ਸੰਖੇਪ ਰਚਨਾ
ਕਹਾਣੀ ਵਿੱਚ ਵਾਰਤਾਲਾਪ ਦੀ ਵਰਤੋਂ
ਵਾਰਤਾਲਾਪ ਨੂੰ ਕਿਸੇ ਕਹਾਣੀ ਵਿੱਚ ਲਿਆਉਣਾ ਬਹੁਤ ਜ਼ਰੂਰੀ ਨਹੀਂ, ਪਰ ਜੇ ਇਸ ਦੀ ਵਰਤੋਂ ਕੀਤੀ ਜਾਏ ਤਾਂ
ਇਹ ਜ਼ਰੂਰੀ ਹੈ ਕਿ ਜਿੱਥੇ ਇਹ ਪਾਤਰ-ਚਿਤਰਨ ਵਿੱਚ ਸਹਾਇਤਾ ਕਰੇ ਉੱਥੇ ਕਹਾਣੀ ਦਾ ਜ਼ਰੂਰੀ ਅਤੇ ਅਨਿੱਖੜਵਾਂ ਅੰਗ ਬਣ ਜਾਏ। ਵਾਰਤਾਲਾਪ ਨੂੰ ਸੰਖੇਪ, ਚੁਸਤ ਅਤੇ ਨਾਟਕੀ ਹੋਣਾ ਚਾਹੀਦਾ ਹੈ ਅਤੇ ਇਸ ਦੀ ਵਰਤੋਂ ਸਮੇਂ, ਸਥਾਨ ਤੇ ਸਥਿਤੀ ਅਨੁਸਾਰ ਹੋਣੀ ਚਾਹੀਦੀ ਹੈ। ਵਾਰਤਾਲਾਪ ਨੇ ਕਹਾਣੀ ਦੇ ਪ੍ਰਭਾਵ ਨੂੰ ਹੋਰ ਤਿਖੇਰਾ ਕਰਨਾ ਹੁੰਦਾ ਹੈ, ਪਰ ਕਹਾਣੀ ਵਿੱਚ ਢੁਕਵੀਂ-ਫੱਬਵੀਂ ਵਾਰਤਾਲਾਪ ਲਿਆਉਣਾ ਕੋਈ ਅਸਾਨ ਕੰਮ ਨਹੀਂ ਹੈ। ਆਰਨਲਡ ਬੈਨਟ (Arnold Bennett) ਜਿਹੇ ਸਿਆਣੇ ਲਿਖਾਰੀ ਵੀ ਇਸ ਦੀ ਢੁੱਕਵੀਂ ਵਰਤੋਂ ਨੂੰ ਕਠਨ ਦੱਸਦੇ ਹਨ। ਕਈ ਕਹਾਣੀਕਾਰ ਆਪਣੇ ਪਾਤਰਾਂ ਵਿਚਲੀ ਗੱਲਬਾਤ ਕਿਸੇ ਉਪ-ਭਾਖਾ ਰਾਹੀਂ ਕਰਾਉਂਦੇ ਹਨ, ਜਿਵੇਂ ਦੁੱਗਲ ਤੇ ਸੇਖੋਂ। ਜਿੱਥੇ ਵਾਰਤਾਲਾਪ ਲਈ ਵਰਤੀ ਉਹ ਉਪ-ਭਾਖਾ ਕਹਾਣੀ ਵਿੱਚ ਕੁਦਰਤੀਪਨ ਤੇ ਯਥਾਰਥਵਾਦ ਲਿਆਉਂਦੀ ਹੈ, ਉੱਥੇ ਇਹ ਸਥਾਨਕ ਰੰਗ
(Local colour) ਪੈਦਾ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ।
ਸਿਰਲੇਖ : ਕਹਾਣੀ ਵਿੱਚ ਵਾਰਤਾਲਾਪ ਦੀ ਵਰਤੋਂ
ਸੰਖੇਪ : ਕਹਾਣੀ ਵਿੱਚ ਵਾਰਤਾਲਾਪ ਵਰਤਣਾ ਬਹੁਤ ਜ਼ਰੂਰੀ ਨਹੀਂ। ਜੇ ਵਰਤੀ ਜਾਏ ਤਾਂ ਇੱਕ ਢੁੱਕਵੀਂ, ਚੁਸਤ, ਪਾਤਰ ਚਿਤਰਨ ਕਰਨ ਵਾਲੀ, ਸਮੇਂ-ਸਥਾਨ-ਸਥਿਤੀ ਅਨੁਕੂਲ ਅਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਗੱਲਬਾਤ ਵਿੱਚ ਪਾਤਰਾਂ ਦੀ ਇਲਾਕਾਈ ਬੋਲੀ ਕਹਾਣੀ ਵਿੱਚ ਸੁਭਾਵਕਤਾ ਤੇ ਸਥਾਨਕ ਰੰਗ ਲਿਆਉਣ ਵਿੱਚ ਸਹਾਇਕ ਹੁੰਦੀ ਹੈ।
ਮੂਲ-ਰਚਨਾ ਦੇ ਸ਼ਬਦ = 132
ਸੰਖੇਪ-ਰਚਨਾ ਦੇ ਸ਼ਬਦ = 43