ਸੰਖੇਪ ਰਚਨਾ – ਸ਼ਾਹ ਹੁਸੈਨ
ਸੂਫ਼ੀਆਂ ਦੇ ਕਾਫ਼ਲੇ ਦਾ ਸਰਦਾਰ—ਸ਼ਾਹ ਹੁਸੈਨ
ਪੰਜਾਬੀ ਸਾਹਿਤ ਦੀ ਸੂਫ਼ੀ ਕਵਿਤਾ ਵਿੱਚ ਸ਼ਾਹ ਹੁਸੈਨ ਨੂੰ ‘ਸੂਫ਼ੀਆਂ ਦੇ ਕਾਫ਼ਲੇ ਦਾ ਸਰਦਾਰ’ ਕਿਹਾ ਜਾ ਸਕਦਾ ਹੈ।
ਆਪ ਪਹਿਲੇ ਕਵੀ ਸਨ ਜਿਨ੍ਹਾਂ ਦੀ ਕਵਿਤਾ ਵਿੱਚ ਨਿਰੋਲ ਸੂਫ਼ੀ ਰੰਗ ਉਘੜਿਆ ਹੈ। ਆਪ ਨੇ ਰੱਬ-ਪ੍ਰਾਪਤੀ ਲਈ ਮੁਰਸ਼ਦ ਦੀ ਮਹੱਤਤਾ ਨੂੰ ਦ੍ਰਿੜਾਇਆ। ਮੋਢੀ ਬਾਬਾ ਫ਼ਰੀਦ ਤਾਂ ਸ਼ਰ੍ਹਾ ਦੇ ਪਾਬੰਦ ਰਹੇ, ਪਰ ਆਪ ਇਸ ਦੇ ਹੱਦ-ਬੰਨੇ ਟੱਪ ਗਏ। ਆਪ ਨੇ ਮਸੀਤ ਜਾਣਾ, ਨਿਮਾਜ਼ ਪੜ੍ਹਨਾ ਤੇ ਦਾੜ੍ਹੀ-ਮੁੱਛ ਰੱਖਣਾ ਛੱਡ ਦਿੱਤਾ। ਆਪ ਨੇ ਸੂਫ਼ੀਵਾਦ ਵਿੱਚ ਪਹਿਲੀ ਵਾਰ ਨਸ਼ੇ ਵਿੱਚ ਮਸਤ ਹੋ ਕੇ, ਨੱਚ-ਨੱਚ ਇਸ਼ਕੀਆ ਗੀਤ ਗਾਉਣੇ ਸ਼ੁਰੂ ਕੀਤੇ, ਪਰ ਆਪ ਨੇ ਬੁੱਲ੍ਹੇ ਸ਼ਾਹ ਵਾਂਗ ਇੱਕ ਤਾਂ ਮੁਰਸ਼ਦ ਨਾਲ ਬਰਾਬਰੀ ਕਰਨ ਵਾਲੇ ਭਾਵ ਨਹੀਂ ਪ੍ਰਗਟ ਕੀਤੇ, ਦੂਜੇ ਸ਼ਰ੍ਹਾ ਤੋਂ ਖੁੱਲ੍ਹ ਲੈਂਦਿਆਂ ਹੋਇਆਂ ਹਲੀਮੀ ਦਾ ਪੱਲਾ ਨਹੀਂ ਛੱਡਿਆ। ਛੁੱਟ ਗੁਰਬਾਣੀ ਦੇ, ਆਪ ਪੰਜਾਬੀ ਸਾਹਿੱਤ ਦੇ ਨਿੱਕੇ-ਨਿੱਕੇ ਤੇ ਹੌਲੇ-ਫੁੱਲ ਗੀਤ ਲਿਖਣ ਵਾਲੇ ਪਹਿਲੇ ਗੀਤਕਾਰ ਕਹੇ ਜਾ ਸਕਦੇ ਹਨ। ਆਪ ਦੇ ਗੀਤਾਂ ਵਿੱਚੋਂ ਸਰੋਦੀ ਹੂਕ ਦਿਲ ਨੂੰ ਵਿੰਨ੍ਹ ਕੇ ਰੱਖ ਦੇਂਦੀ ਹੈ। ਕਈ ਤਾਂ ਆਪ ਨੂੰ ‘ਪੰਜਾਬੀ ਦਾ ਸੂਰਦਾਸ’ ਆਖ ਕੇ ਵਡਿਆਉਂਦੇ ਹਨ।
ਸਿਰਲੇਖ : ਸੂਫ਼ੀਆਂ ਦੇ ਕਾਫ਼ਲੇ ਦਾ ਸਰਦਾਰ—ਸ਼ਾਹ ਹੁਸੈਨ
ਸੰਖੇਪ : ਸ਼ਾਹ ਹੁਸੈਨ ਨੂੰ ਸੂਫ਼ੀਆਂ ਦਾ ਸਰਦਾਰ ਕਿਹਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਸੂਫ਼ੀ ਰੰਗ ਆਪ ਦੀ ਰਚਨਾ ਵਿੱਚ ਨਿਰੂਪਣ ਹੋਇਆ। ਆਪ ਨੇ ਇੱਕ ਤਾਂ ਮੁਰਸ਼ਦ ਦੀ ਮਹੱਤਤਾ ਨੂੰ ਪ੍ਰਗਟਾਇਆ, ਦੂਜੇ ਸ਼ਰ੍ਹਾ ਤੋਂ ਖੁੱਲ੍ਹ ਲਈ, ਭਾਵੇਂ ਇਹ ਸੀਮਤ ਜਹੀ ਹੀ ਸੀ। ਆਪ ਨੇ ਪਹਿਲੀ ਵਾਰ ਮਸਤੀ ਵਿੱਚ ਨੱਚ-ਨੱਚ ਕੇ ਦਿਲ-ਵਿੰਨ੍ਹਵੇਂ ਗੀਤ ਗਾਏ।
ਮੂਲ-ਰਚਨਾ ਦੇ ਸ਼ਬਦ = 157
ਸੰਖੇਪ-ਰਚਨਾ ਦੇ ਸ਼ਬਦ = 53