ਸਾਰ : ਮੜ੍ਹੀਆਂ ਤੋਂ ਦੂਰ
ਪ੍ਰਸ਼ਨ. ‘ਮੜ੍ਹੀਆਂ ਤੋਂ ਦੂਰ’ ਕਹਾਣੀ ਦਾ ਸਾਰ ਲਗਪਗ 150 ਸ਼ਬਦਾਂ ਵਿਚ ਲਿਖੋ।
ਉੱਤਰ : ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਇਆ। ਐਤਵਾਰ ਦੇ ਦਿਨ ਕਹਾਣੀਕਾਰ ਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਂ ਸਮੇਤ ਆਪਣੇ ਘਰ ਖਾਣੇ ਉੱਤੇ ਸੱਦਿਆ ਤਾਂ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ ਰਾਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ ਤੇ ਉਹ ਦੋਵੇਂ ਉਸ ਦੇ ਸੁਭਾ ਵਲ ਮੋਹੇ ਗਏ। ਅਗਲੇ ਐਤਵਾਰ ਜਦੋਂ ਕਹਾਣੀਕਾਰ ਤੇ ਉਸ ਦੀ ਪਤਨੀ ਨੇ ਮਾਸੀ ਨੂੰ ਗੁਰਦਆਰੇ ਲਿਜਾਣਾ ਚਾਹਿਆ, ਤਾਂ ਉਸ ਦੇ ਪੁੱਤਰ-ਨੂੰਹ ਅਤੇ ਪੁੱਤਰ-ਪੋਤੀਆਂ ਵਿਚੋਂ ਕੋਈ ਵਿਹਲ ਜਾਂ ਰੁਚੀ ਦੀ ਘਾਟ ਦੱਸ ਕੇ ਉਸ ਦੇ ਨਾਲ ਨਾ ਤੁਰਿਆ, ਪਰ ਜਦੋਂ ਮਾਸੀ ਨੇ ਗੁਰਦੁਆਰੇ ਜਾ ਕੇ ਲੰਗਰ ਪਕਾਇਆ ਤੇ ਮੰਦਰ ਜਾ ਕੇ ਭਜਨ ਗਾਏ, ਤਾਂ ਦੋਹਾਂ ਥਾਂਵਾਂ ਦੇ ਪ੍ਰਧਾਨ ਬਹੁਤ ਪ੍ਰਭਾਵਿਤ ਹੋਏ। ਮਾਸੀ ਨੂੰ ਇੰਗਲੈਂਡ, ਉੱਥੋਂ ਦੇ ਲੋਕਾਂ, ਸਾਫ਼ ਸੜਕਾਂ, ਖੁੱਲ੍ਹੇ ਖਾਣ-ਪੀਣ, ਮੌਸਮ ਤੇ ਸੁਖ-ਸਹੂਲਤਾਂ ਕਰਕੇ ਸੁਰਗ ਜਾਪਦਾ ਸੀ ਤੇ ਉਹ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਉਸ ਨੂੰ ਸਦਾ ਲਈ ਉੱਥੇ ਰੱਖ ਲਵੇ ਤੇ ਆਪਣੇ ਬਾਪ ਨੂੰ ਵੀ ਉੱਥੇ ਬੁਲਾ ਲਵੇ। ਇਸ ਤੋਂ ਕੁੱਝ ਸਮੇਂ ਮਗਰੋਂ ਕਹਾਣੀਕਾਰ ਨੂੰ ਮਾਸੀ ਨੇ ਟੈਲੀਫ਼ੋਨ ‘ਤੇ ਘਰ ਬੁਲਾਇਆ ਤੇ ਭੁੱਬਾਂ ਮਾਰ ਕੇ ਰੋਂਦਿਆਂ ਹੱਥ ਜੋੜ ਕੇ ਕਿਹਾ ਕਿ ਉਹ ਬਲਵੰਤ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਭਿਜਵਾ ਦੇਵੇ, ਕਿਉਂਕਿ ਉਹ ਪੁੱਤਰ-ਨੂੰਹ ਤੇ ਪੋਤਿਆਂ-ਪੋਤੀਆਂ ਦੇ ਅਪਣੱਤ, ਮੋਹ ਤੇ ਗੱਲ-ਬਾਤ ਦੀ ਸਾਂਝ ਤੋਂ ਸੱਖਣੇ ਜੀਵਨ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਹੈ ਤੇ ਉਹ ਮੜੀਆਂ ਤੋਂ ਵੀ ਬਦਤਰ ਇਸ ਜੀਵਨ ਵਿੱਚੋਂ ਜਲਦੀ ਤੋਂ ਜਲਦੀ ਬਾਹਰ ਨਿਕਲ ਜਾਣਾ ਚਾਹੁੰਦੀ ਹੈ।