ਸਾਰ – ਹੀਰ ਰਾਂਝਾ
ਪ੍ਰਸ਼ਨ . ‘ਹੀਰ – ਰਾਂਝਾ’ ਪ੍ਰੀਤ – ਕਥਾ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ – ਦਰਿਆ ਝਨਾਂ ਦੇ ਕੰਢੇ ਝੰਗ ਸਿਆਲ ਦੇ ਇਕ ਸਰਦਾਰ ਮਲਕ ਚੂਚਕ ਦੇ ਘਰ ਹੀਰ ਦਾ ਜਨਮ ਹੋਇਆ। ਖੁੱਲ੍ਹੇ – ਡੁੱਲੇ ਵਾਤਾਵਰਨ ਅਤੇ ਮਾਪਿਆਂ ਦੇ ਲਾਡ – ਪਿਆਰ ਵਿਚ ਪਲੀ ਹੀਰ ਦੀ ਸੁੰਦਰਤਾ ਦੀਆਂ ਕੰਨਸੋਆਂ ਨੇੜੇ – ਤੇੜੇ ਦੇ ਇਲਾਕੇ ਤਕ ਪਹੁੰਚ ਗਈਆਂ।
ਦੂਜੇ ਪਾਸੇ ਪਿੰਡ ਤਖ਼ਤ ਹਜ਼ਾਰੇ ਵਿਚ ਮੌਜੂ ਚੌਧਰੀ ਦੇ ਘਰ ਰਾਂਝੇ ਦਾ ਜਨਮ ਹੋਇਆ, ਜੋ ਕਿ ਆਪਣੇ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਪਿਤਾ ਦੀ ਮੌਤ ਤੋਂ ਪਿੱਛੋਂ ਭਰਾਵਾਂ ਵਿਚ ਹੋਈ ਜ਼ਮੀਨ ਦੀ ਵੰਡ ਸਮੇਂ ਰਾਂਝੇ ਨੂੰ ਸਭ ਤੋਂ ਮਾੜੀ ਜ਼ਮੀਨ ਦਿੱਤੀ ਗਈ।
ਰਾਂਝਾ ਆਪਣੇ ਭਰਾਵਾਂ ਦੇ ਵਤੀਰੇ ਤੋਂ ਦੁਖੀ ਸੀ। ਭਾਬੀਆਂ ਦੇ ਇਸ ਤਾਅਨੇ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ ਕਿ ‘ਜਾਹ ਦੇਖਾਂਗੀਆਂ, ਜਦੋਂ ਤੂੰ ਸਿਆਲਾਂ ਦੀ ਹੀਰ ਵਿਆਹ ਲਿਆਵੇਂਗਾ।’ ਦੁਖੀ ਹੋਇਆ ਰਾਂਝਾ ਆਪਣਾ ਪਿੰਡ ਛੱਡ ਕੇ ਤੁਰ ਪਿਆ। ਅੱਗੇ ਰਾਹ ਵਿੱਚ ਝਨਾਂ ਦਰਿਆ ਆਉਂਦਾ ਸੀ, ਜਿਸ ਨੂੰ ਬੇੜੀ ਤੋਂ ਪਾਰ ਕਰਨਾ ਮੁਸ਼ਕਿਲ ਸੀ।
ਸਬੱਬ ਨਾਲ ਉੱਥੇ ਹੀਰ ਦੀ ਬੇੜੀ ਖੜੀ ਸੀ। ਰਾਂਝਾ ਉਸ ਵਿਚ ਚੜ੍ਹ ਗਿਆ। ਇਸ ਬੇੜੀ ਵਿਚ ਹੀਰ ਦਾ ਪਲੰਘ ਵੀ ਸੀ। ਸਫ਼ਰ ਦਾ ਥੱਕਿਆ ਹੋਇਆ ਰਾਂਝਾ ਇਸ ਪਲੰਘ ਉੱਤੇ ਸੌਂ ਗਿਆ। ਉਧਰ ਕਿਸੇ ਨੇ ਹੀਰ ਨੂੰ ਜਾ ਦੱਸਿਆ ਕਿ ਉਸ ਦੇ ਪਲੰਘ ਉੱਤੇ ਕੋਈ ਅਜਨਬੀ ਮੁੰਡਾ ਸੁੱਤਾ ਹੋਇਆ ਹੈ। ਹੀਰ ਗੁੱਸੇ ਵਿਚ ਬੇੜੀ ਕੋਲ ਪਹੁੰਚੀ ਅਤੇ ਕੜਕਦੀ ਹੋਈ ਰਾਂਝੇ ਵਲ ਛਮਕ ਲੈ ਕੇ ਵਧੀ।
ਰਾਂਝੇ ਦੀ ਜਾਗ ਖੁੱਲ੍ਹੀ ਤੇ ਉਸ ਨੇ ਹੀਰ ਵਲ ਉੱਠ ਕੇ ਤੱਕਿਆ। ਇਸ ਪਹਿਲੀ ਤੱਕਣੀ ਵਿਚ ਹੀ ਦੋਵੇਂ ਪ੍ਰੇਮ – ਸੰਬੰਧ ਵਿਚ ਬੱਝ ਗਏ। ਹੀਰ ਨੇ ਰਾਂਝੇ ਨੂੰ ਆਪਣੇ ਨੇੜੇ ਰੱਖਣ ਲਈ ਆਪਣੇ ਪਿਓ ਕੋਲ ਮੱਝਾਂ ਦੇ ਚਾਕ ਵਜੋਂ ਨੌਕਰੀ ਦੁਆ ਦਿੱਤੀ। ਉਹ ਚੋਰੀ – ਚੋਰੀ ਇਕ ਦੂਜੇ ਨੂੰ ਮਿਲਦੇ। ਹੌਲੀ – ਹੌਲੀ ਉਹਨਾਂ ਦੇ ਪ੍ਰੇਮ ਦੀ ਚਰਚਾ ਪਿੰਡ ਵਿੱਚ ਹੋਣ ਲੱਗੀ। ਹੀਰ ਦੇ ਪਿਓ ਨੇ ਹੀਰ ਦਾ ਵਿਆਹ ਰੰਗਪੁਰ ਖੇੜਿਆਂ ਦੇ ਸੈਦੇ ਨਾਲ ਕਰ ਦਿੱਤਾ।
ਰਾਂਝੇ ਨੇ ਹੀਰ ਨੂੰ ਉਸ ਦੇ ਸਹੁਰੇ ਪਿੰਡ ਜਾ ਕੇ ਮਿਲਣ ਦੀ ਤਰਕੀਬ ਸੋਚੀ। ਉਸ ਨੇ ਬਾਲ ਨਾਥ ਜੋਗੀ ਤੋਂ ਜੋਗ ਧਾਰਨ ਕਰ ਲਿਆ ਤੇ ਰੰਗਪੁਰ ਖੇੜਿਆਂ ਨੂੰ ਚਲ ਪਿਆ।
ਹੀਰ ਨੂੰ ਆਪਣਾ ਪਤੀ ਸੈਦਾ ਬਿਲਕੁਲ ਹੀ ਪ੍ਰਵਾਨ ਨਹੀਂ ਸੀ। ਸਹੁਰੇ ਘਰ ਵਿੱਚ ਉਸ ਦੀ ਨਨਾਣ ਸਹਿਤੀ ਦਾ ਮੁਰਾਦ ਬਲੋਚ ਨਾਲ ਪਿਆਰ ਸੀ। ਨਨਾਣ ਭਰਜਾਈ ਦੋਹਾਂ ਵਿਚ ਭੇਤ ਸਾਂਝੇ ਹੋ ਗਏ। ਹੀਰ ਸਹਿਤੀ ਰਾਹੀਂ ਜੋਗੀ ਬਣੇ ਰਾਂਝੇ ਨੂੰ ਮਿਲਣ ਲੱਗੀ। ਕੁੱਝ ਸਮੇਂ ਪਿੱਛੋਂ ਸਹਿਤੀ ਦੀ ਮੱਦਦ ਨਾਲ ਹੀਰ ਅਤੇ ਰਾਂਝਾ ਰੰਗਪੁਰ ਤੋਂ ਭੱਜ ਗਏ। ਰੰਗਪੁਰ ਖੇੜਿਆਂ ਦੇ ਬੰਦਿਆਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜ ਲਿਆ। ਮਾਮਲਾ ਕੋਟ ਕਬੂਲੇ ਦੇ ਕਾਜ਼ੀ ਕੋਲ ਪੁੱਜਾ। ਉਸ ਨੇ ਦੋਹਾਂ ਧਿਰਾਂ ਨੂੰ ਸੁਣਨ ਮਗਰੋਂ ਫ਼ੈਸਲਾ ਹੀਰ ਤੇ ਰਾਂਝੇ ਦੇ ਹੱਕ ਵਿੱਚ ਦਿੱਤਾ।
ਇਹ ਵੀ ਕਿਹਾ ਜਾਂਦਾ ਹੈ ਕਿ ਇਸ ਪਿੱਛੋਂ ਹੀਰ ਤੇ ਰਾਂਝਾ ਚੂਚਕ ਕੋਲ ਆ ਗਏ ਤੇ ਹੀਰ ਦੇ ਮਾਪਿਆਂ ਦੀ ਸਹਿਮਤੀ ਪਿੱਛੋਂ ਉਹ ਰਾਜ਼ੀ – ਖੁਸ਼ੀ ਵਸਣ ਲੱਗੇ।
ਇਕ ਹੋਰ ਰਵਾਇਤ ਅਨੁਸਾਰ ਜਦੋਂ ਇਹ ਜੋੜੀ ਹੀਰ ਦੇ ਮਾਪਿਆਂ ਕੋਲ ਪੁੱਜੀ ਤਾਂ ਹੀਰ ਦੇ ਮਾਪਿਆਂ ਨੇ ਮਚਲੇ ਹੋ ਕੇ ਕਿਹਾ ਕਿ ਰਾਂਝਾ ਬਕਾਇਦਾ ਜੰਞ ਲੈ ਕੇ ਆਵੇ ਅਤੇ ਹੀਰ ਨੂੰ ਵਿਆਹ ਕੇ ਲੈ ਜਾਵੇ। ਰਾਂਝਾ ਉਂਨ੍ਹਾਂ ਦੀ ਗੱਲ ਮੰਨ ਕੇ ਆਪਣੇ ਪਿੰਡੋਂ ਜੰਞ ਲੈਣ ਲਈ ਚਲਾ ਗਿਆ। ਪਿੱਛੋਂ ਮਾਪਿਆਂ ਨੇ ਹੀਰ ਨੂੰ ਕਿਹਾ ਕਿ ਰਾਂਝੇ ਨੂੰ ਕਿਸੇ ਨੇ ਮਾਰ ਦਿੱਤਾ ਹੈ।
ਇਹ ਸੁਣ ਕੇ ਹੀਰ ਬੇਹੋਸ਼ ਹੋ ਗਈ। ਤਦ ਹੀਰ ਦੇ ਚਾਚੇ ਕੈਦੋਂ ਨੇ ਉਸ ਨੂੰ ਜ਼ਹਿਰ ਦੇ ਦਿੱਤੀ। ਉਧਰ ਹੀਰ ਦੀ ਮੌਤ ਦੀ ਖ਼ਬਰ ਸੁਣ ਕੇ ਰਾਂਝੇ ਨੇ ਵੀ ਸੁਆਸ ਤਿਆਗ ਦਿੱਤੇ।