ਸਿਰ ਧਰ ਖੋਜ………..ਇਸ਼ਕ ਵਲੋਂ ਰਹਿ ਆਈ।


ਕਿੱਸਾ ਸੱਸੀ ਪੁੰਨੂੰ : ਹਾਸ਼ਮ ਸ਼ਾਹ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਸਿਰ ਧਰ ਖੋਜ ਉੱਤੇ ਗਸ਼ ਆਈਆ, ਮੌਤ ਸੱਸੀ ਦੀ ਆਈ।

ਖ਼ੁਸ਼ ਰਹੁ ਯਾਰ ! ਅਸਾਂ ਤੁਧ ਕਾਰਣ, ਥਲ ਵਿਚ ਜਾਨ ਗਵਾਈ।

ਡਿਗਦੀ ਸਾਰ ਗਿਆ ਦਮ ਨਿਕਲ, ਤਨ ਥੋਂ ਜਾਨ ਸਿਧਾਈ।

ਹਾਸ਼ਮ ਕਰ ਲੱਖ-ਲੱਖ ਸ਼ੁਕਰਾਨੇ, ਇਸ਼ਕ ਵਲੋਂ ਰਹਿ ਆਈ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’
ਵਿੱਚੋਂ ਲਿਆ ਗਿਆ ਹੈ। ਇਸੇ ਕਿੱਸੇ ਵਿੱਚ ਕਵੀ ਨੇ ਸੱਸੀ-ਪੁੰਨੂੰ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਮਾਰੂਥਲ ਵਿੱਚ ਪੁੰਨੂੰ ਦਾ ਪਿੱਛਾ ਕਰ ਰਹੀ ਸੱਸੀ ਦੀ ਮੌਤ ਦਾ ਜ਼ਿਕਰ ਕੀਤਾ ਹੈ।

ਵਿਆਖਿਆ : ਸੱਸੀ ਨੇ ਆਪਣਾ ਸਿਰ ਡਾਚੀ ਦੇ ਪੈਰ ਦੇ ਨਿਸ਼ਾਨ ਉੱਤੇ ਰੱਖ ਦਿੱਤਾ ਤੇ ਉੱਥੇ ਹੀ ਉਸ ਨੂੰ ਮੌਤ ਆ ਗਈ। ਉਸ ਦਾ ਦਿਲ ਕਹਿ ਰਿਹਾ ਸੀ ਕਿ ਹੇ ਮੇਰੇ ਪਿਆਰੇ ! ਤੂੰ ਖ਼ੁਸ਼ ਰਹਿ, ਅਸੀਂ ਤੇਰੇ ਬਦਲੇ ਥਲ ਵਿੱਚ ਆਪਣੀ ਜਾਨ ਗੁਆ ਦਿੱਤੀ ਹੈ। ਡਿਗਦਿਆਂ ਸਾਰ ਹੀ ਉਸ ਦੇ ਸੁਆਸ ਨਿਕਲ ਗਏ ਤੇ ਉਸ ਦੇ ਤਨ ਵਿੱਚੋਂ ਜਾਨ ਨਿਕਲ ਕੇ ਚਲੀ ਗਈ। ਉਹ ਰੱਬ ਦਾ ਲੱਖ-ਲੱਖ ਸ਼ੁਕਰ ਕਰ ਰਹੀ ਸੀ ਕਿ ਇਕ ਆਸ਼ਕ ਦੇ ਰੂਪ ਵਿੱਚ ਉਸ ਦੀ ਇੱਜ਼ਤ ਰਹਿ ਗਈ ਹੈ ਅਤੇ ਉਹ ਇਸ਼ਕ ਨੂੰ ਨੇਪਰੇ ਚੜਾਉਣ ਵਿੱਚ ਸਫਲ ਰਹੀ ਹੈ।