ਸ੍ਰੀ ਗੁਰੂ ਨਾਨਕ ਦੇਵ ਜੀ – ਲੇਖ
“ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਹੋ ਇੱਕ ਮਰਦੇ – ਕਾਮਿਲ ਨੇ ਜਗਾਇਆ ਖ਼ਾਬ ਸੇ।”
ਜਾਣ – ਪਛਾਣ : ਸਿਆਣੇ ਆਖਦੇ ਹਨ ਕਿ ਜਦੋਂ ਦੁਨੀਆ ਵਿੱਚ ਝੂਠ ਦਾ ਬੋਲਬਾਲਾ, ਜਾਤ – ਪਾਤ, ਛੂਤ – ਛਾਤ ਦਾ ਵਿਤਕਰਾ ਸਿਖਰ ‘ਤੇ ਹੋਵੇ, ਪਖੰਡੀ ਆਗੂਆਂ ਦਾ ਰਾਜ ਹੋਵੇ, ਅੰਧ ਵਿਸ਼ਵਾਸ ਤੇ ਫੋਕੇ ਕਰਮ – ਕਾਂਡਾਂ ਦੀ ਪ੍ਰਧਾਨਤਾ ਹੋਵੇ, ਮਾਨਵਤਾ ਝੂਠ ਤੇ ਅਗਿਆਨਤਾ ਦੀ ਭੱਠੀ ਵਿੱਚ ਸੜ ਰਹੀ ਹੋਵੇ ਤਾਂ ਕੁਦਰਤ ਦੁਨੀਆ ਦਾ ਸੁਧਾਰ ਕਰਨ ਲਈ ਕਿਸੇ ਨਾ ਕਿਸੇ ਮਹਾਂਪੁਰਸ਼ ਨੂੰ ਧਰਤੀ ‘ਤੇ ਭੇਜਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਅਜਿਹੇ ਪੈਗੰਬਰ ਹੋਏ ਹਨ ਜਿਨ੍ਹਾਂ ਦਾ ਅਵਤਾਰ ਇਸ ਧਰਤੀ ‘ਤੇ ਇਸੇ ਉਦੇਸ਼ ਨਾਲ ਹੋਇਆ। ਜਿਸ ਸਮੇਂ ਆਪ ਨੇ ਅਵਤਾਰ ਧਾਰਨ ਕੀਤਾ ਉਸ ਸਮੇਂ ਪੰਦਰਵੀਂ ਸਦੀ ਦੇ ਰਾਜੇ ਕੁਰਾਹੇ ਪਏ ਹੋਏ ਸਨ, ਉਹ ਆਪਣੀ ਪਰਜਾ ਦੀ ਰਾਖੀ ਕਰਨ ਦੀ ਬਜਾਇ ਉਨ੍ਹਾਂ ‘ਤੇ ਜ਼ੁਲਮ ਢਾਹ ਰਹੇ ਸਨ। ਸਮਾਜ ਵਿੱਚ ਝੂਠ ਅਤੇ ਅਨਿਆਂ ਪ੍ਰਧਾਨ ਸੀ। ਰਾਜੇ ਸ਼ੀਂਹ ਤੇ ਮੁਕੱਦਮੇ ਕੁੱਤੇ ਬਣ ਗਏ ਸਨ। ਗੁਰੂ ਜੀ ਇਸ ਸਥਿਤੀ ਬਾਰੇ ਆਪਣੀ ਬਾਣੀ ‘ਚ ਇਉਂ ਲਿਖਦੇ ਹਨ :
(ੳ) ਕਾਲਿ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ।
(ਅ) ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁੱਤੇ।
(ੲ) ਸਰਮ ਧਰਮ ਦੋਇ ਛਪਿ ਖਲੋਇ, ਕੂੜ ਫਿਰੇ ਪ੍ਰਧਾਨ ਵੇ ਲਾਲੋ।
‘ਗੁਰੂ ਨਾਨਕ’ ਨੇ ਕਲਯੁਗੀ ਜੀਵਾਂ ਦਾ ਉਦਾਰ ਕਰਨ ਲਈ ਅਵਤਾਰ ਧਾਰਿਆ। ਇਸ ਸੰਬੰਧੀ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਨਾਨਕ ਦੇ ਆਗਮਨ ਨਾਲ਼ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤੇ ਚਾਰੇ ਪਾਸੇ ਗਿਆਨ ਦਾ ਚਾਨਣ ਫੈਲ ਗਿਆ :
“ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ।।
ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ।।”
ਜਨਮ ਅਤੇ ਬਚਪਨ : ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਹੋਇਆ। ਇਹ ਅਸਥਾਨ ਅੱਜ – ਕੱਲ੍ਹ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪ ਦਾ ਅਵਤਾਰ ਪੁਰਬ ‘ਕੱਤਕ ਦੀ ਪੂਰਨਮਾਸ਼ੀ’ ਨੂੰ ਮਨਾਇਆ ਜਾਂਦਾ ਹੈ।
ਆਪ ਜਦੋਂ ਸੱਤ ਸਾਲ ਦੇ ਹੋਏ ਤਾਂ ਪਿਤਾ ਨੇ ਆਪ ਨੂੰ ਵਿੱਦਿਆ ਪ੍ਰਾਪਤੀ ਲਈ ਗੋਪਾਲ ਨਾਂ ਦੇ ਪਾਂਧੇ ਕੋਲ ਪੜ੍ਹਨ ਲਈ ਭੇਜਿਆ। ਇਸ ਤੋਂ ਬਾਅਦ ਆਪ ਨੇ ਪੰਡਿਤ ਬ੍ਰਿਜ ਨਾਥ ਕੋਲੋਂ ਫ਼ਾਰਸੀ ਦਾ ਗਿਆਨ ਪ੍ਰਾਪਤ ਕੀਤਾ। ਪਰ ਸੱਤ ਸਾਲ ਦੀ ਉਮਰ ਵਿੱਚ ਹੀ ਆਪ ਏਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਆਪ ਨੇ ਆਪਣੀ ਸੂਝ ਤੇ ਗਿਆਨ ਨਾਲ਼ ਕਾਜ਼ੀ ਤੇ ਮੁੱਲਾਂ ਨੂੰ ਵੀ ਹੈਰਾਨ ਕਰ ਦਿੱਤਾ।
ਜਨੇਊ ਪਾਉਣ ਦੀ ਰਸਮ : ਹਿੰਦੂ ਰੀਤ ਅਨੁਸਾਰ ਆਪ ਨੂੰ ਜਨੇਊ ਪਾਉਣ ਲਈ ਪੰਡਿਤ ਬੁਲਾਇਆ ਗਿਆ ਪਰ ਆਪ ਜਾਣੀ ਜਾਣ ਸਨ ਕਿ ਮਨੁੱਖ ਦੇ ਦੁੱਖਾਂ ਦਾ ਮੂਲ ਕਾਰਨ ਕਰਮ ਕਾਂਡਾਂ ਤੇ ਰੀਤਾਂ ਰਸਮਾਂ ਵਿੱਚ ਅੰਨ੍ਹਾ ਵਿਸ਼ਵਾਸ ਕਰਨਾ ਹੈ। ਇਸ ਲਈ ਆਪ ਨੇ ਰੀਤੀ ਰਿਵਾਜ ਅਨੁਸਾਰ ਜਨੇਊ ਧਾਰਨ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਸਾਨੂੰ ਅਜਿਹਾ ਜਨੇਊ ਪਾਉਣਾ ਚਾਹੀਦਾ ਹੈ ਜੋ ਸਾਡਾ ਸਦੀਵੀ ਸਾਥ ਦੇਵੇ, ਨਾ ਫਟੇ ਤੇ ਨਾ ਮੈਲਾ ਹੋਵੇ। ਇਹ ਜਨੇਊ ਇਹੋ ਜਿਹਾ ਹੋਣਾ ਚਾਹੀਦਾ ਹੈ :
ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟੁ।।
ਏਹ ਜਨੇਊ ਜੀਅ ਕਾ ਹਈ ਤਾ ਪਾਂਡੇ ਘਤੁ।।
ਸੱਚਾ ਸੌਦਾ : ਪਿਤਾ ਕਾਲੂ ਆਪ ਨੂੰ ਦੁਨੀਆਵੀ ਕੰਮਾਂ ਵੱਲ ਲਾਉਣਾ ਚਾਹੁੰਦੇ ਸਨ ਪਰ ਗੁਰੂ ਜੀ ਹਮੇਸ਼ਾ ਪਰਮੇਸ਼ਰ ਦੀ ਧੁਨ ਵਿੱਚ ਲੀਨ ਰਹਿੰਦੇ ਸਨ। ਇੱਕ ਵਾਰ ਪਿਤਾ ਜੀ ਨੇ ਆਪ ਨੂੰ ਵੀਹ ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ। ਰਸਤੇ ਵਿੱਚ ਗੁਰੂ ਜੀ ਨੂੰ ਕੁੱਝ ਭੁੱਖੇ ਸਾਧੂ ਮਿਲੇ ਆਪ ਨੇ ਉਨ੍ਹਾਂ ਵੀਹ ਰੁਪਿਆਂ ਦਾ ਰਾਸ਼ਨ ਲੈ ਕੇ ਭੁੱਖੇ ਸਾਧੂਆਂ ਨੂੰ ਛਕਾ ਦਿੱਤਾ। ਪਿਤਾ ਦੇ ਪੁੱਛਣ ‘ਤੇ ਜਵਾਬ ਦਿੱਤਾ -“ਇਸ ਤੋਂ ਵੱਡਾ ਸੱਚਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ?”
ਕਰਾਮਾਤੀ ਨਾਨਕ : ਆਪ ਜੀ ਨੇ ਮੱਝਾਂ ਚਾਰਨ ਲਾਇਆ ਗਿਆ। ਮੱਝਾਂ ਕਰਦੀਆਂ ਰਹਿੰਦੀਆਂ ਆਪ ਮਸਤ ਪਏ ਰਹਿੰਦੇ, ਸੱਪ ਛਾਂ ਕਰਦੇ ਤਾਂ ਜੋ ਆਪ ਨੂੰ ਧੁੱਪ ਦਾ ਸੇਕ ਨਾ ਲੱਗੇ, ਆਪ ਦੀਆਂ ਮੱਝਾਂ ਖੇਤ ਉਜਾੜਦੀਆਂ ਪਰ ਆਪ ਨਿਰੰਕਾਰ ਨਾਲ਼ ਲਿਵ ਲਾਈ ਰੱਖਦੇ। ‘ਉਹੀ ਨਿਰੰਕਾਰ’ ਖੇਤਾਂ ਨੂੰ ਮੁੜ ਹਰਾ ਵੀ ਕਰ ਦਿੰਦਾ।
ਨਵਾਬ ਦੌਲਤ ਖਾਂ ਦੀ ਨੌਕਰੀ ਕਰਨੀ : ਪਿਤਾ ਨੇ ਆਪ ਦੀ ਭੈਣ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ। ਉੱਥੇ ਆਪ ਨੇ ਆਪਣੇ ਭਣਵੱਈਏ ਜੈਰਾਮ ਦੇ ਕਹਿਣ ‘ਤੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਰਾਸ਼ਨ ਤੋਲਣ ਦੀ ਨੌਕਰੀ ਕਰ ਲਈ। ਇੱਥੇ ਵੀ ਆਪ ਦੀ ਸੁਰਤ ‘ਤੇਰਾ – ਤੇਰਾ’ ‘ਤੇ ਅਟਕ ਗਈ। ਵਿਰੋਧੀਆਂ ਨੇ ਨਵਾਬ ਕੋਲ ਸ਼ਿਕਾਇਤ ਕੀਤੀ। ਜਦੋਂ ਜਾਂਚ – ਪੜਤਾਲ ਕੀਤੀ ਗਈ ਤਾਂ ਇੱਥੇ ਵੀ ਵਪਾਰ ਵਿੱਚ ਵਾਧਾ ਹੀ ਨਿਕਲਿਆ।
ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ : 1485 ਈਸਵੀ ਵਿੱਚ ਆਪ ਦਾ ਵਿਆਹ ਬਟਾਲੇ ਦੇ ਬਾਬਾ ਮੂਲ ਚੰਦ ਦੀ ਲੜਕੀ ਮਾਤਾ ਸੁਲੱਖਣੀ ਜੀ ਨਾਲ਼ ਕਰ ਦਿੱਤਾ। ਆਪ ਦੇ ਘਰ ਦੋ ਸਾਹਿਬਜ਼ਾਦੇ ਸ੍ਰੀ ਚੰਦ ਤੇ ਲਖਮੀ ਦਾਸ ਹੋਏ।
ਵੇਈਂ ਨਦੀ ਵਿੱਚ ਪ੍ਰਵੇਸ਼ : 1497 ਈਸਵੀ ਵਿੱਚ ਸੁਲਤਾਨਪੁਰ ਰਹਿੰਦਿਆਂ ਆਪ ਦੀ ਜ਼ਿੰਦਗੀ ਵਿੱਚ ਬੜਾ ਵੱਡਾ ਮੋੜ ਆਇਆ। ਇੱਕ ਦਿਨ ਆਪ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਅਲੋਪ ਰਹੇ। ਚੌਥੇ ਦਿਨ ਜਦੋਂ ਬਾਹਰ ਆਏ ਤਾਂ ਆਪ ਨੇ ਫ਼ਰਮਾਇਆ :
ਨ ਕੋਈ ਹਿੰਦੂ ਨ ਮੁਸਲਮਾਨ।
ਉਦਾਸੀਆਂ ਦਾ ਦੌਰ : ਪਰਮਾਤਮਾ ਦੇ ਹੁਕਮ ਅਨੁਸਾਰ ਮਨੁੱਖਤਾ ਦੇ ਕਲਿਆਣ ਲਈ ਆਪ ਨੇ ਚਾਰ ਦਿਸ਼ਾਵਾਂ ਦੀ ਯਾਤਰਾ ਅਰੰਭ ਕਰ ਦਿੱਤੀ। ਇਨ੍ਹਾਂ ਯਾਤਰਾਵਾਂ ਨੂੰ ‘ਉਦਾਸੀਆਂ’ ਕਿਹਾ ਜਾਂਦਾ ਹੈ। ਗੁਰੂ ਜੀ ਦੁਨਿਆਵੀ ਕੰਮ – ਕਾਜ ਛੱਡ ਕੇ ਭੁੱਲੇ – ਭਟਕਿਆਂ ਨੂੰ ਸਿੱਧੇ ਰਾਹ ਪਾਉਣ ਲਈ ਦੇਸ – ਪ੍ਰਦੇਸ ਦੇ ਰਟਨ ਲਈ ਤੁਰ ਪਏ। ਇਸ ਸਮੇਂ ਮਰਦਾਨਾ ਰਬਾਬੀ ਵੀ ਆਪ ਦੇ ਨਾਲ ਸੀ। ਆਪ ਨੇ ਚਾਰੇ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ। ਇਸ ਦੌਰਾਨ ਆਪ ਰੱਬੀ ਬਾਣੀ ਦਾ ਕੀਰਤਨ ਕਰਦੇ, ਧਰਮ ਪ੍ਰਚਾਰ ਕਰਦੇ, ਲੋਕਾਂ ਨੂੰ ਵਹਿਮਾਂ – ਭਰਮਾਂ ਤੋਂ ਮੁਕਤ ਕਰਕੇ ਉਨ੍ਹਾਂ ਨੂੰ ਸੱਚੇ ਮਾਰਗ ‘ਤੇ ਚੱਲਣ ਲਈ ਪ੍ਰੇਰਦੇ।
