CBSEClass 12 PunjabiEducationPunjab School Education Board(PSEB)

ਸਾਰ : ਪੰਜਾਬ ਦੇ ਮੇਲੇ ਤੇ ਤਿਉਹਾਰ


ਪ੍ਰਸ਼ਨ : ਡਾ. ਐੱਸ. ਐੱਸ. ਵਣਜਾਰਾ ਬੇਦੀ ਦੇ ਲੇਖ ‘ਪੰਜਾਬ ਦੇ ਮੇਲੇ ਤੇ ਤਿਉਹਾਰ’ ਦਾ ਸੰਖੇਪ ਸਾਰ ਲਿਖੋ।

ਉੱਤਰ : ਡਾ. ਐੱਸ. ਐੱਸ. ਵਣਜਾਰਾ ਬੇਦੀ ਦੇ ਲੇਖ ‘ਪੰਜਾਬ ਦੇ ਮੇਲੇ ਤੇ ਤਿਉਹਾਰ’ ਦਾ ਸੰਖੇਪ ਸਾਰ ਇਸ ਪ੍ਰਕਾਰ ਹੈ :

ਮੇਲੇ : ਮੇਲੇ ਮਨ-ਪਰਚਾਵੇ ਅਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹਨ। ਮੇਲਾ ਪੰਜਾਬੀਆਂ ਦੇ ਚਰਿੱਤਰ ਵਿੱਚ ਬੀਜ-ਰੂਪ ਵਿੱਚ ਸਮਾਇਆ ਹੋਇਆ ਹੈ। ਪੰਜਾਬ ਦੇ ਬਹੁਤੇ ਮੇਲੇ ਰੁੱਤਾਂ/ਮੌਸਮਾਂ ਅਤੇ ਤਿਉਹਾਰਾਂ ਨਾਲ ਸੰਬੰਧ ਰੱਖਦੇ ਹਨ।

ਸਾਰੀਆਂ ਰੁੱਤਾਂ ਵਿੱਚੋਂ ਬਸੰਤ ਸਭ ਤੋਂ ਵੱਧ ਸੋਹਣੀ ਹੈ। ਇਸੇ ਰੁੱਤ ਵਿੱਚ ਮਾਘ ਸੁਦੀ ਪੰਜ ਨੂੰ ਪੰਜਾਬ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਖ਼ੁਸ਼ੀ ਤੇ ਚਾਅ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਵੱਖ-ਵੱਖ ਥਾਂਵਾਂ ‘ਤੇ ਛੋਟੇ-ਵੱਡੇ ਮੇਲੇ ਲੱਗਦੇ ਹਨ। ਪਟਿਆਲੇ ਅਤੇ ਛੇਹਰਟੇ ਦੀ ਬਸੰਤ-ਪੰਚਮੀ ਖ਼ਾਸ ਪ੍ਰਸਿੱਧ ਹੈ। ਦੇਸ ਦੀ ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਲਾਹੌਰ ਵਿਖੇ ਹਕੀਕਤ ਰਾਏ ਦੀ ਸਮਾਧ ‘ਤੇ ਲੱਗਦਾ ਸੀ।

ਫੱਗਣ ਦੇ ਮਹੀਨੇ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਮਨਾਇਆ ਜਾਂਦਾ ਹੈ। ਹਰ ਯੁੱਗ ਇਸ ਤਿਉਹਾਰ ਵਿੱਚ ਕਈ ਵਿਸ਼ਵਾਸ ਤੇ ਧਾਰਮਿਕ ਅੰਸ਼ ਰਚਾਉਂਦਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਪੰਜਾਬੀਆਂ ਦੀਆਂ ਬੀਰ-ਭਾਵਨਾਵਾਂ ਪ੍ਰਜਵੱਲਿਤ ਕਰਨ ਲਈ, ਨਵੀਂ ਦਿਸ਼ਾ ਦਿੱਤੀ ਅਤੇ ਉਹਨਾਂ ਹੋਲਾ-ਮਹੱਲਾ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ। ਸਾਵਣ ਮਹੀਨੇ ਦੀ ਸੁਹਾਵਣੀ ਰੁੱਤ ਵਿੱਚ ਤੀਆਂ ਦੇ ਮੌਸਮੀ ਮੇਲੇ ਲੱਗਦੇ ਹਨ। ਵਰਖਾ ਰੁੱਤ ਵਿੱਚ ਗੁੱਗੇ ਨਾਲ ਸੰਬੰਧਿਤ ਕੁਝ ਮੇਲੇ ਲੱਗਦੇ ਸਨ। ਗੁੱਗੇ ਦੀ ਯਾਦ ਵਿੱਚ ਲੁਧਿਆਣੇ ਜ਼ਿਲ੍ਹੇ ਵਿੱਚ ਛਪਾਰ ਵਿਖੇ ਭਾਦੋਂ ਸੁਦੀ ਚੌਦਾਂ ਨੂੰ ਭਾਰੀ ਮੇਲਾ ਲੱਗਦਾ ਹੈ।

