CBSEclass 11 PunjabiEducationParagraphPunjab School Education Board(PSEB)

ਸੰਸਾਰ 21ਵੀਂ ਸਦੀ ਵਿਚ – ਪੈਰਾ ਰਚਨਾ

ਇਸ ਸਮੇਂ ਸੰਸਾਰ ਨੂੰ 21ਵੀਂ ਸਦੀ ਵਿਚ ਪ੍ਰਵੇਸ਼ ਕੀਤਿਆਂ ਡੇਢ ਦਹਾਕਾ ਬੀਤਣ ਵਾਲਾ ਹੈ। ਇਸ ਸਦੀ ਵਿੱਚ ਬੀਤੀ ਸਦੀ ਵਿੱਚ ਆਪਣਾ ਬਚਪਨ ਗੁਜ਼ਾਰ ਚੁੱਕੇ ਵਿਗਿਆਨਕ ਯੁੱਗ ਨੂੰ ਜਵਾਨੀ ਚੜ੍ਹਨ ਦੀ ਆਸ ਹੈ, ਜਿਸ ਸਦਕਾ ਕੰਪਿਊਟਰ ਤੇ ਆਟੋਮੇਸ਼ਨ ਦੁਆਰਾ ਮਨੁੱਖ ਦੇ ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮਾਂ ਦਾ ਸਨਅਤੀਕਰਨ ਤੇ ਕੰਪਿਊਟਰੀਕਰਨ ਹੋਣ ਨਾਲ ਉਸ ਦੀ ਜ਼ਿੰਦਗੀ ਬਹੁਤ ਹੀ ਆਰਾਮ ਭਰੀ ਹੋ ਜਾਵੇਗੀ, ਜਿਸ ਕਾਰਨ ਉਸ ਨੂੰ ਆਪਣੇ ਸਰੀਰ ਨੂੰ ਬਿਮਾਰੀਆਂ ਦਾ ਟਾਕਰਾ ਕਰਨ ਦੇ ਯੋਗ ਬਣਾਉਣ ਲਈ ਦਵਾਈਆਂ, ਕਸਰਤਾਂ ਤੇ ਯੋਗ ਦੇ ਆਸਣਾਂ ਦਾ ਸਹਾਰਾ ਲੈਣਾ ਪਵੇਗਾ। ਬਾਲਣ ਦੇ ਮੌਜੂਦਾ ਸ੍ਰੋਤਾਂ – ਪੈਟਰੋਲ, ਡੀਜ਼ਲ, ਕੋਇਲਾ ਤੇ ਲੱਕੜੀ ਦੇ ਘਟਣ ਨਾਲ ਐਟਮੀ ਸ਼ਕਤੀ ਜਿਹੇ ਨਵੇਂ ਸ੍ਰੋਤਾਂ ਦਾ ਵਿਕਾਸ ਕਰਨ ਤੋਂ ਬਿਨਾਂ ਹੋਰ ਸ੍ਰੋਤ ਵੀ ਲੱਭੇ ਜਾਣਗੇ, ਜਿਸ ਕਾਰਨ ਵਰਤਮਾਨ ਮਸ਼ੀਨਾਂ ਦੀਆਂ ਤਕਨੀਕਾਂ ਵਿਚ ਵੀ ਤਬਦੀਲੀ ਆਵੇਗੀ। ਆਬਾਦੀ ਵਿਸਫੋਟ, ਪ੍ਰਦੂਸ਼ਣ, ਏਡਜ਼ ਤੇ ਮਾਨਸਿਕ ਤਣਾਓ ਤੋਂ ਉਪਜੇ ਸਰੀਰਕ ਤੇ ਮਾਨਸਿਕ ਰੋਗ ਮਨੁੱਖ ਦੇ ਸਭ ਤੋਂ ਵੱਡੇ ਦੁਸ਼ਮਣ ਸਿੱਧ ਹੋਣਗੇ। ਇਸ ਸਦੀ ਵਿੱਚ ਸੰਸਾਰ ਵਿਚ ਅਮਨ ਸਥਾਪਿਤ ਹੋਣ ਦੀ ਸੰਭਾਵਨਾ ਘੱਟ ਜਾਪਦੀ ਹੈ ਤੇ ਬਹੁਤ ਸਾਰੇ ਦੇਸ਼ਾਂ ਦਾ ਵਰਤਮਾਨ ਢਾਂਚਾ ਟੋਟੇ ਹੋ ਕੇ ਉਨ੍ਹਾਂ ਦੀ ਨਵੀਂ ਭੂਗੋਲਿਕ ਰੂਪ – ਰੇਖਾ ਉਘੜੇਗੀ। ਸ਼ੋਸ਼ਣ ਕਰਨ ਵਾਲੀਆਂ ਤਾਕਤਾਂ ਤੇ ਵੱਡੀਆਂ ਤਾਕਤਾਂ ਵਿਚਕਾਰ ਹੋਰਨਾਂ ਦੇਸ਼ਾਂ ਦੇ ਕੁਦਰਤੀ ਸਾਧਨਾਂ ਉੱਤੇ ਕਬਜ਼ੇ ਕਰਨ ਤੇ ਰੱਖਣ ਲਈ ਠੰਢੀ ਜੰਗ ਚਲਦੀ ਰਹੇਗੀ ਤੇ ਲੋੜ ਪੈਣ ਉੱਤੇ ਉਹ ਜੰਗ ਤੋਂ ਪਰਹੇਜ਼ ਨਹੀਂ ਕਰਨਗੀਆਂ। ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਸੰਸਾਰ ਸੱਭਿਅਤਾ ਦੇ ਇਤਿਹਾਸ ਵਿਚ 21ਵੀਂ ਸਦੀ ਦੀਆਂ ਪ੍ਰਾਪਤੀਆਂ ਮਨੁੱਖੀ ਅਕਲ ਨੂੰ ਦੰਗ ਕਰ ਦੇਣ ਵਾਲੀਆਂ ਹੋਣਗੀਆਂ।