CBSEclass 11 PunjabiEducationPunjab School Education Board(PSEB)ਸੰਖੇਪ ਰਚਨਾ (Precis writing)

ਸੰਖੇਪ ਰਚਨਾ : ਜਵਾਰ ਭਾਟਾ


ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਨਾਲ ਹੀ ਢੁੱਕਵਾਂ ਸਿਰਲੇਖ ਵੀ ਦਿਓ-

ਸਮੁੰਦਰਾਂ ਦੀ ਛਾਤੀ ਜੀਵਾਂ ਦੇ ਸਾਹ ਲੈਣ ਵਾਂਗ ਲਗਾਤਾਰ ਹਿਸਾਬ ਅਨੁਸਾਰ ਉੱਭਰਦੀ ਤੇ ਘਟਦੀ ਰਹਿੰਦੀ ਹੈ। ਚੰਨ ਤੇ ਸਾਗਰਾਂ ਦਾ ਬੜਾ ਗੂੜ੍ਹਾ ਸੰਬੰਧ ਹੈ। ਹਰ ਰੋਜ਼ ਬਿਨਾਂ-ਨਾਗਾ ਜਿਵੇਂ ਚੰਨ ਧਰਤੀ ਦੇ ਦੁਆਲੇ ਇਕ ਚੱਕਰ ਕੱਢਦਾ ਹੈ, ਇਸ ਦੇ ਨਾਲ-ਨਾਲ ਹੀ ਸਾਗਰਾਂ ਦੇ ਪਾਣੀ ਉੱਪਰ ਨੂੰ ਉੱਠਦੇ ਹਨ ਤੇ ਉੱਠ ਕੇ ਥਾਂ ਸਿਰ ਆ ਜਾਂਦੇ ਹਨ। ਚੌਵੀ ਘੰਟਿਆਂ ਵਿਚ ਦੋ ਵਾਰ ਸਮੁੰਦਰ ਉੱਠਦਾ ਹੈ ਤੇ ਦੋ ਵਾਰ ਬੈਠ ਜਾਂਦਾ ਹੈ। ਪੂਰਨਮਾਸ਼ੀ ਦੇ ਦਿਨ ਬਾਹਲਾ ਉੱਠਦਾ ਹੈ। ਇਸ ਜੁਆਰ-ਭਾਟੇ ਨੂੰ ਜ਼ਿਆਦਾ ਕਰਕੇ ਸਮੁੰਦਰਾਂ ਦੇ ਕੰਢਿਆਂ ਉੱਤੇ ਰਹਿਣ ਵਾਲੇ ਭਲੀ ਪ੍ਰਕਾਰ ਜਾਣਦੇ ਹਨ ਤੇ ਇਨ੍ਹਾਂ ਤੋਂ ਕੰਮ ਲੈਂਦੇ ਹਨ। ਜਦ ਜੁਆਰ-ਭਾਟਾ ਆਉਂਦਾ ਹੈ, ਪੱਧਰੇ ਮੈਦਾਨੀ ਕੰਢਿਆਂ ਉੱਤੇ ਪਾਣੀ ਕਈ-ਕਈ ਮੀਲ ਚੜ੍ਹ ਜਾਂਦਾ ਹੈ ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਭੱਜਦਿਆਂ ਨੂੰ ਭੱਜਣ ਨਹੀਂ ਦਿੰਦਾ ਤੇ ਪਹਾੜਾਂ ਜਾਂ ਉੱਚੇ ਕੰਢਿਆਂ ਨੂੰ ਨੰਗੇ ਖ਼ਾਲੀ ਛੱਡ ਜਾਂਦਾ ਹੈ। ਇਸ ਜੁਆਰ-ਭਾਟੇ ਨਾਲ ਸਮੁੰਦਰ ਦਾ ਪਾਣੀ ਕੰਢਿਆਂ ਉੱਤੇ ਚੋਖਾ ਚੜ੍ਹ ਜਾਂਦਾ ਹੈ। ਜੁਆਰ-ਭਾਟੇ ਵੇਲੇ ਦਰਿਆਵਾਂ ਦੇ ਪਾਣੀਆਂ ਨੂੰ ਪਿੱਛੇ ਨੂੰ ਧੱਕਿਆ ਜਾਂਦਾ ਹੈ ਤੇ ਉੱਪਰ ਨੂੰ ਜਾਣ ਵਾਲੀਆਂ ਕਿਸ਼ਤੀਆਂ ਇਸ ਤੋਂ ਲਾਭ ਲੈ ਲੈਂਦੀਆਂ ਹਨ। ਜੁਆਰ-ਭਾਟੇ ਦੇ ਸਮੇਂ ਸਮੁੰਦਰ ਮੁੜ ਆਪਣੀ ਥਾਂ ਪਰਤ ਕੇ ਚਲਿਆ ਜਾਂਦਾ ਹੈ ਤੇ ਕੰਢਿਆਂ ਉੱਤੇ ਆਵਾਜਾਈ ਤੇ ਕੰਮ ਧੰਦੇ ਲਈ ਕਿੰਨਾ ਕੁ ਕੰਮ ਲਿਆ ਜਾਂਦਾ ਹੈ, ਉਸ ਦਾ ਅੰਦਾਜ਼ਾ ਲਾਉਣਾ ਔਖਾ ਹੈ। ਅਨੇਕਾਂ ਵਧੇਰੇ ਗਰਮ ਦੇਸ਼ਾਂ ਵਿਚ ਪੱਧਰੇ ਕੰਢਿਆਂ ਉੱਤੇ ਸਮੁੰਦਰ ਦੇ ਖਾਰੇ ਪਾਣੀ ਤੋਂ ਲੂਣ ਬਣਾਇਆ ਜਾਂਦਾ ਹੈ। ਜਵਾਰ ਵੇਲੇ ਪੇਤਲੀਆਂ ਕੁੰਡਾਂ ਵਿਚ ਪਾਣੀ ਭਰ ਜਾਂਦਾ ਹੈ ਤੇ ਧੁੱਪ ਨਾਲ ਭਾਟੇ ਦੇ ਛੇ-ਸੱਤ ਘੰਟਿਆਂ ਵਿਚ ਸੁੱਕ ਜਾਂਦਾ ਹੈ।

