਲਣ ਨਹੀਂ ਕਰਦੇ ਤੇ ਨਾ ਹੀ ਅਧਿਆਪਕ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਸੁਧਾਰਦੇ ਹਨ।
ਅਸੀਂ ਸਕੂਲ ‘ਚ ਵਿਦਿਆਰਥੀ ਸਭਾ ਬਣਾਈ ਹੋਈ ਹੈ। ਇਸ ਤੋਂ ਪਹਿਲਾਂ ਅਸੀਂ ਪਿੰਡ ਦੀ ਪੰਚਾਇਤ ਰਾਹੀਂ ਡੀ.ਓ. ਸਾਹਿਬ ਨੂੰ ਵੀ ਮਿਲੇ ਹਾਂ ਪਰ ਸਾਡੀ ਸਮੱਸਿਆ ਜਿਉਂ ਦੀ ਤਿਉਂ ਹੈ। ਇਸ ਤੋਂ ਇਲਾਵਾ ਇੱਥੇ ਨਾਨ-ਟੀਚਿੰਗ ਸਟਾਫ਼ ਵੀ ਆਪਣੀ ਡਿਊਟੀ ਪ੍ਰਤੀ ਕੋਤਾਹੀ ਵਰਤ ਰਿਹਾ ਹੈ। ਸਕੂਲ ਵਿੱਚ ਕਦੇ ਪੜ੍ਹਾਈ ਨਹੀਂ ਹੋਈ, ਨਾ ਕਦੇ ਕੋਈ ਸੱਭਿਆਚਾਰਕ ਸਮਾਗਮ, ਜਾਂ ਕੋਈ ਖੇਡ ਸਮਾਗਮ, ਨਾ ਹੀ ਕਦੇ ਕੋਈ ਸਲਾਨਾ ਸਮਾਗਮ ਹੋਇਆ ਹੈ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਸਕੂਲ ਦੇ ਵਾਤਾਵਰਨ ਨੂੰ ਸਹੀ ਤਰੀਕੇ ਨਾਲ ਅਨੁਸ਼ਾਸਨਬੱਧ ਕਰਨ ਲਈ ਸੁਯੋਗ, ਮਿਹਨਤੀ, ਇਮਾਨਦਾਰ ਅਧਿਆਪਕਾਂ ਦਾ ਯੋਗ ਪ੍ਰਬੰਧ ਕਰੇ ਤੇ ਉਨ੍ਹਾਂ ਨੂੰ ਘੱਟੋ-ਘੱਟ ਪੰਜ ਸਾਲ ਤੱਕ ਇੱਥੇ ਹੀ ਡਿਊਟੀ ਨਿਭਾਉਣ ਦੀ ਸ਼ਰਤ ਲਾਈ ਜਾਵੇ ਤਾਂ ਜੋ ਉਹ ਬਦਲੀ ਵੀ ਨਾ ਕਰਵਾ ਸਕਣ।
ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਪੱਤਰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………