ਸੰਖੇਪ ਸਾਰ : ਮੋਦੀਖਾਨਾ ਸੰਭਾਲਿਆ
ਵਾਰਤਕ ਭਾਗ : ਮੋਦੀਖਾਨਾ ਸੰਭਾਲਿਆ
ਪ੍ਰਸ਼ਨ. ‘ਮੋਦੀਖ਼ਾਨਾ ਸੰਭਾਲਿਆ’ ਸਾਖੀ ਦਾ ਸੰਖੇਪ-ਸਾਰ ਲਿਖੋ।
ਉੱਤਰ : ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਪਹੁੰਚਣ ‘ਤੇ ਉਨ੍ਹਾਂ ਨੂੰ ਚੰਗਾ-ਭਲਾ ਦੇਖ ਕੇ ਜੈਰਾਮ ਬਹੁਤ ਖ਼ੁਸ਼ ਹੋਇਆ। ਉਹ ਨਵਾਬ ਦੌਲਤ ਖ਼ਾਂ ਤੋਂ ਆਗਿਆ ਲੈ ਕੇ ਗੁਰੂ ਨਾਨਕ ਦੇਵ ਜੀ ਨੂੰ ਉਸ ਕੋਲ ਲੈ ਗਿਆ। ਗੁਰੂ ਜੀ ਉਸ ਨੂੰ ਨਜ਼ਰਾਨਾ ਲੈ ਕੇ ਮਿਲੇ। ਖ਼ਾਨ ਨੂੰ ਗੁਰੂ ਜੀ ਬੜੇ ਦਿਆਨਤਦਾਰ ਨਜ਼ਰ ਆਏ ਤੇ ਉਸ ਨੇ ਜੈਰਾਮ ਨੂੰ ਕਿਹਾ ਕਿ ਉਹ ਕੰਮ ਉਨ੍ਹਾਂ ਦੇ ਹਵਾਲੇ ਕਰ ਦੇਵੇ। ਇਹ ਸੁਣ ਕੇ ਗੁਰੂ ਜੀ ਖ਼ੁਸ਼ ਹੋਏ ਤੇ ਖ਼ਾਨ ਨੇ ਸਿਰੋਪਾ ਦਿੱਤਾ। ਇਸ ਪਿੱਛੋਂ ਗੁਰੂ ਜੀ ਦਾ ਕੰਮ ਦੇਖ ਕੇ ਸਾਰੇ ਖ਼ਾਨ ਕੋਲ ਉਨ੍ਹਾਂ ਦੀ ਵਡਿਆਈ ਕਰਨ ਲੱਗੇ। ਗੁਰੂ ਜੀ ਆਪਣੇ ਅਲੂਫ਼ੇ ਵਿਚੋਂ ਬਚਿਆ ਦਾਨ ਕਰ ਦਿੰਦੇ। ਫਿਰ ਤਲਵੰਡੀਓਂ ਮਰਦਾਨਾ ਡੂਮ ਵੀ ਉਨ੍ਹਾਂ ਕੋਲ ਆ ਟਿਕਿਆ। ਗੁਰੂ ਜੀ ਕੋਲ ਜਿਹੜਾ ਵੀ ਆਉਂਦਾ, ਉਹ ਉਸ ਨੂੰ ਖ਼ਾਨ ਤੋਂ ਅਲੂਫ਼ਾ ਲੁਆ ਦਿੰਦੇ। ਗੁਰੂ ਜੀ ਦੀ ਰਸੋਈ ਤਿਆਰ ਹੋਣ ਉੱਤ ਤੇ ਸਾਰੇ ਛਕਦੇ ਤੇ ਰਾਤ ਨੂੰ ਹਰ ਰੋਜ਼ ਕੀਰਤਨ ਹੁੰਦਾ। ਪਹਿਰ ਰਾਤ ਰਹਿੰਦੀ ਨੂੰ ਗੁਰੂ ਜੀ ਦਰਿਆ ਉੱਤੇ ਇਸ਼ਨਾਨ ਕਰਦੇ। ਸਵੇਰ ਹੋਣ ‘ਤੇ ਉਹ ਕੱਪੜੇ ਪਾ ਕੇ ਤੇ ਤਿਲਕ ਲਾ ਕੇ ਦਫ਼ਤਰ ਵਿੱਚ ਲਿਖਣ ਬਹਿ ਜਾਂਦੇ।