ਸਾਰ : ਪੰਜਾਬ ਦੇ ਰਸਮ ਰਿਵਾਜ
ਪ੍ਰਸ਼ਨ : ‘ਪੰਜਾਬ ਦੇ ਰਸਮ-ਰਿਵਾਜ’ ਨਾਂ ਦੇ ਲੇਖ/ਪਾਠ ਦਾ ਸੰਖੇਪ ਸਾਰ ਲਿਖੋ।
ਉੱਤਰ : ਰਸਮ-ਰਿਵਾਜ, ਰਹੁ-ਰੀਤਾਂ ਅਤੇ ਸੰਸਕਾਰ ਭਾਈਚਾਰਿਕ ਜੀਵਾਂ ਦੀਆਂ ਸੱਧਰਾਂ ਅਤੇ ਉਹਨਾਂ ਦੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਜਨਮ, ਵਿਆਹ ਅਤੇ ਮੌਤ ਸਮੇਂ ਇਹਨਾਂ ਦਾ ਅਸਲੀ ਰੂਪ ਦੇਖਿਆ ਜਾਂਦਾ ਹੈ।
ਜਨਮ ਸਮੇਂ ਦੇ ਰਸਮ-ਰਿਵਾਜ : ਪ੍ਰੇਤ-ਰੂਹਾਂ ਤੋਂ ਬਚਣ ਲਈ ਗਰਭ ਤੋਂ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਔਰਤ ਦੇ ਪੱਲੇ ਅਨਾਜ ਪਾਇਆ ਜਾਂਦਾ ਜਾਂ ਉਸ ਦੇ ਪੱਲੇ ਨਾਲ ਬੰਨ੍ਹਿਆ ਜਾਂਦਾ ਸੀ। ਬੱਚਾ ਪੈਦਾ ਹੋਣ ‘ਤੇ ਬੱਚਾ ਤੇ ਜੱਚਾ ਨੂੰ ਧੂਫ ਦਿੱਤੀ ਜਾਂਦੀ ਜਾਂ ਦੀਵਾ ਜਗਾ ਕੇ ਰੱਖਿਆ ਜਾਂਦਾ ਸੀ ਜਿਹੜਾ ਲਗਾਤਾਰ ਦਸ ਦਿਨ ਜਗਦਾ ਰਹਿੰਦਾ ਸੀ। ਜਨਮ ਤੋਂ ਬਾਅਦ ਬੱਚੇ ਨੂੰ ਗੁੜ੍ਹਤੀ ਦੇਣ ਦੀ ਮਹੱਤਵਪੂਰਨ ਰਸਮ ਹੁੰਦੀ ਹੈ। ਖ਼ਿਆਲ ਕੀਤਾ ਜਾਂਦਾ ਹੈ ਕਿ ਗੁੜ੍ਹਤੀ ਦੇਣ ਵਾਲੇ ਦੇ ਸੁਭਾਅ ਦਾ ਬੱਚੇ ਉੱਤੇ ਬਹੁਤ ਅਸਰ ਹੁੰਦਾ ਹੈ। ਜਨਮ ਤੋਂ ਪੰਜ ਦਿਨ ਪਿੱਛੋਂ ‘ਪੰਜਵੀਂ-ਨ੍ਹਾਉਣ’ ਦੀ ਰਸਮ ਕੀਤੀ ਜਾਂਦੀ ਹੈ। ਛੇਵੇਂ ਦਿਨ ਚੌਂਕ ਪੂਰਨ ਤੋਂ ਬਾਅਦ ਮਾਂ ਨੂੰ ਰੋਟੀ ਖੁਆਈ ਜਾਂਦੀ ਹੈ ਜਿਸ ਨੂੰ ‘ਛਟੀ’ ਕਹਿੰਦੇ ਹਨ। ਤੇਰ੍ਹਵੇਂ ਦਿਨ ਬਾਹਰ ਵਧਾਉਣ ਦੀ ਰਸਮ ਹੁੰਦੀ ਹੈ। ਜੇਕਰ ਮੁੰਡਾ ਜੰਮਿਆ ਹੋਵੇ ਤਾਂ ਸਭ ਲਾਗੀ ਤੋਹਫ਼ੇ ਤੇ ਵਧਾਈਆਂ ਦੇਣ ਆਉਂਦੇ ਹਨ। ਸ਼ਾਮ ਵੇਲ਼ੇ ਬੱਚੇ ਦੀ ਮਾਂ ਹੱਥ ਵਿੱਚ ਪਾਣੀ ਦੀ ਗੜਵੀ ਲੈ ਕੇ ਜਣੇਪੇ ਪਿੱਛੋਂ ਪਹਿਲੀ ਵਾਰ ਬਾਹਰ ਜਾਂਦੀ ਹੈ। ਹਿੰਦੂ ਪਰਿਵਾਰਾਂ ਵਿੱਚ ਤੀਜੇ ਤੋਂ ਪੰਜਵੇਂ ਸਾਲ ਵਿੱਚ ਬੱਚੇ ਦਾ ਮੁੰਡਨ ਸੰਸਕਾਰ ਕੀਤਾ ਜਾਂਦਾ ਹੈ। ਮੁੰਡਨ ਤੋਂ ਪਿੱਛੋਂ ‘ਜਨੇਊ ਪਹਿਨਣ’ ਤੱਕ ਪੰਜਾਬ ਦੇ ਹਿੰਦੂਆਂ ਵੱਲੋਂ ਆਮ ਤੌਰ ‘ਤੇ ਹੋਰ ਕੋਈ ਵਿਸ਼ੇਸ਼ ਸੰਸਕਾਰ ਨਹੀਂ ਕੀਤਾ ਜਾਂਦਾ। ਸਿੱਖਾਂ ਵਿੱਚ ਜਨੇਊ ਦੀ ਥਾਂ ਅੰਮ੍ਰਿਤ ਛਕਣ ਦੀ ਪਰੰਪਰਾ ਹੈ। ਮੁਸਲਮਾਨ ਇਸ ਦੀ ਥਾਂ ਸੁੰਨਤ ਦੀ ਰਸਮ ਕਰਦੇ ਹਨ।
ਵਿਆਹ ਨਾਲ ਸੰਬੰਧਿਤ ਰਸਮ-ਰਿਵਾਜ : ਮੁੰਡੇ ਕੁੜੀ ਦੇ ਜਵਾਨ ਹੋਣ ‘ਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਂਦੀਆਂ ਹਨ। ਸਭ ਤੋਂ ਪਹਿਲਾਂ ਰੋਕੇ ਜਾਂ ਠਾਕੇ ਦੀ ਰਸਮ ਹੁੰਦੀ ਹੈ। ਠਾਕੇ ਤੋਂ ਬਾਅਦ ਕੁੜਮਾਈ (ਮੰਗਣੀ) ਜਾਂ ਸਗਾਈ ਹੁੰਦੀ ਹੈ। ਮੰਗਣੀ ਤੋਂ ਬਾਅਦ ਸਾਹਾ ਕਢਵਾਇਆ ਜਾਂਦਾ ਹੈ। ਕੁੜੀ ਵਾਲੇ ਨਾਈ, ਪੰਡਤ ਜਾਂ ਵਿਚੋਲੇ ਹੱਥ ਸਾਹੇ ਦੀ ਚਿੱਠੀ ਮੁੰਡੇ ਵਾਲਿਆਂ ਨੂੰ ਭੇਜਦੇ ਹਨ ਜਿਸ ਤੋਂ ਬਾਅਦ ਦੋਹਾਂ ਘਰਾਂ ਵਿੱਚ ਵਿਆਹ ਦੀਆ ਤਿਆਰੀਆਂ ਅਰੰਭ ਹੋ ਜਾਂਦੀਆਂ ਹਨ। ਵਿਆਹ ਤੋਂ ਸੱਤ ਜਾਂ ਨੌਂ ਦਿਨ ਪਹਿਲਾਂ ਕੜਾਹੀ ਚੜ੍ਹਾਈ ਜਾਂਦੀ ਹੈ। ਵਿਆਂਹਦੜ ਦੀ ਮਾਂ ਆਪਣੇ ਪੇਕਿਆਂ ਨੂੰ ਗੁਲਗੁਲੇ ਲੈ ਕੇ ਜਾਂਦੀ ਅਤੇ ਵਿਆਹ ਦਾ ਦਿਨ ਦੱਸ ਆਉਂਦੀ ਹੈ। ਵਿਆਹ ਤੋਂ ਪਹਿਲਾਂ ਵਟਣੇ ਜਾਂ ਮਾਈਏਂ ਦੀ ਰਸਮ ਹੁੰਦੀ ਹੈ। ਵਿਆਹ ਤੋਂ ਇੱਕ ਦਿਨ ਪਹਿਲਾਂ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸਭ ਤੋਂ ਵੱਧ ਮੇਲ ਨਾਨਕਿਆਂ ਦਾ ਹੁੰਦਾ ਹੈ। ਦੂਜੇ ਦਿਨ ਮੁੰਡੇ ਨੂੰ ਨੁਹਾ ਕੇ ਮਾਮੇ ਦੇ ਲਿਆਂਦੇ ਕੱਪੜੇ ਪਹਿਨਾਏ ਜਾਂਦੇ ਹਨ। ਇਸ ਪਿੱਛੋਂ ਮੁੰਡੇ ਦੇ ਸਿਹਰਾ ਬੰਨ੍ਹਿਆ ਜਾਂਦਾ ਹੈ। ਮੁੰਡੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਉਸ ਦੀ ਭਰਜਾਈ ਉਸ ਦੇ ਸੁਰਮਾ ਪਾਉਂਦੀ ਹੈ। ਮੁੰਡੇ ਦੀ ਭੈਣ ਵਾਗ ਫੜਦੀ ਹੈ। ਜੰਞ ਦੇ ਕੁੜੀ ਵਾਲਿਆਂ ਦੇ ਪਹੁੰਚਣ ‘ਤੇ ਮਿਲਨੀ ਦੀ ਰਸਮ ਹੁੰਦੀ ਹੈ। ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਸ ਤੋਂ ਬਿਨਾਂ ਵਿਆਹ ਪੂਰਾ ਨਹੀਂ ਹੁੰਦਾ। ਸਿੱਖ ਭਾਈਚਾਰੇ ਵਿੱਚ ਅਨੰਦ ਕਾਰਜ ਦੀ ਰੀਤ ਹੈ। ਫੇਰਿਆਂ ਤੋਂ ਬਾਅਦ ਵਰੀ ਤੇ ਦਾਜ ਦਿਖਾਉਂਦੇ ਹਨ। ਫਿਰ ਡੋਲੀ ਤੁਰਦੀ ਹੈ ਅਥਵਾ ਜੰਞ ਵਿਦਾ ਕਰ ਦਿੱਤੀ ਜਾਂਦੀ ਹੈ। ਲਾੜੇ ਦੇ ਘਰ ਪਹੁੰਚਣ ‘ਤੇ ਉਸ ਦੀ ਮਾਂ ਪਾਣੀ ਵਾਰਨ ਦੀ ਰਸਮ ਕਰਦੀ ਹੈ। ਅਗਲੇ ਦਿਨ ਸਵੇਰੇ ਲਾੜਾ ਅਤੇ ਵਹੁਟੀ ਪਿੱਤਰਾਂ ਦੀ ਪੂਜਾ ਲਈ ਜਾਂਦੇ ਹਨ। ਕਈ ਥਾਂਵਾਂ ‘ਤੇ ਛੁਟੀ ਖੇਡਣ ਦੀ ਰਸਮ ਵੀ ਹੁੰਦੀ ਹੈ। ਇਸੇ ਸ਼ਾਮ ਕੰਙਣਾ ਖੇਡਿਆ ਜਾਂਦਾ ਹੈ।
