ਸਰਕਾਰੀ ਸਕੂਲਾਂ ਵਿੱਚ ਹੋ ਰਹੀਆਂ ਚੋਰੀਆਂ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
……………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਪੰਜਾਬੀ ਜਾਗਰਣ,
ਜਲੰਧਰ।
ਵਿਸ਼ਾ : ਸਰਕਾਰੀ ਸਕੂਲਾਂ ਵਿੱਚ ਵਧ ਰਹੀਆਂ ਚੋਰੀਆਂ ਸਬੰਧੀ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਆਪ ਜੀ ਨੂੰ ਸਰਕਾਰੀ ਸਕੂਲਾਂ ਵਿੱਚ ਵਧ ਰਹੀਆਂ ਚੋਰੀਆਂ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਆਸ ਹੈ ਕਿ ਆਪ ਇਸ ਪੱਤਰ ਨੂੰ ਜ਼ਰੂਰ ਛਾਪਣ ਦੀ ਕਿਰਪਾਲਤਾ ਕਰੋਗੇ।
ਹੈਰਾਨੀ ਦੀ ਗੱਲ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਰੋਜ਼ਾਨਾ ਚੋਰੀਆਂ ਹੋਣੀਆਂ, ਇਉਂ ਜਾਪਦਾ ਹੈ, ਜਿਵੇਂ ਲਾਜ਼ਮੀ ਹੋ ਗਈਆਂ ਹੋਣ। ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਸਕੂਲਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਿਆ ਜਾ ਰਿਹਾ ਹੈ। ਆਧੁਨਿਕ ਕਿਸਮ ਦੇ ਕੰਪਿਊਟਰ, ਐੱਲ. ਈ.ਡੀ., ਐੱਲ.ਸੀ.ਡੀ. ਤੇ ਐਜੂਸੈੱਟ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਮਿਡ-ਡੇ ਮੀਲ ਦੀ ਸਹੂਲਤ ਤਾਂ ਹਰ ਸਰਕਾਰੀ ਸਕੂਲ ਨੂੰ ਮੁਹੱਈਆ ਕਰਵਾਈ ਗਈ ਹੈ। ਪਰ ਸੁਰੱਖਿਆ ਦੇ ਮਾਮਲੇ ਵਿੱਚ ਸਰਕਾਰੀ ਸਕੂਲਾਂ ਵਿੱਚ ਕੋਈ ਤਸੱਲੀਬਖ਼ਸ਼ ਪ੍ਰਬੰਧ ਨਹੀਂ ਹੈ। ਅੰਕੜਿਆਂ ਮੁਤਾਬਕ ਤਕਰੀਬਨ ਮਿਡਲ ਸਕੂਲਾਂ ਵਿੱਚ ਚੌਕੀਦਾਰਾਂ ਦੀ ਅਸਾਮੀ ਹੀ ਨਹੀਂ ਹੈ। ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਵਿੱਚ ਵੀ 70 ਫੀਸਦੀ ਚੌਕੀਦਾਰਾਂ ਦੀਆਂ ਅਸਾਮੀਆਂ ਖ਼ਾਲੀ ਹਨ। ਤੇ ਨਾ ਹੀ ਪਿਛਲੇ 15 ਸਾਲਾਂ ਤੋਂ ਕਿਸੇ ਸਰਕਾਰ ਨੇ ਇਹ ਅਸਾਮੀਆਂ ਭਰਨ ਲਈ ਆਦੇਸ਼ ਦਿੱਤੇ ਹਨ। ਨਤੀਜਾ ਸਾਹਮਣੇ ਹੈ। ਸਕੂਲਾਂ ਅੰਦਰ ਪਿਆ ਲੱਖਾਂ-ਕਰੋੜਾਂ ਦਾ ਮਾਲ ਚੋਰਾਂ ਦੀ ਪਹੁੰਚ ਵਿੱਚ ਸਹਿਜੇ ਹੀ ਆ ਰਿਹਾ ਹੈ।
ਮਿਡ-ਡੇ ਮੀਲ ਦਾ ਸਮਾਨ ਤੇ ਸਿਲੰਡਰਾਂ ਦੀ ਚੋਰੀ ਤਾਂ ਰੋਜ਼ਾਨਾ ਹੀ ਕਿਸੇ ਨਾ ਕਿਸੇ ਸਕੂਲ ਵਿੱਚ ਹੋਈ ਰਹਿੰਦੀ ਹੈ। ਚੋਰ ਚੋਰਾਂ ਵਾਂਗ ਸਕੂਲ ਵਿੱਚ ਦਾਖਲ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਨੂੰ ਉੱਥੇ ਕੋਈ ਰੋਕਣ ਵਾਲਾ ਤਾਂ ਹੁੰਦਾ ਨਹੀਂ, ਉਹ ਨਿਸਚਿੰਤ ਹੋ ਕੇ ਆਪਣੀ ਮਨ-ਪਸੰਦ ਚੀਜ਼ ਚੋਰੀ ਕਰ ਲੈ ਜਾਂਦੇ ਹਨ। ਸਰਕਾਰ ਵਲੋਂ ਜੇ ਕੋਈ ਵਸਤੂ ਮੁਹੱਈਆ ਕਰਵਾ ਦਿੱਤੀ ਗਈ ਹੈ ਤਾਂ ਉਸ ਦੀ ਰਖਵਾਲੀ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਹੁੰਦਾ।
ਭਾਵੇਂ ਸਕੂਲਾਂ ਵਿੱਚ ਹੁੰਦੀਆਂ ਚੋਰੀਆਂ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਤਾਂ ਪ੍ਰਕਾਸ਼ਿਤ ਹੋ ਜਾਂਦੀਆਂ ਹਨ ਪਰ ਕਿਸੇ ਵਲੋਂ ਢੁੱਕਵੀਂ ਕਾਰਵਾਈ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੋਈ ਜਾ ਰਹੇ ਹਨ। ਸੋ, ਲੋੜ ਹੈ ਇਸ ਮਸਲੇ ‘ਤੇ ਧਿਆਨ ਦੇਣ ਦੀ, ਤਾਂ ਹੀ ਸਰਕਾਰ ਵੱਲੋਂ ਮਿਲੀਆਂ ਸਹੂਲਤਾਂ ਦਾ ਲੋੜਵੰਦਾਂ ਨੂੰ ਲਾਭ ਹੋ ਸਕਦਾ ਹੈ। ਇਸ ਬਾਰੇ ਲੋੜੀਂਦੇ ਪ੍ਰਬੰਧ ਕਰ ਕੇ ਹੀ ਚੋਰਾਂ ਦੀ ਤਾਕਤ ਨੂੰ ਢਾਹ ਲਾਈ ਜਾ ਸਕਦੀ ਹੈ।
ਆਸ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਆਪਣੇ ਅਖ਼ਬਾਰ ‘ਚ ਛੇਤੀ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ।
ਮਿਤੀ : 22 ਮਾਰਚ, 20………