CBSEClass 9th NCERT PunjabiEducationPunjab School Education Board(PSEB)

ਸੱਜਣ ਦਾ ਪਾਤਰ ਚਿਤਰਨ


ਇਕਾਂਗੀ : ਪਰਤ ਆਉਣ ਤਕ


ਪ੍ਰਸ਼ਨ. ਸੱਜਣ ਦਾ ਚਰਿੱਤਰ ਚਿਤਰਨ ਕਰੋ।

ਉੱਤਰ : ਸੱਜਣ ‘ਪਰਤ ਆਉਣ ਤਕ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਸਦੇ ਬਾਪ ਦਾ ਨਾਂ ਪੰਜਾਬਾ ਹੈ, ਜੋ ਕਿ ਬਜ਼ੁਰਗ ਹੈ। ਕਰਤਾਰੀ ਉਸ ਦੀ ਪਤਨੀ ਹੈ ਅਤੇ ਦੀਪਾ (ਗੁਰਦੀਪ) ਉਸ ਦਾ ਪੁੱਤਰ। ਸੁੰਦਰ ਉਸ ਦਾ ਛੋਟਾ ਭਰਾ ਹੈ। ਸੰਤੀ ਉਸ ਦੇ ਛੋਟੇ ਭਰਾ ਦੀ ਪਤਨੀ ਹੈ, ਪਰ ਇਸ ਦੀ ਸਾਲੀ ਵੀ ਲਗਦੀ ਹੈ। ਸੱਜਣ ਆਪਣੇ ਭਰਾ ਸੁੰਦਰ ਵਾਂਗ ਹੀ ਪਿੰਡ ਵਿਚ ਖੇਤੀ ਦਾ ਕੰਮ ਕਰਦਾ ਹੈ।

ਪਤਨੀ ਦੇ ਲੜਾਕੇ ਸੁਭਾ ਤੋਂ ਦੁਖੀ : ਸੱਜਣ ਆਪਣੇ ਭਰਾ ਸੁੰਦਰ ਵਾਂਗ ਹੀ ਆਪਣੀ ਪਤਨੀ ਕਰਤਾਰੀ ਦੇ ਦਿਰਾਣੀ ਨਾਲ ਝਗੜਾ ਕਰਨ ਦੇ ਸੁਭਾ ਤੋਂ ਬਹੁਤ ਦੁਖੀ ਹੈ। ਉਹ ਨਹੀਂ ਚਾਹੁੰਦਾ ਕਿ ਉਹ ਜਦੋਂ ਜੀ ਕਰੇ ਉਸ ਨਾਲ ਆਪਣੀ ਦਿਰਾਣੀ ਵਿਰੁੱਧ ਗੱਲਾਂ ਸ਼ੁਰੂ ਕਰ ਦੇਵੇ ਤੇ ਉਸਨੂੰ ਪਰੇਸ਼ਾਨ ਕਰੇ, ਕਿਉਂਕਿ ਉਹ ਉਸਨੂੰ ਵੀ ਘੱਟ ਨਹੀਂ ਸਮਝਦਾ।

ਨਿਰਪੱਖ : ਸੱਜਣ ਆਪਣੀ ਪਤਨੀ ਕਰਤਾਰੀ ਅਤੇ ਆਪਣੇ ਭਰਾ ਦੀ ਪਤਨੀ ਸੰਤੀ ਦੇ ਝਗੜੇ ਵਿਚੋਂ ਦੋਹਾਂ ਨੂੰ ਇੱਕੋ ਜਿਹੀਆਂ ਕਸੂਰਵਾਰ ਸਮਝਦਾ ਹੈ ਤੇ ਕਿਸੇ ਦਾ ਪੱਖ ਨਹੀਂ ਲੈਂਦਾ। ਇਸੇ ਕਰਕੇ ਉਹ ਕਰਤਾਰੀ ਦੀਆਂ ਸੰਤੀ ਵਿਰੁੱਧ ਗੱਲਾਂ ਸੁਣ ਕੇ ਉਸਨੂੰ ਕਹਿੰਦਾ ਹੈ, ”ਓ ਤੂੰ ਕਿਸੇ ਨਾਲੋਂ ਘੱਟ ਐਂ। ਮੈਂ ਜਾਣਦਾ ਨਹੀਂ। ਤੁਸੀਂ ਦੋਵੇਂ ਟੋਆ ਪੁੱਟ ਕੇ ਦੱਬਣ ਵਾਲੀਆਂ ਓ। ਅਖੇ ਜੀ, ਸਕੀਆਂ ਭੈਣਾਂ ਘਰ ‘ਚ ਲੈ ਆਓ। ਇਹ ਸਕੀਆਂ ਸੌਂਕਣਾਂ ਨੂੰ ਟੱਪੀਆਂ ਫਿਰਦੀਆਂ।” ਉਹ ਸੁੰਦਰ ਵਾਂਗ ਹੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਸਨੂੰ ਘਰ ਵਿਚ ਪਿਆਰ ਨਾਲ ਰਹਿਣ ਦੀ ਗੱਲ ਵਾਰ-ਵਾਰ ਨਾ ਕਹਿਣੀ ਪਵੇ। ਉਹ ਕਰਤਾਰੀ, ਸੁੰਦਰ ਤੇ ਸੰਤੀ ਤਿੰਨਾਂ ਨੂੰ ਕਹਿੰਦਾ ਹੈ, ”ਆਪਣੇ-ਆਪਣੇ ਘਰ ਰਹੋ ਬੰਦਿਆਂ ਆਂਗੂ ਸਾਰੇ, ਨਹੀਂ ਫੇਰ ਜੇ ਮੈਨੂੰ ਚੜ੍ਹ ਗਿਆ ਨਾ ਰੌਣ, ਅਜਿਹੀ ਕਰੂੰ ਸਾਰਿਆਂ ਨਾਲ ਬਈ ਅਗਲਾ-ਪਿਛਲਾ ਝਾਕੋਗੇ, ਸਮਝੇ।”

