ਸੰਖੇਪ ਰਚਨਾ : ਪ੍ਰਾਪੇਗੰਡੇ ਦੀ ਵਰਤੋਂ
ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ—
ਪ੍ਰਾਪੇਗੰਡੇ ਨੂੰ ਚੰਗੇ ਤੇ ਭੈੜੇ ਦੋਹਾਂ ਮੰਤਵਾਂ ਲਈ ਵਰਤਿਆ ਜਾ ਸਕਦਾ ਹੈ। ਜੇਕਰ ਇਸ ਦੀ ਵਰਤੋਂ ਜਨਤਾ ਨੂੰ ਵਧੀਕ ਜ਼ਰੂਰੀ ਸੁਆਲਾਂ ਬਾਰੇ ਸਿੱਖਿਆ ਦੇਣ ਵਾਸਤੇ ਕੀਤੀ ਜਾਏ, ਤਾਂ ਇਹ ਬਹੁਤ ਲਾਭਦਾਇਕ ਹੋ ਸਕਦੀ ਹੈ। ਪ੍ਰਾਪੇਗੰਡੇ ਦੁਆਰਾ ਲੋਕਾਂ ਦੇ ਉਤਸ਼ਾਹ ਨੂੰ ਲਾਭਦਾਇਕ ਸੁਧਾਰਾਂ ਵਾਸਤੇ ਜਗਾਇਆ ਜਾ ਸਕਦਾ ਹੈ। ਸਾਡਾ ਦੇਸ਼ ਕਈ ਸਮਾਜਿਕ, ਆਰਥਿਕ ਤੇ ਰਾਜਸੀ ਬੁਰਾਈਆਂ ਦਾ ਸ਼ਿਕਾਰ ਹੈ। ਇਨ੍ਹਾਂ ਨੂੰ ਲਗਾਤਾਰ ਜ਼ੋਰਦਾਰ ਪ੍ਰਾਪੇਗੰਡੇ ਦੁਆਰਾ ਹੀ ਦੂਰ ਕੀਤਾ ਜਾ ਸਕਦਾ ਹੈ। ਸਾਡੀਆਂ ਕੌਮੀ ਉਸਾਰੀ ਦੀਆਂ ਯੋਜਨਾਵਾਂ ਸਿਰਫ਼ ਇਹਦੇ ਰਾਹੀਂ ਹੀ ਲੋਕ-ਪ੍ਰਿਯ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਅੱਗੇ ਵੱਖ-ਵੱਖ ਕੌਮਾਂ ਅਤੇ ਜਾਤੀਆਂ ਵਿਚਕਾਰ ਸਦਭਾਵਨਾ ਵੀ ਪ੍ਰਾਪੇਗੰਡੇ ਦੀ ਯੋਗ ਵਰਤੋਂ ‘ਤੇ ਨਿਰਭਰ ਹੈ। ਜ਼ੋਰਦਾਰ ਪ੍ਰਾਪੇਗੰਡੇ ਰਾਹੀਂ ਹਾਈਡਰੋਜਨ ਤੇ ਐਟਮ ਬੰਬਾਂ ਵਰਗੇ ਮਾਰੂ ਹਥਿਆਰਾਂ ਦੀ ਨਿੰਦਿਆ ਕਰ ਕੇ ਵਿਸ਼ਵ ਲੋਕ-ਰਾਇ ਨੂੰ ਇਨ੍ਹਾਂ ਦੀ ਵਰਤੋਂ ਦੇ ਵਿਰੁੱਧ ਕਰਨਾ ਚਾਹੀਦਾ ਹੈ। ਦੁਨੀਆ ਵਿਚ ਅਮਨ ਤੇ ਸ਼ਾਂਤੀ ਤਾਂ ਹੀ ਹੋ ਸਕਦੀ ਹੈ, ਜੇ ਹਰੇਕ ਦੇਸ਼ ਸੱਚੇ ਦਿਲੋਂ ਇਹੋ ਜਿਹਾ ਪ੍ਰਚਾਰ ਕਰੇ ।
ਪਰੰਤੂ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਪ੍ਰਾਪੇਗੰਡੇ ਦੀ ਵਰਤੋਂ ਆਮ ਤੌਰ ‘ਤੇ ਚੰਗੇ ਅਤੇ ਉਸਾਰੂ ਮੰਤਵਾਂ ਲਈ ਨਹੀਂ ਕੀਤੀ ਜਾਂਦੀ। ਸਚਾਈ ਨੂੰ ਜਾਣ-ਬੁੱਝ ਕੇ ਤੋੜਿਆ-ਮੋੜਿਆ ਜਾਂਦਾ ਹੈ। ਇਸ ਲਈ ਇਸ ਦੇ ਬਹੁਤ ਹਾਨੀਕਾਰਕ ਸਿੱਟੇ ਨਿਕਲਦੇ ਹਨ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਭਾਰਤ ਵਿਚ ਸੰਪਰਦਾਇਕ ਪ੍ਰਚਾਰ ਨੇ ਦੇਸ਼ ਦੀ ਵੰਡ ਕੀਤੀ ਅਤੇ ਲੱਖਾਂ ਮਾਸੂਮ ਤੇ ਨਿਰਦੋਸ਼ ਲੋਕਾਂ ਦਾ ਖੂਨ ਵਗਾਇਆ।
ਉੱਤਰ : ਸਿਰਲੇਖ : ਪ੍ਰਾਪੇਗੰਡੇ ਦੀ ਵਰਤੋਂ ।
ਸੰਖੇਪ-ਰਚਨਾ : ਸਾਡੇ ਦੇਸ਼ ਵਿਚੋਂ ਸਮਾਜਿਕ, ਆਰਥਿਕ ਤੇ ਰਾਜਸੀ ਬੁਰਾਈਆਂ ਦੂਰ ਕਰਨ ਲਈ, ਸੁਧਾਰਾਂ ਦਾ ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਲਈ, ਕੌਮੀ ਉਸਾਰੀ ਦੀਆਂ ਯੋਜਨਾਵਾਂ ਨੂੰ ਲੋਕ-ਪ੍ਰਿਆ ਬਣਾਉਣ ਲਈ, ਵੱਖ-ਵੱਖ ਫ਼ਿਰਕਿਆਂ ਵਿਚ ਸਦਭਾਵਨਾ ਪੈਦਾ ਕਰਨ ਲਈ ਤੇ ਭਿਆਨਕ ਹਥਿਆਰਾਂ ਦੀ ਵਿਰੋਧਤਾ ਤੇ ਸੰਸਾਰ-ਅਮਨ ਲਈ, ਦੁਨੀਆ ਭਰ ਵਿਚ ਲੋਕ-ਰਾਇ ਪੈਦਾ ਕਰਨ ਲਈ ਪ੍ਰਾਪੇਗੰਡੇ ਦੀ ਲਾਭਦਾਇਕ ਵਰਤੋਂ ਹੋ ਸਕਦੀ ਹੈ। ਪਰ ਅਫ਼ਸੋਸ ਕਿ ਇਸ ਦੀ ਵਰਤੋਂ ਉਸਾਰੂ ਕੰਮਾਂ ਲਈ ਨਹੀਂ ਹੁੰਦੀ, ਜਿਸ ਦੇ ਭਿਆਨਕ ਨਤੀਜੇ ਨਿਕਲੇ ਹਨ।