ਸੰਖੇਪ ਸਾਰ : ਧਰਤੀ ਹੇਠਲਾ ਬਲਦ
ਪ੍ਰਸ਼ਨ. ‘ਧਰਤੀ ਹੇਠਲਾ ਬਲਦ’ ਕਹਾਣੀ ਦਾ ਸਾਰ 150 ਸ਼ਬਦਾਂ ਵਿੱਚ ਲਿਖੋ।
ਉੱਤਰ : ਬਰਮਾ ਦੇ ਫਰੰਟ ਤੋਂ ਫੌਜ ਵਿੱਚੋਂ ਛੁੱਟੀ ਕੱਟਣ ਲਈ ਆਇਆ ਮਾਨ ਸਿੰਘ ਬੜੇ ਚਾਅ ਨਾਲ ਆਪਣੇ ਮਿੱਤਰ ਕਰਮ ਸਿੰਘ ਦੀ ਇੱਛਾ ਅਨੁਸਾਰ ਉਸ ਦੇ ਪਰਿਵਾਰ ਨੂੰ ਮਿਲਣ ਲਈ ਚੂਹੜਕਾਣੇ ਤੋਂ ਮਾਝੇ ਵਿੱਚ ਉਸ ਦੇ ਪਿੰਡ ਠੱਠੀਖ਼ਾਰੇ ਪੁੱਜਾ, ਜਿੱਥੇ ਉਸ ਦੇ ਪਹੁੰਚਣ ਤੋਂ ਪਹਿਲਾਂ ਕਰਮ ਸਿੰਘ ਦੇ ਲੜਾਈ ਵਿਚ ਮਾਰੇ ਜਾਣ ਦੀ ਖ਼ਬਰ ਪਹੁੰਚ ਚੁੱਕੀ ਸੀ। ਮਾਨ ਸਿੰਘ ਦੇ ਉੱਥੇ ਪਹੁੰਚਣ ‘ਤੇ ਕਰਮ ਸਿੰਘ ਦਾ ਬਾਪੂ ਖ਼ੁਸ਼ ਹੋਇਆ ਨਾ ਦਿਸਿਆ। ਜੇਕਰ ਕਰਮ ਸਿੰਘ ਦੀ ਮਾਂ ਚਾਹ ਲੈ ਕੇ ਆਈ, ਤਾਂ ਉਸ ਨੇ ਵੀ ਕੋਈ ਬਹੁਤੀ ਦਿਲਚਸਪੀ ਜ਼ਾਹਰ ਨਹੀਂ ਕੀਤੀ। ਕਰਮ ਸਿੰਘ ਦੇ ਛੋਟੇ ਭਰਾ ਨੇ ਵੀ ਮਾਨ ਸਿੰਘ ਦੁਆਰਾ ਕਰਮ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਕੀਤੀਆਂ ਗੱਲਾਂ ਵਿੱਚ ਬਹੁਤੀ ਰੁਚੀ ਜ਼ਾਹਰ ਨਾ ਕੀਤੀ। ਅਗਲੇ ਦਿਨ ਜਸਵੰਤ ਸਿੰਘ ਤਰਨ ਤਾਰਨ ਉਸ ਦੇ ਨਾਲ ਗਿਆ, ਤਾਂ ਉਹ ਘੁੱਟਿਆ-ਘੁੱਟਿਆ ਰਿਹਾ । ਤਰਨ ਤਾਰਨੋਂ ਵਾਪਸ ਆ ਕੇ ਮਾਨ ਸਿੰਘ ਵਾਪਸ ਜਾਣ ਦੀਆਂ ਸਲਾਹਾਂ ਵਿੱਚ ਹੀ ਸੀ ਕਿ ਡਾਕੀਆ ਕਰਮ ਸਿੰਘ ਦੀ ਪੈਨਸ਼ਨ ਦੇ ਕਾਗ਼ਜ਼ ਲੈ ਕੇ ਆ ਗਿਆ, ਜਿਸ ਤੋਂ ਉਸ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਤਾ ਲੱਗਾ। ਕਰਮ ਸਿੰਘ ਦੇ ਬਾਪੂ ਨੇ ਕਿਹਾ ਕਿ ਉਹ ਉਸ ਦੀ ਛੁੱਟੀ ਦੀ ਖ਼ੁਸ਼ੀ ਨਹੀਂ ਸੀ ਖ਼ਰਾਬ ਕਰਨੀ ਚਾਹੁੰਦੇ, ਕਿਉਂਕਿ ਫ਼ੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਵਾਪਸ ਜਾਂਦਿਆਂ ਮਾਨ ਸਿੰਘ ਨੂੰ ਰਾਹ ਵਿਚ ਕਿਲ੍ਹਿਆਂ ਵਰਗੇ ਮਾਝੇ ਦੇ ਪਿੰਡ ਤੇ ਧਾੜਵੀਆਂ ਦਾ ਟਾਕਰਾ ਕਰਨ ਵਾਲੇ ਸ਼ਹੀਦਾਂ ਦੀਆਂ ਮੜ੍ਹੀਆਂ ਤੇ ਸਮਾਧਾਂ ਦੇਖ ਕੇ ਸਮਝ ਲੱਗੀ ਕਿ ਕਰਮ ਸਿੰਘ ਦੇ ਬਾਪੂ ਵਿੱਚ ਇੰਨੀ ਸਹਿਣ-ਸ਼ਕਤੀ ਕਿਉਂ ਹੈ। ਉਹ ਤਾਂ ਦੂਜਿਆਂ ਨੂੰ ਦੁੱਖ ਦੇ ਭਾਰ ਤੋਂ ਹੌਲਾ ਰੱਖਣ ਲਈ ਸਾਰਾ ਭਾਰ ਆਪ ਹੀ ਚੁੱਕਣਾ ਚਾਹੁੰਦਾ ਸੀ। ਇਸ ਤਰ੍ਹਾਂ ਉਹ ਉਸ ਨੂੰ ‘ਧਰਤੀ ਹੇਠਲਾ ਬਲਦ’ ਪ੍ਰਤੀਤ ਹੋਇਆ।