ਯਾਤਰਾਵਾਂ ਦੌਰਾਨ ਸੁਧਾਰ : ਇਸ ਸਮੇਂ ਆਪ ਨੇ ਅਨੇਕਾਂ ਹੀ ਜੀਵਾਂ ਜਿਵੇਂ ਮਲਕ ਭਾਗੋ, ਕੌਡੇ ਰਾਖਸ਼, ਵਲੀ ਕੰਧਾਰੀ, ਸੱਜਣ ਠੱਗ ਵਰਗਿਆਂ ਦਾ ਪਾਰ ਉਤਾਰਾ ਕੀਤਾ। ਅਨੇਕਾਂ ਪੀਰ – ਫ਼ਕੀਰ, ਯੋਗੀ, ਵਲੀ, ਸਾਧੂ, ਸੂਫੀ, ਮੁੱਲਾਂ – ਕਾਜ਼ੀ, ਪੰਡਿਤਾਂ ਆਦਿ ਨੂੰ ਮਿਲੇ ਤੇ ਆਪ ਆਪਣੇ ਵਿਚਾਰਾਂ ਦੀ ਮਹਾਨਤਾ ਕਾਰਨ ਹੀ ‘ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਗੁਰੂ, ਆਗੂ’ ਬਣ ਗਏ। ਆਪ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੀ ਸਿੱਖਿਆ ‘ਤੇ ਜ਼ੋਰ ਦਿੱਤਾ।
ਰਚਨਾਵਾਂ : ਆਪ ਦੀਆਂ ਪ੍ਰਮੁੱਖ ਬਾਣੀਆਂ ਹਨ – ਜਪੁ ਜੀ ਸਾਹਿਬ, ਰਾਗ ਆਸਾ, ਪੱਟੀ, ਸਿਧ ਗੋਸਟਿ, ਬਾਰਾਮਾਹ (ਤੁਖਾਰੀ) ਸੋਹਿਲੇ, ਪਹਿਰੇ, ਅਲਾਹੁਣੀਆਂ ਆਦਿ ਜੋ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਹਨ।
ਸਮਾਜ – ਸੁਧਾਰਕ : ਆਪ ਨੇ ਔਰਤ ਦੀ ਸਥਿਤੀ ਨੂੰ ਸਨਮਾਨਯੋਗ ਸਥਾਨ ਦਵਾਇਆ। ਉਨ੍ਹਾਂ ਔਰਤ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਕਿਹਾ :
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
ਆਪ ਬਹੁਤ ਹੀ ਨਿਡਰ ਸਨ। ਆਪ ਨੇ ‘ਬਾਬਰ ਨੂੰ ਜਾਬਰ’ ਕਿਹਾ ਤੇ ਬਾਬਰ ਦੇ ਹਮਲੇ ਦੀ ਤਬਾਹੀ ਵੇਖ ਕੇ ਰੱਬ ਨੂੰ ਵੀ ਉਲ੍ਹਾਮਾ ਇੰਜ ਦਿੱਤਾ :
ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨ ਆਇਆ।।
ਗੁਰਗੱਦੀ ਸੌਂਪਣਾ : ਆਪ ਨੇ ਭਾਈ ਲਹਿਣਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਆਪ ਗੁਰਗੱਦੀ ਸੌਂਪੀ। ਉਨ੍ਹਾਂ ਨੂੰ ਗੁਰੂ ਅੰਗਦ ਦੇਵ ਬਣਾਇਆ।
ਅੰਤਿਮ ਸਮਾਂ : ਆਪ ਨੇ ਆਪਣਾ ਅੰਤਿਮ ਸਮਾਂ ਕਰਤਾਰਪੁਰ ਵਿਖੇ ਹੀ ਹੱਥੀਂ ਖੇਤੀ ਕਰਦਿਆਂ ਗੁਜ਼ਾਰਿਆ। 15 ਸਤੰਬਰ, 1539 ਨੂੰ ਆਪ ਜੋਤੀ ਜੋਤ ਸਮਾ ਗਏ।