ਹੀਰ ਰਾਂਝਾ : 25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰੀਤ ਕਥਾ : ਹੀਰ ਰਾਂਝਾ


ਪ੍ਰਸ਼ਨ 1. ‘ਹੀਰ’ ਦਾ ਜਨਮ ਕਿੱਥੇ ਹੋਇਆ ਸੀ ?

ਉੱਤਰ : ‘ਹੀਰ’ ਦਾ ਜਨਮ ਦਰਿਆ ਝਨਾਂ ਦੇ ਕੰਢੇ ਝੰਗ ਸਿਆਲ ਦੇ ਸਰਦਾਰ ਮਲਕ ਚੂਚਕ ਦੇ ਘਰ ਹੋਇਆ ਸੀ। ਹੀਰ ਦੇ ਪਿਤਾ ਦਾ ਇਲਾਕੇ ਵਿੱਚ ਬਹੁਤ ਅਸਰ-ਰਸੂਖ ਸੀ।

ਪ੍ਰਸ਼ਨ 2. ‘ਹੀਰ’ ਨੂੰ ਮਾਪਿਆਂ ਨੇ ਕਿਵੇਂ ਪਾਲਿਆ ਸੀ ?

ਉੱਤਰ : ‘ਹੀਰ’ ਦੇ ਮਾਪੇ ਵੱਡੇ ਸਰਦਾਰ ਸਨ। ਉਹਨਾਂ ਨੇ ਆਪਣੀ ਲੜਕੀ ਹੀਰ ਨੂੰ ਖੁੱਲ੍ਹੇ-ਡੁੱਲ੍ਹੇ ਮਹੌਲ ਵਿੱਚ ਪੂਰੇ ਲਾਡ-ਪਿਆਰ ਨਾਲ ਪਾਲਿਆ ਸੀ। ਉਹ ‘ਧੀ’ ਦੇ ਸਾਰੇ ਚਾਅ ਪੂਰੇ ਕਰਦੇ ਸਨ।

ਪ੍ਰਸ਼ਨ 3. ਰਾਂਝੇ ਦੇ ਪਿਤਾ ਬਾਰੇ ਜਾਣਕਾਰੀ ਦਿਓ।

ਉੱਤਰ : ਰਾਂਝੇ ਦੇ ਪਿਤਾ ਦਾ ਨਾਂ ਚੌਧਰੀ ਮੌਜੂ ਸੀ। ਉਹ ਝੰਗ ਸਿਆਲ ਦੇ ਇਲਾਕੇ ਵਿੱਚ ਹੀ ਤਖ਼ਤ ਹਜ਼ਾਰਾ ਨਾਂ ਦੇ ਪਿੰਡ ਵਿੱਚ ਰਹਿੰਦਾ ਸੀ। ਉਸ ਕੋਲ ਬਹੁਤ ਸਾਰੀ ਜ਼ਮੀਨ ਸੀ । ਉਸ ਦੇ ਅੱਠ ਪੁੱਤਰ ਸਨ ਅਤੇ ਰਾਂਝਾ ਸਭ ਤੋਂ ਛੋਟਾ ਸੀ।

ਪ੍ਰਸ਼ਨ 4. ਰਾਂਝੇ ਨੂੰ ਭਰਾਵਾਂ ਨੇ ਕਿਸ ਤਰ੍ਹਾਂ ਦੀ ਜ਼ਮੀਨ ਦਿੱਤੀ ਸੀ ?