ਮੌਤ ਸਮੇਂ ਦੇ ਰਸਮ-ਰਿਵਾਜ : ਜਿਉਂ ਹੀ ਜੀਵ ਪ੍ਰਾਣ ਤਿਆਗਦਾ ਹੈ ਔਰਤਾਂ ਘਰ ਵਿੱਚ ਵੈਣ ਪਾਉਣ ਲੱਗ ਪੈਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ। ਸਸਕਾਰ ਤੋਂ ਪਹਿਲਾਂ ਮ੍ਰਿਤਕ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ। ਜੇਕਰ ਮਰਨ ਵਾਲੀ ਸੁਹਾਗਣ ਹੋਵੇ ਤਾਂ ਉਸ ਦੀ ਦੇਹ ਦਾ ਹਾਰ-ਸ਼ਿੰਗਾਰ ਵੀ ਕੀਤਾ ਜਾਂਦਾ ਹੈ। ਘਰ ਤੋਂ ਸਿਵਿਆਂ ਤੱਕ ਮ੍ਰਿਤਕ ਦੇ ਨੇੜੇ ਦੇ ਰਿਸ਼ਤੇਦਾਰ ਅਰਥੀ ਨੂੰ ਮੋਢਿਆਂ ‘ਤੇ ਚੁੱਕ ਕੇ ਲੈ ਜਾਂਦੇ ਹਨ। ਚਿਖਾ ਦੀਆਂ ਲੱਕੜਾਂ ਚਿਣ ਕੇ ਮ੍ਰਿਤਕ ਦੀ ਦੇਹ ਉਸ ‘ਤੇ ਲਿਟਾ ਦਿੱਤੀ ਜਾਂਦੀ ਹੈ। ਵੱਡਾ ਪੁੱਤਰ ਚਿਖਾ ਨੂੰ ਅਗਨੀ ਦਿੰਦਾ ਹੈ। ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਦਿਖਾਈ ਦੇਣ ਲੱਗ ਪਵੇ ਤਾਂ ਕੋਈ ਆਦਮੀ ਅਰਥੀ ਦਾ ਡੰਡਾ ਕੱਢ ਕੇ ਖੋਪਰੀ ਠਕੋਰਦਾ ਹੈ ਜਿਸ ਨੂੰ ‘ਕਪਾਲ ਕ੍ਰਿਆ’ ਆਖਦੇ ਹਨ। ਮੌਤ ਤੋਂ ਤੀਸਰੇ ਦਿਨ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ। ਇਹ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਲ-ਪ੍ਰਵਾਹ ਕੀਤੇ ਜਾਂਦੇ ਹਨ। ਕਿਰਿਆ ਜਾਂ ਪਗੜੀ ਦੀ ਰਸਮ ‘ਤੇ ਵੱਡਾ ਪੁੱਤਰ ਸਹੁਰਿਆਂ ਵੱਲੋਂ ਆਈ ਪੱਗ ਬੰਨ੍ਹਦਾ ਹੈ ਅਤੇ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ। ਮੁਸਲਮਾਨ ਮ੍ਰਿਤਕ ਦੇਹ ਨੂੰ ਦਫ਼ਨਾਉਂਦੇ ਹਨ।
ਇਸ ਤਰ੍ਹਾਂ ਜੀਵਨ ਦੇ ਅਰੰਭ ਤੋਂ ਅੰਤ ਤੱਕ ਵੱਖ-ਵੱਖ ਰਸਮਾਂ ਕੀਤੀਆਂ ਜਾਂਦੀਆਂ ਹਨ।