ਉੱਤਰ : ਸਿਰਲੇਖ-ਜਵਾਰ-ਭਾਟਾ।

ਸੰਖੇਪ-ਰਚਨਾ : ਚੰਨ ਦੇ ਹਰ ਰੋਜ਼ ਧਰਤੀ ਦੁਆਲੇ ਚੱਕਰ ਕੱਢਣ ਨਾਲ ਸਮੁੰਦਰ ਦੇ ਪਾਣੀ ਵਿਚ ਦੋ ਵਾਰੀ ਜਵਾਰ-ਭਾਟਾ ਆਉਂਦਾ ਹੈ। ਜੁਆਰ ਵੇਲੇ ਪਾਣੀ ਮੈਦਾਨੀ ਤੇ ਪਹਾੜੀ ਕੰਢਿਆਂ ਵਲ ਕਈ ਵਾਰੀ ਬਹੁਤ ਤੇਜ਼ੀ ਨਾਲ ਚੜ੍ਹ ਜਾਂਦਾ ਹੈ। ਦਰਿਆਵਾਂ ਦਾ ਪਾਣੀ ਪਿੱਛੇ ਧੱਕਿਆ ਜਾਂਦਾ ਹੈ। ਭਾਟੇ ਸਮੇਂ ਪਾਣੀ ਉੱਤਰ ਜਾਂਦਾ ਹੈ। ਪੂਰਨਮਾਸ਼ੀ ਦੇ ਦਿਨ ਜਵਾਰ-ਭਾਟਾ ਵਧੇਰੇ ਹੁੰਦਾ ਹੈ। ਇਸ ਤੋਂ ਲੋਕ ਅਣਗਿਣਤ ਕੰਮ ਲੈਂਦੇ ਹਨ। ਗਰਮ ਦੇਸ਼ਾਂ ਵਿਚ ਜੁਆਰ ਵੇਲੇ ਪਤਲੀਆਂ ਕੁੰਡਾਂ ਵਿਚ ਭਰਿਆ ਖਾਰਾ ਪਾਣੀ ਭਾਟਾ ਆਉਣ ਤੱਕ ਸੁੱਕ ਕੇ ਲੂਣ ਬਣ ਜਾਂਦਾ ਹੈ।