ਉੱਤਰ : ਰਾਂਝਾ ਅੱਠ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਹ ਅਜੇ ਅਣਵਿਆਹਿਆ ਹੀ ਸੀ ਕਿ ਪਿਤਾ ਦੀ ਮੌਤ ਹੋ ਗਈ ਸੀ। ਇਸ ਮਗਰੋਂ ਉਸ ਦੇ ਭਰਾਵਾਂ ਨੇ ਜ਼ਮੀਨ ਦੀ ਵੰਡ ਸਮੇਂ ਉਸ ਨੂੰ ਸਭ ਤੋਂ ਮਾੜੀ ਜ਼ਮੀਨ ਦਿੱਤੀ ਸੀ।

ਪ੍ਰਸ਼ਨ 5. ‘ਰਾਂਝੇ’ ਦੀਆਂ ਭਰਜਾਈਆਂ ਨੇ ਉਸ ਨੂੰ ਕੀ ਤਾਹਨਾ ਮਾਰਿਆ ਸੀ ?

ਉੱਤਰ : ਰਾਂਝੇ ਦੀਆਂ ਭਰਜਾਈਆਂ ਵੀ ਉਸ ਦੇ ਭਰਾਵਾਂ ਵਾਂਗ ਹੀ ਉਸ ਨਾਲ ਖਾਰ ਖਾਂਦੀਆਂ ਸਨ। ਉਹਨਾਂ ਨੇ ਰਾਂਝੇ ਨੂੰ ਇਹ ਤਾਹਨਾ ਮਾਰਿਆ ਸੀ ਕਿ “ਜਾਹ, ਦੇਖਾਂਗੇ ਜਦੋਂ ਤੂੰ ਸਿਆਲਾਂ ਦੀ ਹੀਰ ਵਿਆਹ ਲਿਆਵੇਂਗਾ।”

ਪ੍ਰਸ਼ਨ 6. ਰਾਂਝਾ ਬੇੜੀ ਵਿਚਲੇ ਪਲੰਘ ‘ਤੇ ਕਿਉਂ ਸੌਂ ਗਿਆ ਸੀ?

ਉੱਤਰ : ਹੀਰ ਦੀ ਬੇੜੀ ਵਿੱਚ ਅਰਾਮਦਾਇਕ ਪਲੰਘ ਵੀ ਸੀ। ਰਾਂਝਾ ਸਫ਼ਰ ਕਰਨ ਕਾਰਨ ਥੱਕਿਆ ਹੋਇਆ ਸੀ। ਇਸੇ ਕਾਰਨ ਪਲੰਘ ‘ਤੇ ਲੇਟਦਿਆਂ ਹੀ ਉਸ ਨੂੰ ਬਹੁਤ ਗੂੜ੍ਹੀ ਨੀਂਦ ਆ ਗਈ ਸੀ।

ਪ੍ਰਸ਼ਨ 7. ‘ਹੀਰ’ ਨੇ ਰਾਂਝੇ ਨੂੰ ਛਮਕਾਂ ਕਿਉਂ ਮਾਰੀਆਂ ਸਨ?

ਉੱਤਰ : ਜਦੋਂ ਹੀਰ ਨੂੰ ਪਤਾ ਲੱਗਾ ਕਿ ਕੋਈ ਅਜਨਬੀ (ਰਾਂਝਾ) ਉਸ ਦੀ ਬੇੜੀ ਵਿਚਲੇ ਪਲੰਘ ‘ਤੇ ਸੁੱਤਾ ਪਿਆ ਹੈ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਸੀ। ਉਹ ਬੇੜੀ ਕੋਲ ਪਹੁੰਚੀ ਤੇ ਕੜਕਦੀ ਹੋਈ ਰਾਂਝੇ ਨੂੰ ਛਮਕਾਂ ਮਾਰਨ ਲੱਗੀ।

ਪ੍ਰਸ਼ਨ 8. ਹੀਰ ਤੇ ਰਾਂਝੇ ਦਾ ਪ੍ਰੇਮ-ਸੰਬੰਧ ਕਦੋਂ ਬਣਿਆ ਸੀ?

