ਸੰਖੇਪ ਰਚਨਾ : ਅਰਦਾਸ ਦਾ ਮੰਤਵ
ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ :-
ਅਰਦਾਸ ਦਾ ਅਸਲ ਮੰਤਵ ਦਾਤਾਂ ਮੰਗਣੀਆਂ ਨਹੀਂ। ਵਾਹਿਗੁਰੂ ਤਾਂ ਸਾਡੇ ਅੰਦਰ ਦੀਆਂ ਜਾਣਦਾ ਹੈ। ਸਾਡੇ ਮੰਗੇ ਬਗ਼ੈਰ ਹੀ ਉਸ ਨੂੰ ਸਾਡੀਆਂ ਲੋੜਾਂ ਦਾ ਪਤਾ ਹੈ। ਆਪਣੀਆਂ ਦਾਤਾਂ ਉਹ ਸਾਡੇ ‘ਤੇ ਬਿਨਾਂ ਮੰਗੇ ਹੀ ਲੁਟਾਂਦਾ ਫਿਰਦਾ ਹੈ। ਉਹ ਤਾਂ ਚੰਗੇ-ਮੰਦੇ ਸਭ ਜੀਆਂ ਦਾ ਫ਼ਿਕਰ ਕਰਦਾ ਹੈ। ਉਸ ਦਾ ਸੂਰਜ ਪਾਪੀਆਂ ਤੇ ਪੁੰਨੀਆਂ ਦੋਨਾਂ ਲਈ ਇੱਕੋ ਜਿਹੀ ਧੁੱਪ ਵਰਤਾਂਦਾ ਹੈ। ਉਸ ਦੀ ਧਰਤੀ ਨਿਆਈਆਂ, ਅਨਿਆਈਆਂ ਸਭਨਾਂ ਨੂੰ ਇਕਸਾਰ ਚਾਰਦੀ ਹੈ। ਉਸ ਦੀ ਬਖ਼ਸ਼ਿਸ਼ ਤਾਂ ਅਵਿਰਲ ਬਰਸਦੀ ਹੈ। ਦਾਤਾਂ ਦੇਣ ਲਈ ਉਹ ਸਾਡੀਆਂ ਅਰਦਾਸਾਂ ਕਦੋਂ ਉਡੀਕਦਾ ਹੈ? ਪੂਰਨ ਪਿਆਰ ਉਸ ਦੀ ਰੀਤ ਹੈ। ਪਿਆਰ ਵਿਚ ਉਸ ਨੇ ਸਾਡੇ ਲਈ ਦਾਤਾਂ ਦੀ ਲੁੱਟ ਪਾਈ ਹੋਈ ਹੈ। ਮੰਦੇ ਉਸ ਪਾਸੋਂ ਮੰਗਦੇ ਵੀ ਨਹੀਂ, ਫਿਰ ਵੀ ਦਾਤਾਂ ਪ੍ਰਾਪਤ ਕਰਦੇ ਹਨ। ਚੰਗੇ ਮੰਗਦੇ ਹਨ, ਪਰ ਕਿੰਨਾ ਕੁੱਝ ਮੰਗਦੇ ਹਨ। ਮੰਗੇ ਤੋਂ ਵਧੀਕ ਉਨ੍ਹਾਂ ਨੂੰ ਕੁੱਝ ਨਹੀਂ ਮਿਲਦਾ? ਅਰਦਾਸ ਦਾ ਅਸਲ ਮੰਤਵ ਲੋੜਾਂ ਦੱਸਣਾ ਨਹੀਂ, ਵਾਹਿਗੁਰੂ ਦੀ ਨੇੜਤਾ ਪ੍ਰਾਪਤ ਕਰਨਾ ਹੈ। ਅਰਦਾਸ ਤਾਂ ਵਾਹਿਗੁਰੂ ਜੀ ਅੱਗੇ ਆਪਣਾ ਦਿਲ ਖੋਲ੍ਹਣ ਦਾ ਸਾਧਨ ਹੈ। ਦਿਲ ਦੇ ਤਾਕ ਖੋਲ੍ਹੀਏ, ਤਾਂ ਦੈਵੀ ਪ੍ਰਕਾਸ਼ ਅੰਦਰ ਪ੍ਰਵੇਸ਼ ਕਰਦਾ ਹੈ। ਜਦੋਂ ਮਾਲਕ ਨੂੰ ਅਸੀਂ ਆਪਣੀਆਂ ਲੋੜਾਂ ਦੱਸਦੇ ਹਾਂ, ਤਾਂ ਇਸ ਲਈ ਨਹੀਂ ਕਿ ਉਸ ਨੂੰ ਦਾਤਾਂ ਦੇਣ ਵਿਚ ਕੋਈ ਸੁਝਾਓ ਦੇਈਏ, ਸਗੋਂ ਇਸ ਲਈ ਕਿ ਉਸ ਪਿਆਰੇ ਨਾਲ ਗੱਲਾਂ ਕਰਨ ਦਾ ਅਵਸਰ ਪ੍ਰਾਪਤ ਕਰੀਏ। ਅਜਿਹਾ ਅਵਸਰ ਸਾਡੀ ਨਿਰਬਲਤਾ ‘ਚੋਂ, ਸਾਡੀਆਂ ਲੋੜਾਂ-ਥੁੜ੍ਹਾਂ ‘ਚੋਂ ਨਿੱਤ ਪੈਦਾ ਹੁੰਦਾ ਹੈ। ਇਸ ਨੂੰ ਅਸੀਂ ਵਾਹਿਗੁਰੂ ਜੀ ਨਾਲ ਆਪਣਾ ਦੁੱਖ-ਸੁੱਖ ਫੋਲਣ ਦੇ ਆਹਰ ਵਿਚ ਲਾ ਕੇ ਉਸ ਦੀ ਨੇੜਤਾ ਦੇ ਪਾਤਰ ਬਣ ਸਕਦੇ ਹਾਂ।
ਉੱਤਰ–
ਸਿਰਲੇਖ : ਅਰਦਾਸ ਦਾ ਮੰਤਵ ।
ਸੰਖੇਪ-ਰਚਨਾ : ਅਰਦਾਸ ਦਾ ਮੰਤਵ ਵਾਹਿਗੁਰੂ ਤੋਂ ਦਾਤਾਂ ਮੰਗਣਾ ਨਹੀਂ। ਵਾਹਿਗੁਰੂ ਦੇ ਪਿਆਰ ਦੀ ਇਹ ਵਡਿਆਈ ਹੈ ਕਿ ਉਹ ਆਪ ਹੀ ਸਾਡਾ ਸਭ ਦਾ ਖ਼ਿਆਲ ਰੱਖਦਾ ਹੋਇਆ ਬਿਨਾਂ ਭੇਦ-ਭਾਵ ਤੋਂ ਸਾਨੂੰ ਦਾਤਾਂ ਬਖ਼ਸ਼ਦਾ ਹੈ। ਅਰਦਾਸ ਵਾਹਿਗੁਰੂ ਦੇ ਨੇੜੇ ਹੋਣ ਅਤੇ ਉਸ ਦੇ ਦੈਵੀ-ਪ੍ਰਕਾਸ਼ ਨੂੰ ਗ੍ਰਹਿਣ ਕਰਨ ਲਈ ਆਪਣੇ ਮਨਾਂ ਦੇ ਝਰੋਖੇ ਖੋਲ੍ਹਣ ਦਾ ਸਾਧਨ ਹੈ। ਅਰਦਾਸ ਦੁਆਰਾ ਅਸੀਂ ਵਾਹਿਗੁਰੂ ਨੂੰ ਆਪਣੀਆਂ ਲੋੜਾ ਦੱਸਦਿਆਂ ਉਸ ਨਾਲ ਗੱਲਾਂ ਕਰਨ ਦਾ ਮੌਕਾ ਪ੍ਰਾਪਤ ਕਰ ਕੇ ਉਸ ਦੀ ਨੇੜਤਾ ਪ੍ਰਾਪਤ ਕਰ ਸਕਦੇ ਹਾਂ।