ਸੰਖੇਪ ਰਚਨਾ
ਗ੍ਰਹਿਸਤੀ ਜੀਵਨ ਦੀ ਮਹੱਤਤਾ
ਜਿਹੜੇ ਲੋਕੀਂ ਘਰੋਗੀ ਜੀਵਨ ਛੱਡ ਕੇ ਸਾਧ-ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕੰਮ
ਉਤਨਾ ਹੀ ਔਖਾ ਹੈ ਜਿਤਨਾ ਕਿ ਉਸ ਕਿਸਾਨ ਲਈ ਜੋ ਧਰਤੀ ਨੂੰ ਛੱਡ ਕੇ ਹਵਾ ਵਿੱਚ ਬੀ ਬੀਜਣਾ ਚਾਹੇ। ਵੱਡੇ-ਵੱਡੇ ਮਹਾਂਪੁਰਖ ਅਖਵਾਣ ਵਾਲੇ ਜੋ ਗ੍ਰਹਿਸਤ ਤੋਂ ਕੰਨੀ ਕਤਰਾਉਂਦੇ ਸਨ, ਧਾਰਮਕ ਜਾਂ ਇਖ਼ਲਾਕੀ ਔਕੜ ਪੈਣ ‘ਤੇ ਝੱਟ ਡਿੱਗ ਜਾਂਦੇ ਸਨ। ਕਈ ਸਾਖੀਆਂ ਪ੍ਰਚਲਿਤ ਹਨ ਕਿ ਉਹ ਸਾਰੀ ਉਮਰ ਜਤੀ ਰਹੇ ਪਰ ਜਦ ਕਿਸੇ ਦਰਿਆ ਦੇ ਕੰਢੇ ਇਸਤਰੀਆਂ ਨ੍ਹਾਉਂਦੀਆਂ ਦੇਖੀਆਂ ਤਾਂ ਆਪਣੇ-ਆਪ ਉੱਤੇ ਕਾਬੂ ਨਾ ਰੱਖ ਸਕੇ। ਕਈ ਤਾਂ ਇਸੇ ਡਰ ਤੋਂ ਕਿ ਕਿਧਰੇ ਮਾਇਆ ਵਿੱਚ ਫਸ ਨਾ ਜਾਈਏ, ਜੰਮਦਿਆਂ ਹੀ ਕਰਮੰਡਲ ਚੁੱਕ ਕੇ ਬਨਵਾਸ ਚਲੇ ਜਾਂਦੇ ਸਨ। ਅੰਤ ਇਹੋ ਜਿਹਿਆਂ ਨੂੰ ਵੀ ਠੀਕ ਰਸਤਾ ਲੱਭਦਾ ਸੀ ਤਾਂ ਗ੍ਰਹਿਸਤੀ ਰਾਜੇ ਜਨਕ ਵਰਗਿਆਂ ਤੋਂ। ਇਸੇ ਲਈ ਸਿੱਖ ਗੁਰੂਆਂ ਨੇ ਘਰੋਗੀ ਜੀਵਨ ਉੱਤੇ ਜ਼ੋਰ ਦਿੱਤਾ ਕਿਉਂਕਿ ਸਦਾਚਾਰ ਬਣਦਾ ਹੀ ਘਰੋਗੀ ਜੀਵਨ ਤੋਂ ਹੈ। ਧੀਆਂ, ਪੁੱਤਰਾਂ, ਇਸਤਰੀ, ਮਾਤਾ ਤੇ ਪਿਤਾ ਇਹ ਮਾਇਆ ਦੇ ਸਬੰਧ ਨਹੀਂ ਸਗੋਂ ਹਰੀ ਨੇ ਆਪ ਸਾਡੇ ਆਚਰਨ ਢਾਲਣ ਲਈ ਪਵਿੱਤਰ ਸਾਂਚੇ ਬਣਾਏ ਹਨ।
ਸਿਰਲੇਖ : ਗ੍ਰਹਿਸਤੀ ਜੀਵਨ ਦੀ ਮਹੱਤਤਾ
ਸੰਖੇਪ : ਆਚਰਨ-ਉਸਾਰੀ ਤੇ ਸਦਾਚਾਰੀ ਜੀਵਨ ਲਈ ਘਰੋਗੀ ਜੀਵਨ ਉੱਤਮ ਹੈ। ਘਰ-ਬਾਰ ਛੱਡ ਕੇ ਜੰਗਲਾਂ ਵਿੱਚੋਂ ਸੁਖ-ਸ਼ਾਂਤੀ ਲੱਭਣੀ ਵਿਅਰਥ ਹੈ। ਗ੍ਰਹਿਸਤ ਤੋਂ ਕੰਨੀਂ ਕਤਰਾਉਣ ਵਾਲੇ ਇਖ਼ਲਾਕੀ ਔਕੜ ਪੈਣ ‘ਤੇ ਝੱਟ ਡਿਗ ਪੈਂਦੇ ਹਨ। ਏਸੇ ਲਈ ਗ੍ਰਹਿਸਤੀ ਜੀਵਨ ‘ਤੇ ਬਲ ਦਿੱਤਾ ਗਿਆ ਹੈ। ਇਸਤਰੀ ਤੇ ਮਾਪੇ ਉੱਚਾ ਸਦਾਚਾਰ ਬਣਾਉਣ ਵਿੱਚ ਸਹਾਈ ਹੁੰਦੇ ਹਨ।
ਮੂਲ-ਰਚਨਾ ਦੇ ਸ਼ਬਦ = 160
ਸੰਖੇਪ-ਰਚਨਾ ਦੇ ਸ਼ਬਦ = 49