ਸੁੰਭ ਨਿਸੁੰਭ…………ਜਿਨਿ ਏਹ ਗਾਇਆ ॥


ਬੀਰ-ਕਾਵਿ : ਗੁਰੂ ਗੋਬਿੰਦ ਸਿੰਘ ਜੀ

ਚੰਡੀ ਦੀ ਵਾਰ : ਗੁਰੂ ਗੋਬਿੰਦ ਸਿੰਘ ਜੀ  

ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥

ਇੰਦ੍ਰ ਸੱਦ ਬੁਲਾਇਆ ਰਾਜ ਅਭਖੇਖ ਨੋ ॥

ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ ॥

ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ।।

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ

ਫੇਰ ਨ ਜੂਨੀ ਆਇਆ ਜਿਨਿ ਏਹ ਗਾਇਆ ॥

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਵਾਰ ਵਿੱਚ ਗੁਰੂ ਸਾਹਿਬ ਨੇ ਦੁਰਗਾ ਦੇਵੀ ਦੀ ਅਗਵਾਈ ਹੇਠ ਦੇਵਤਾ-ਫ਼ੌਜ ਦੀ ਦੈਂਤਾਂ ਨਾਲ ਲੜਾਈ ਦਾ ਵਰਣਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਰਾਕਸ਼ਾਂ ਦੀ ਹਾਰ ਪਿੱਛੋਂ ਇੰਦਰ ਦੇ ਰਾਜ-ਤਿਲਕ ਦੀ ਘਟਨਾ ਤੇ ਦੁਰਗਾ ਦੇਵੀ ਦੀ ਇਸ ਵਾਰ ਦੇ ਮਹੱਤਵ ਨੂੰ ਬਿਆਨ ਕੀਤਾ ਗਿਆ ਹੈ।

ਵਿਆਖਿਆ : ਦੁਰਗਾ ਦੇਵੀ ਨੇ ਰਾਕਸ਼ਾਂ ਦੇ ਰਾਜਿਆਂ ਸੁੰਭ ਤੇ ਨਿਸੁੰਭ ਨੂੰ ਮਾਰ ਕੇ ਜਮਦੂਤ ਦੇ ਦੇਸ਼ ਵਿੱਚ ਭੇਜ ਦਿੱਤਾ ਅਤੇ ਇੰਦਰ ਨੂੰ ਰਾਜ-ਤਿਲਕ ਲਈ ਬੁਲਾਇਆ ਗਿਆ। ਰਾਜੇ ਇੰਦਰ ਦੇ ਸਿਰ ਉੱਪਰ ਰਾਜ-ਛਤਰ ਝੁਲਾਇਆ ਗਿਆ ਤੇ ਇਸ ਤਰ੍ਹਾਂ ਜਗਤ-ਮਾਤਾ ਦੁਰਗਾ ਦੇਵੀ ਦਾ ਜੱਸ ਚੌਦਾਂ ਲੋਕਾਂ ਵਿੱਚ ਗਾਇਆ ਗਿਆ। ਦੁਰਗਾ ਦਾ ਇਹ ਸਾਰਾ ਪਾਠ ਪਉੜੀਆਂ ਵਿੱਚ ਬਣਾਇਆ ਗਿਆ ਹੈ। ਜਿਹੜਾ ਇਸ ਪਾਠ ਦਾ ਗਾਇਨ ਕਰਦਾ ਹੈ, ਉਹ ਮੁੜ ਜੂਨਾਂ ਵਿੱਚ ਨਹੀਂ ਪੈਂਦਾ ਅਰਥਾਤ ਜਨਮ-ਮਰਨ ਤੋਂ ਮੁਕਤੀ ਪ੍ਰਾਪਤ ਕਰਦਾ ਹੈ।