ਸੁੰਦਰ ਨਾਲੋਂ ਗਰਮ ਸੁਭਾ ਦਾ : ਸੱਜਣ ਸੁੰਦਰ ਨਾਲੋਂ ਜ਼ਰਾ ਗਰਮ ਸੁਭਾ ਦਾ ਹੈ। ਜਿੱਥੇ ਸੁੰਦਰ ਆਪਣੀ ਪਤਨੀ ਸੰਤੀ ਨੂੰ ਜ਼ਰਾ ਨਰਮੀ ਨਾਲ ਚੁੱਪ ਕਰਾਉਂਦਾ ਹੈ, ਉੱਥੇ ਸੱਜਣ ਆਪਣੀ ਪਤਨੀ ਕਰਤਾਰੀ ਨੂੰ ਕਹਿੰਦਾ ਹੈ ” ਤੂੰ ਮੈਥੋਂ ਹੁਣ ਟੰਬੇ ਖਾ ਕੇ ਈ ਹਟੇਂਗੀ…।” ਪਰੰਤੂ ਇਸ ਦੇ ਬਾਵਜੂਦ ਉਹ ਨਿਰਪੱਖ ਰਹਿੰਦਾ ਹੈ। ਉਸਦੇ ਬੋਲ ਇਸ ਤਰ੍ਹਾਂ ਲਗਦੇ ਹਨ, ਜਿਵੇਂ ਉਹ ਕਰਤਾਰੀ ਤੇ ਸੰਤੀ ਦੋਹਾਂ ਨੂੰ ਕਹਿ ਰਿਹਾ ਹੋਵੇ।

ਬਾਪੂ ਦਾ ਖ਼ਿਆਲ ਰੱਖਣ ਵਾਲਾ : ਜਦੋਂ ਉਸਨੂੰ ਬਾਪੂ ਜ਼ਰਾ ਢਿੱਲਾ ਹੋਇਆ ਦਿਸਦਾ ਹੈ, ਤਾਂ ਉਹ ਬਹੁਤ ਫ਼ਿਕਰਮੰਦ ਹੁੰਦਾ ਹੈ। ਉਹ ਉਸ ਦੀ ਦੇਖ-ਭਾਲ ਕਰਦਾ ਹੋਇਆ ਉਸਨੂੰ ਆਪਣੇ ਘਰ ਵਿਚ ਆ ਜਾਣ ਲਈ ਕਹਿੰਦਾ ਹੈ। ਜਦੋਂ ਬਾਪੂ ਨਹੀਂ ਮੰਨਦਾ, ਤਾਂ ਉਹ ਬਹੁਤ ਫ਼ਿਕਰਮੰਦ ਹੁੰਦਾ ਹੈ। ਫਿਰ ਉਹ ਸੁੰਦਰ ਵਾਂਗ ਹੀ ਦੀਪੇ ਤੇ ਜਿੰਦੇ ਦੇ ਬਾਪੂ ਦੀ ਮਾਨਸਿਕ ਹਾਲਤ ਬਾਰੇ ਸਮਝਾਉਣ  ਤੇ ਘਰ ਨੂੰ ਇਕੱਠਾ ਕਰਨਾ ਮੰਨ ਜਾਂਦਾ ਹੈ, ਜਿਸਨੂੰ ਸੰਤੀ ਵੀ ਤੇ ਹੋਰ ਸਾਰੇ ਵੀ ਮਨਜ਼ੂਰ ਕਰ ਲੈਂਦੇ ਹਨ।