ਸੰਖੇਪ ਰਚਨਾ : ਮਰਨ ਦਾ ਡਰ
ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ-
ਕੋਈ ਹੋਰ ਡਰ ਲਓ। ਜਲ ਦਾ ਡਰ, ਅੱਗ ਦਾ ਡਰ, ਮੀਂਹ-ਹਨ੍ਹੇਰੀ ਬਿਜਲੀ ਦਾ ਡਰ, ਸਭ ਦਾ ਕਾਰਨ ‘ਮਰਨ- ਭੈ’ ਹੈ। ਧਨ ਦੇ ਚੁਰਾਏ ਜਾਣ ਦਾ ਡਰ ਕਿਉਂ ਹੈ? ਧਨ ਖੁਸ ਜਾਏਗਾ, ਤਾਂ ਕੀ ਹੋਵੇਗਾ? ਲੋੜਾਂ ਪੂਰੀਆਂ ਨਾ ਹੋ ਸਕਣਗੀਆਂ, ਖਾਣ ਪਹਿਨਣ ਨੂੰ ਨਹੀਂ ਮਿਲੇਗਾ। ਖਾਣ ਨੂੰ ਨਾ ਮਿਲਿਆ ਤਾਂ ਸਿੱਟਾ ਉਹੋ ਮੌਤ, ਪਹਿਨਣ ਨੂੰ ਨਾ ਲੱਭਾ ਤਾਂ ਗਰਮੀ-ਸਰਦੀ ਤੋਂ ਬਚਾਓ ਨਹੀਂ ਹੋ ਸਕੇਗਾ। ਫੇਰ ਕੀ ਹੋਵੇਗਾ? ਮੌਤ। ਬੇ-ਰੁਜ਼ਗਾਰੀ ਦਾ ਡਰ, ਸਕੱਤਰ ਨੂੰ ਪ੍ਰਧਾਨ ਦਾ ਡਰ, ਨੌਕਰ ਨੂੰ ਮਾਲਿਕ ਦਾ ਡਰ, ਜੱਟ ਨੂੰ ਕਾਲ (ਕਹਿਰ) ਦਾ ਡਰ ਇਨ੍ਹਾਂ ਸਾਰੇ ਡਰਾਂ ਦੀ ਜੜ੍ਹ ਇੱਕੋ ਮਰਨ-ਡਰ ਹੈ, ਜਾਂ ਕਹੋ ਸਾਡੀ ‘ਹਉਮੈ ਹੈ। ਸਾਡਾ ਆਪਾ ਹੈ। ਜਦ ਸਾਨੂੰ ਪਤਾ ਲੱਗ ਜਾਏ, ਜਦ ਸਾਨੂੰ ਸੋਝੀ ਆ ਜਾਏ, ਜਦ ਸਾਨੂੰ ਵਸਤੂ ਦਾ ਗਿਆਨ ਹੋ ਜਾਵੇ, ਤਾਂ ਇਨ੍ਹਾਂ ਡਰਾਂ ਲਈ ਥਾਂ ਨਹੀਂ ਰਹਿੰਦੀ।
ਉੱਤਰ :
ਸਿਰਲੇਖ : ਮਰਨ ਦਾ ਡਰ ।
ਸੰਖੇਪ-ਰਚਨਾ : ਸਭ ਡਰਾਂ ਦਾ ਮੂਲ ਮਰਨ-ਭੈ ਹੈ। ਧਨ ਤੇ ਨੌਕਰੀ ਦੇ ਖੁਸਣ ਦਾ ਡਰ ਜੀਵਨ-ਲੋੜਾਂ ਦੀ ਪੂਰਤੀ ਵਿਚ ਰੋਕ ਪੈਣ ਦੇ ਖਤਰੇ ਕਾਰਨ ਹੁੰਦਾ ਹੈ। ਇਸ ਦੀ ਜੜ੍ਹ ਸਾਡੀ ਹਉਮੈ ਹੈ। ਵਸਤੂ ਦਾ ਸਹੀ ਗਿਆਨ ਹੋਣ ਨਾਲ ਡਰ ਖ਼ਤਮ ਹੋ ਜਾਂਦੇ ਹਨ।