ਸਾਰ : ਮੁਰਕੀਆਂ
ਪ੍ਰਸ਼ਨ 2. ‘ਮੁਰਕੀਆਂ’ ਕਹਾਣੀ ਦਾ ਸੰਖੇਪ-ਸਾਰ ਲਿਖੋ।
ਉੱਤਰ : ਸੋਲਾਂ ਤੇ ਚੌਦਾਂ ਸਾਲਾਂ ਦੇ ਭਰਾ ਕਰੀਮੂ ਤੇ ਰਹੀਮੂ ਦਾ ਐਬੀ ਪਿਓ ਜੂਏ ਵਿਚ ਸਾਰੇ ਪਸ਼ੂ ਤੇ ਜ਼ਮੀਨ ਹਾਰ ਕੇ ਮਰ ਚੁੱਕਾ ਸੀ। ਉਨ੍ਹਾਂ ਦੀ ਮਾਂ ਲੋਕਾਂ ਦੇ ਘਰਾਂ ਦਾ ਪੀਹਣ-ਦਲਣ ਕਰ ਕੇ ਖਾਣ ਜੋਗੇ ਦਾਣੇ ਇਕੱਠੇ ਕਰ ਲੈਂਦੀ ਸੀ। ਕਰੀਮੂ ਤੇ ਰਹੀਮੂ ਸਾਰਾ ਦਿਨ ਅਖਰੋਟ ਜਾਂ ਕੌਡੀਆਂ ਖੇਡਦੇ ਨੰਗੇ ਪੈਰੀਂ ਪਿੰਡ ਦੀਆਂ ਗਲੀਆਂ ਵਿਚ ਘੁੰਮਦੇ ਰਹਿੰਦੇ, ਹੱਟੀਆਂ ਉੱਤੇ ਜਾ ਬਹਿੰਦੇ ਜਾਂ ਗੁਲੇਲਾਂ ਚੁੱਕ ਕੇ ਬਾਹਰ ਸ਼ਿਕਾਰ ਖੇਡਣ ਤੁਰੇ ਰਹਿੰਦੇ। ਪਿੰਡ ਦੇ ਲੋਕ ਉਨ੍ਹਾਂ ਨੂੰ ਗਵਾਰ ਤੇ ਚੋਰ ਸਮਝਦੇ ਸਨ। ਉਨ੍ਹਾਂ ਨੂੰ ਯਾਦ ਆਉਂਦਾ ਕਿ ਜਦੋਂ ਉਨ੍ਹਾਂ ਦਾ ਪਿਓ ਸੀ, ਉਦੋਂ ਉਨ੍ਹਾਂ ਕੋਲ ਵਹਿੜਕੀ, ਦੋ ਝੋਟੀਆਂ ਅਤੇ ਜ਼ਮੀਨ ਸੀ ਅਤੇ ਉਹ ਕੰਮ ਵੀ ਕਰਦੇ ਸਨ। ਪਰ ਹੁਣ ਨੂੰ ਇਨ੍ਹਾਂ ਦੇ ਖੁੱਸਣ ਦਾ ਦੁੱਖ ਨਹੀਂ ਸੀ, ਸਗੋਂ ਉਹ ਟੰਟਾ ਮੁੱਕਾ ਸਮਝਦੇ ਸਨ। ਹੁਣ ਇਕ ਮਹੀਨੇ ਤੋਂ ਉਨ੍ਹਾਂ ਦੀ ਮਾਂ ਬਿਮਾਰ ਹੋ ਕੇ ਮੰਜੇ ਉਤੇ ਪਈ ਸੀ। ਉਹ ‘ਹਾਏ-ਹਾਏ’ ਕਰਦੀ ਰਹਿੰਦੀ ਸੀ, ਪਰ ਪੈਸਿਆਂ ਦੀ ਤੰਗੀ ਕਾਰਨ ਉਹ ਕਿਸੇ ਹਕੀਮ-ਡਾਕਟਰ ਨੂੰ ਨਹੀਂ ਸਨ ਸੱਦ ਸਕਦੇ। ਸਰਕਾਰੀ ਹਸਪਤਾਲ ਤੋਂ ਮੁਫ਼ਤ ਦਵਾਈ ਲਿਆ ਕੇ ਦੇਣੀ ਤਾਂ ਕੀ ਆਪਣੀਆਂ ਖੇਡਾਂ ਕਾਰਨ ਉਨ੍ਹਾਂ ਕੋਲ ਮਾਂ ਨੂੰ ਪਾਣੀ ਦਾ ਘੁੱਟ ਦੇਣ ਦੀ ਵਿਹਲ ਵੀ ਨਹੀਂ ਸੀ। ਉਂਝ ਵੀ ਘਰ ਵਿਚ ਭੁੱਖ ਵਰਤੀ ਹੋਈ ਸੀ। ਇਕ ਰਾਤ ਮਾਂ ਨੇ ਉਸ ਦੇ ਪਿਓ ਬਾਰੇ ਉਨ੍ਹਾਂ ਨਾਲ ਗੱਲਾਂ ਕਰਦਿਆਂ ਦੱਸਿਆ ਕਿ ਉਸ ਨੇ ਉਸ ਨੂੰ ਇਹ ਮੁਰਕੀਆਂ ਬਣਵਾ ਕੇ ਦਿੱਤੀਆਂ ਸਨ, ਜੋ ਕਿ ਉਸ ਦੇ ਕੰਨਾਂ ਵਿਚ ਪਈਆਂ ਹੋਈਆਂ ਹਨ। ਉਹ ਔਖੇ ਸਮੇਂ ਵਿਚ ਵੀ ਮੁਰਕੀਆਂ ਵੇਚਣ ਲਈ ਨਾ ਮੰਨਿਆ, ਕਿਉਂਕਿ ਉਹ ਇਹ ਸਦਾ ਉਸ ਦੇ ਕੰਨਾਂ ਵਿਚ ਪਈਆਂ ਦੇਖਣੀਆਂ ਚਾਹੁੰਦਾ ਸੀ। ਇਸ ਕਰਕੇ ਉਹ ਵੀ ਉਸ ਦੇ ਮਰਨ ‘ਤੇ ਮੁਰਕੀਆਂ ਉਸਦੇ ਨਾਲ ਹੀ ਦਬਾ ਦੇਣ। ਅੰਤ ਮਾਂ ਦੇ ਮਰਨ ਤੇ ਦੋਵੇਂ ਭਰਾ ਉਸ ਨੂੰ ਮੁਰਕੀਆਂ ਸਮੇਤ ਕਬਰ ਵਿਚ ਦਬਾ ਆਏ। ਰਾਤ ਨੂੰ ਜਦੋਂ ਰਹੀਮੂ ਨੇ ਕਰੀਮੂ ਨੂੰ ਭੁੱਖ ਲੱਗੀ ਹੋਣ ਬਾਰੇ ਦੱਸਿਆ, ਤਾਂ ਉਸ ਨੇ ਉਸ ਨੂੰ ਅਖ਼ਰੋਟ ਭੰਨ ਕੇ ਖਾਣ ਤੋਂ ਰੋਕਿਆ ਕਿਉਂਕਿ ਉਨ੍ਹਾਂ ਕੋਲ ਖੇਡਣ ਲਈ ਕੁੱਝ ਨਹੀਂ ਸੀ ਬਚਣਾ। ਦੋਵੇਂ ਭਰਾ ਮਾਂ ਦੀ ਕਬਰ ਪੁੱਟ ਕੇ ਉਸਦੀਆਂ ਮੁਰਕੀਆਂ ਲਾਹੁਣ ਲਈ ਕਹੀ ਤੇ ਕੰਧਾਲਾ ਚੁੱਕ ਕੇ ਗਏ, ਪਰ ਮਾਂ ਦੇ ਮੁਰਕੀਆਂ ਸੰਬੰਧੀ ਬੋਲ ਗੁੰਜਦੇ ਸੁਣ ਕੇ ਉਨ੍ਹਾਂ ਵਿਚ ਕਬਰ ਪੁੱਟਣ ਦਾ ਸਾਹ-ਸੱਤ ਨਾ ਰਿਹਾ।
ਮੁਰਕੀਆਂ: ਔਖੇ ਸ਼ਬਦਾਂ ਦੇ ਅਰਥ
ਮੀਰੀ : ਜਿਸ ਦੀ ਵਾਰੀ ਪਹਿਲਾਂ ਹੋਵੇ ।
ਪਚਾਮੇ : ਨਿਸਚਿਤ ਕੀਤੀ ਉਹ ਥਾਂ, ਜਿੱਥੇ ਖੜੇ ਹੋ ਕੇ ਖੁੱਤੀ ਵਿਚ ਅਖ਼ਰੋਟ ਸੁੱਟੇ ਜਾਂਦੇ ਹਨ ।
ਚੋਟ : ਨਿਸ਼ਾਨਾ ।
ਗੁੱਛਮ-ਗੁਛਾ ਹੋ ਪਏ : ਲੜ ਪਏ ।
ਵਖੜਾਦ : ਭੇੜ ।
ਖੋਹ ਘਤਦੇ : ਪੁੱਟ ਸੁੱਟਦੇ ।
ਖਰੂੰਢਾਂ : ਨਹੁੰਦਰਾਂ
ਭੌਂਦੇ : ਘੁੰਮਦੇ ।
ਪੁੱਜਤ : ਪਹੁੰਚ ।
ਕੁਰੇਦਣਾ : ਚੀਰਨਾ, ਖੁਰਚਣਾ ।
ਤਿਣਾਂ : ਤਿੜ੍ਹਾਂ ।
ਆਥਣ : ਸੂਰਜ ਡੁੱਬਣ ਦਾ ਸਮਾਂ ।
ਅੱਬਾ : ਪਿਓ।
ਟੰਟਾ : ਔਖਾ ਤੇ ਬੇਸੁਆਦਾ ਕੰਮ ।
ਫਜ਼ਾ : ਵਾਤਾਵਰਨ ।
ਅੱਟੀ : ਭਰੀ ਹੋਈ ।
ਜੋਣ : ਜੋਤਣ ।
ਅੰਤਰੀਵ : ਅੰਦਰਲੇ ।
ਬਰਾਮਦ ਹੋਣਾ : ਮਿਲਣਾ, ਪ੍ਰਾਪਤ ਹੋਣਾ ।
ਮਹਿਸੂਸ : ਅਨੁਭਵ ।
ਰੀਣ : ਜ਼ਰਾ ਕੁ ।
ਝੱਲੇ : ਪਾਗ਼ਲ ।
ਸੋਗੀ : ਦੁੱਖ ਭਰੀਆਂ ।
ਹੂਕ : ਦਰਦ ਭਰੀ ਚੁੱਪ ।
ਵੇਂਹਦੇ : ਵੇਖਦੇ ।
ਲਾਂਘਾ : ਵਕਤ, ਗੁਜ਼ਾਰਾ ।
ਬਹਿਸ਼ਤੀਂ : ਸਵਰਗਾਂ ਵਿਚ ।
ਕਸਮੇੜੇ : ਉਸਲਵੱਟੇ ।
ਅਹਿਲ : ਅਡੋਲ
ਸਤਿਆਹੀਨ : ਸ਼ਕਤੀਹੀਨ ।
ਬੇਤਹਾਸ਼ਾ : ਬੇਕਾਬੂ ।