ਉੱਤਰ : ਜਦੋਂ ਹੀਰ ਨੇ ਆਪਣੀ ਬੇੜੀ ਵਿਚਲੇ ਪਲੰਘ ਉੱਪਰ ਸੁੱਤੇ ਹੋਏ ਰਾਂਝੇ ਨੂੰ ਛਮਕਾਂ ਮਾਰੀਆਂ ਤਾਂ ਰਾਂਝੇ ਨੇ ਉੱਠ ਕੇ ਹੀਰ ਵੱਲ ਵੇਖਿਆ। ਇਸ ਪਹਿਲੀ ਤੱਕਣੀ ਵਿੱਚ ਹੀ ਦੋਵੇਂ ਪ੍ਰੇਮ-ਸੰਬੰਧ ਵਿੱਚ ਬੱਝ ਗਏ ਸਨ।

ਪ੍ਰਸ਼ਨ 9. ਰਾਂਝੇ ਨੇ ਹੀਰ ਦੇ ਪਿਓ ਦੀਆਂ ਮੱਝਾਂ ਕਿੰਨੇ ਸਾਲ ਚਰਾਈਆਂ ਸਨ ?

ਉੱਤਰ : ਹੀਰ ਨੇ ਰਾਂਝੇ ਨੂੰ ਮਿਲਦੇ ਰਹਿਣ ਲਈ ਪਿਤਾ ਨੂੰ ਆਖ ਕੇ ਮੱਝਾਂ ਚਾਰਨ ਵਾਲਾ ਨੌਕਰ ਰਖਵਾ ਦਿੱਤਾ ਸੀ। ਰਾਂਝੇ ਨੇ ਹੀਰ ਦੇ ਪਿਓ ਦੀਆਂ ਬਾਰਾਂ ਸਾਲ ਮੱਝਾਂ ਚਾਰੀਆਂ ਸਨ।

ਪ੍ਰਸ਼ਨ 10. ਹੀਰ ਦੇ ਪਿਤਾ ਨੇ ਹੀਰ ਦਾ ਵਿਆਹ ਹੁਸ਼ਿਆਰੀ ਨਾਲ ਕਿਉਂ ਕੀਤਾ ਸੀ ?

ਉੱਤਰ : ਜਦੋਂ ਰਾਂਝਾ ਹੀਰ ਦੇ ਪਿਓ ਦੀਆਂ ਮੱਝਾਂ ਚਾਰਦਾ ਸੀ ਤਾਂ ਉਹ ਤੇ ਹੀਰ ਚੋਰੀ-ਚੋਰੀ ਇੱਕ ਦੂਸਰੇ ਨੂੰ ਮਿਲਦੇ ਸਨ । ਜਦੋਂ ਉਹਨਾਂ ਦੇ ਇਸ ਪਿਆਰ ਦੀ ਚਰਚਾ ਸਾਰੇ ਪਿੰਡ ‘ਚ ਫੈਲ ਗਈ ਤਾਂ ਹੀਰ ਦੇ ਪਿਓ ਨੇ ਉਸ ਦਾ ਹੁਸ਼ਿਆਰੀ ਨਾਲ ਵਿਆਹ ਕਰ ਦਿੱਤਾ ਸੀ।

ਪ੍ਰਸ਼ਨ 11. ‘ਹੀਰ’ ਨੂੰ ਆਪਣਾ ਪਤੀ ਸੈਦਾ ਕਿਉਂ ਪ੍ਰਵਾਨ ਨਹੀਂ ਸੀ?

ਉੱਤਰ : ‘ਹੀਰ’ ਨੂੰ ਆਪਣਾ ਪਤੀ ਸੈਦਾ ਬਿਲਕੁਲ ਹੀ ਪ੍ਰਵਾਨ ਨਹੀਂ ਸੀ ਕਿਉਂਕਿ ਇਹ ਵਿਆਹ ਉਸ ਦੀ ਇੱਛਾ ਦੇ ਖ਼ਿਲਾਫ਼ ਹੋਇਆ ਸੀ। ਹੀਰ ਤਾਂ ਰਾਂਝੇ ਦੀ ਹੋ ਚੁੱਕੀ ਸੀ।

ਪ੍ਰਸ਼ਨ 12. ਸਹਿਤੀ ਕੌਣ ਸੀ ਤੇ ਉਹ ਕਿਸ ਨੂੰ ਪਿਆਰ ਕਰਦੀ ਸੀ ?

ਉੱਤਰ : ਹੀਰ ਦੇ ਸਹੁਰੇ ਘਰ ਇੱਕ ਨਨਾਣ ਸੀ। ਉਸ ਦਾ ਨਾਂ ਸਹਿਤੀ ਸੀ। ਸਹਿਤੀ ਇੱਕ ਬਲੋਚ ਨੂੰ ਪਿਆਰ ਕਰਦੀ ਸੀ। ਉਸ ਬਲੋਚ ਦਾ ਨਾਂ ਮੁਰਾਦ ਸੀ।

ਪ੍ਰਸ਼ਨ 13. ਸਹੁਰੇ ਘਰ ਹੀਰ ਰਾਂਝੇ ਨੂੰ ਕਿਵੇਂ ਮਿਲ਼ਦੀ ਸੀ?

ਉੱਤਰ : ਸਹੁਰੇ ਘਰ ਹੀਰ ਤੇ ਉਸ ਦੀ ਨਣਾਨ ਸਹਿਤੀ ਇੱਕ ਦੂਜੇ ਨਾਲ ਦਿਲ ਦੇ ਭੇਦ ਸਾਂਝੇ ਕਰ ਲੈਂਦੀਆਂ ਸਨ। ਇਸੇ ਸਦਕਾ ਹੀਰ ਸਹਿਤੀ ਦੀ ਸਹਾਇਤਾ ਨਾਲ ਜੋਗੀ ਬਣੇ ਰਾਂਝੇ ਨੂੰ ਮਿਲ਼ਦੀ ਸੀ।

ਪ੍ਰਸ਼ਨ 14. ਹੀਰ ਤੇ ਰਾਂਝਾ ਰੰਗਪੁਰ ਤੋਂ ਕਿਵੇਂ ਭੱਜੇ ਸਨ?

ਉੱਤਰ : ਜਦੋਂ ਰਾਂਝਾ ਹੀਰ ਨੂੰ ਜੋਗੀ ਦੇ ਰੂਪ ਵਿੱਚ ਰੰਗਪੁਰ ਖੇੜਿਆਂ ਵਿੱਚ ਮਿਲਨ ਲੱਗਾ ਸੀ ਤਾਂ ਅੰਤ ਉਹ ਦੋਵੇਂ ਹੀਰ ਦੀ ਨਣਦ ਸਹਿਤੀ ਦੀ ਸਹਾਇਤਾ ਨਾਲ ਰੰਗਪੁਰ ਖੇੜਿਆਂ ਤੋਂ ਭੱਜ ਗਏ ਸਨ।

ਪ੍ਰਸ਼ਨ 15. ਕੋਟਕਬੂਲੇ ਦੇ ਕਾਜ਼ੀ ਨੇ ਕੀ ਫੈਸਲਾ ਕੀਤਾ ਸੀ?

ਉੱਤਰ : ਜਦੋਂ ਰੰਗਪੁਰ ਖੇੜਿਆਂ ਤੋਂ ਭੱਜੇ ਹੀਰ ਤੇ ਰਾਂਝੇ ਨੂੰ ਫੜ ਲਿਆ ਗਿਆ ਤਾਂ ਇਹ ਮਾਮਲਾ ਕੋਟਕਬੂਲੇ ਦੇ ਕਾਜ਼ੀ ਕੋਲ ਪਹੁੰਚਿਆ। ਕਾਜ਼ੀ ਨੇ ਦੋਹਾਂ ਧਿਰਾਂ ਨੂੰ ਸੁਣਨ ਉਪਰੰਤ ਹੀਰ ਤੇ ਰਾਂਝੇ ਦੇ ਹੱਕ ‘ਚ ਫ਼ੈਸਲਾ ਕਰ ਦਿੱਤਾ ਸੀ।

ਪ੍ਰਸ਼ਨ 16. ਰਾਂਝੇ ਦੇ ਪਿੰਡੋਂ ਜੰਞ ਲਿਆਉਣ ਲਈ ਜਾਣ ਮਗਰੋਂ ਹੀਰ ਦੇ ਮਾਪਿਆਂ ਨੇ ਹੀਰ ਨੂੰ ਕੀ ਕਿਹਾ ਸੀ?

ਉੱਤਰ : ਜਦੋਂ ਹੀਰ ਦੇ ਮਾਪਿਆਂ ਨੇ ਰਾਂਝੇ ਨੂੰ ਗੁੱਝੀ ਚਾਲ ਨਾਲ ਪਿੰਡ ਜਾ ਕੇ ਜੰਞ ਲਿਆ ਕੇ ਹੀਰ ਨੂੰ ਵਿਆਹ ਕੇ ਲੈ ਜਾਣ ਲਈ ਭੇਜ ਦਿੱਤਾ ਤਾਂ ਉਹਨਾਂ ਪਿੱਛੋਂ ਹੀਰ ਕੋਲ ਝੂਠ ਆਖ ਦਿੱਤਾ ਕਿ ਰਾਂਝੇ ਨੂੰ ਕਿਸੇ ਮਾਰ ਦਿੱਤਾ ਹੈ।

ਪ੍ਰਸ਼ਨ 17. ਹੀਰ ਦੀ ਮੌਤ ਕਿਵੇਂ ਹੋਈ ਸੀ?

ਉੱਤਰ : ਜਦੋਂ ਹੀਰ ਦੇ ਮਾਪਿਆਂ ਨੇ ਹੀਰ ਕੋਲ ਝੂਠ ਆਖਿਆ ਕਿ ਪਿੰਡੋਂ ਜੰਞ ਲੈਣ ਗਏ ਰਾਂਝੇ ਨੂੰ ਕਿਸੇ ਨੇ ਮਾਰ ਦਿੱਤਾ ਹੈ ਤਾਂ ਉਹ ਇਹ ਸੁਣ ਕੇ ਬੇਹੋਸ਼ ਹੋ ਗਈ। ਇਸੇ ਸਮੇਂ ਹੀਰ ਦੇ ਚਾਚੇ ਕੈਦੋਂ ਨੇ ਉਸ ਨੂੰ ਜ਼ਹਿਰ ਪਿਆ ਕੇ ਮਾਰ ਮੁਕਾਇਆ।

ਪ੍ਰਸ਼ਨ 18. ਰਾਂਝੇ ਦੀ ਮੌਤ ਕਿਵੇਂ ਹੋਈ ਸੀ?

ਉੱਤਰ : ਜਦੋਂ ਹੀਰ ਦੇ ਮਾਪਿਆਂ ਨੇ ਗੁੱਝੀ ਚਾਲ ਨਾਲ ਹੀਰ ਨੂੰ ਰਾਂਝੇ ਦੀ ਮੌਤ ਬਾਰੇ ਝੂਠੀ ਖ਼ਬਰ ਦਿੱਤੀ ਤਾਂ ਇਹ ਖ਼ਬਰ ਸੁਣ ਕੇ ਬੇਹੋਸ਼ ਹੋਈ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਜਦੋਂ ਹੀਰ ਦੀ ਮੌਤ ਬਾਰੇ ਰਾਂਝੇ ਨੂੰ ਪਤਾ ਲੱਗਾ ਤਾਂ ਉਸ ਨੇ ਵੀ ਪ੍ਰਾਣ ਤਿਆਗ ਦਿੱਤੇ।