ਦੇਵੀ ਮਾਤਾ ਨਾਲ ਸੰਬੰਧਿਤ ਮੇਲੇ ਚੇਤਰ ਅਤੇ ਅੱਸੂ ਵਿੱਚ ਨਰਾਤਿਆਂ ਦੇ ਦਿਨਾਂ ਵਿੱਚ ਲੱਗਦੇ ਹਨ। ਜਵਾਲਾ ਜੀ, ਚਿੰਤਪੁਰਨੀ, ਨੈਣਾ ਦੇਵੀ ਅਤੇ ਮਨਸਾ ਦੇਵੀ ਆਦਿ ਸਥਾਨਾਂ ‘ਤੇ ਇਹਨਾਂ ਨਰਾਤਿਆਂ ਵਿੱਚ ਮੇਲੇ ਲੱਗਦੇ ਹਨ। ਜਰਗ ਪਿੰਡ ਵਿੱਚ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਸੀਤਲਾ ਦੇਵੀ ਨੂੰ ਪਤਿਆਉਣ ਲਈ ਮੇਲਾ ਲੱਗਦਾ ਹੈ। ਇਸ ਮੇਲੇ ਵਿੱਚ ਦੇਵੀ ਮਾਤਾ ਨੂੰ ਬਹਿੜੀਏ ਅਥਵਾ ਬਹੇ ਗੁਲਗੁਲੇ ਭੇਟ ਕੀਤੇ ਜਾਂਦੇ ਹਨ ਜਿਸ ਕਾਰਨ ਇਸ ਮੇਲੇ ਨੂੰ ‘ਬਹਿੜੀਏ ਦਾ ਮੇਲਾ’ ਵੀ ਕਿਹਾ ਜਾਣ ਲੱਗ ਪਿਆ ਹੈ।

ਪੀਰਾਂ-ਫ਼ਕੀਰਾਂ ਨਾਲ ਸੰਬੰਧਿਤ ਕੁਝ ਮੇਲੇ ਵੀ ਲੱਗਦੇ ਹਨ। ਜਗਰਾਵਾਂ ਵਿੱਚ ਹਰ ਸਾਲ 14 ਤੋਂ 16 ਫੱਗਣ ਤੱਕ ਪ੍ਰਸਿੱਧ ਸੂਫ਼ੀ ਫ਼ਕੀਰ ਅਲਦੁੱਲ ਕਾਦਰ ਜਿਲਾਨੀ ਦੀ ਕਬਰ ‘ਤੇ ਰੋਸ਼ਨੀ ਦਾ ਮੇਲਾ ਲੱਗਦਾ ਹੈ। ਇਸ ਮੇਲੇ ਦਾ ਨਾਂ ‘ਰੋਸ਼ਨੀ’ ਇਸ ਲਈ ਪਿਆ ਕਿਉਂਕਿ ਮੇਲੇ ਦੇ ਦਿਨੀਂ ਪੀਰ ਦੀ ਕਬਰ ‘ਤੇ ਅਨੇਕਾਂ ਚਿਰਾਗ਼ ਬਾਲੇ ਜਾਂਦੇ ਹਨ। ਨਿਮਾਣੀ ਇਕਾਦਸ਼ੀ ਨੂੰ ਮਲੇਰਕੋਟਲੇ ਵਿੱਚ ਹੈਦਰ ਸ਼ੇਖ਼ ਦੇ ਮਕਬਰੇ ‘ਤੇ ਭਾਰੀ ਮੇਲਾ ਜੁੜਦਾ ਹੈ। ਮਲੇਰਕੋਟਲੇ ਵਿੱਚ ਹੀ ਪੋਹ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਸਖੀਸਰਵਰ ਦਾ ਇੱਕ ਮੇਲਾ ਵੀ ਲੱਗਦਾ ਹੈ ਜਿਸ ਨੂੰ ‘ਨਿਗਾਹਾ ਮੇਲਾ’ ਕਹਿੰਦੇ ਹਨ। ਮੋਗੇ ਵਿੱਚ ਵੀ ਅਜਿਹਾ ਹੀ ਇੱਕ ਮੇਲਾ ਲੱਗਦਾ ਹੈ। ਪਿੰਡ ਭਾਡਲਾ (ਲੁਧਿਆਣਾ) ਵਿਖੇ ਵੀ ਸਖ਼ੀਸਰਵਰ ਦੀ ਖ਼ਾਨਗਾਹ ‘ਤੇ ਜੇਠ ਦੇ ਚਾਨਣ ਪੱਖ ਦੇ ਪਹਿਲੇ ਵੀਰਵਾਰ ਨੂੰ ਇੱਕ ਮੇਲਾ ਲੱਗਦਾ ਹੈ।

ਗੁਰੂ ਸਾਹਿਬਾਂ ਦੇ ਪਵਿੱਤਰ ਸਥਾਨਾਂ ‘ਤੇ ਖ਼ਾਸ-ਖ਼ਾਸ ਤਿਥਾਂ ਨੂੰ ਮੇਲੇ ਲੱਗਦੇ ਹਨ। ਮਾਘੀ ਵਾਲੇ ਦਿਨ ਮੁਕਤਸਰ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਇੱਕ ਪ੍ਰਸਿੱਧ ਮੇਲਾ ਲੱਗਦਾ ਹੈ। ਹੋਲੀ ਤੋਂ ਅਗਲੇ ਦਿਨ ਚੇਤ ਵਦੀ ਪਹਿਲੀ ਨੂੰ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ ‘ਤੇ ਇੱਕ ਮੇਲਾ ਭਰਦਾ ਹੈ, ਜਿਸ ਨੂੰ ਹੋਲਾ-ਮਹੱਲਾ ਕਹਿੰਦੇ ਹਨ। ਤਰਨ ਤਾਰਨ ਵਿੱਚ ਭਾਦੋਂ ਦੀ ਮੱਸਿਆ ਨੂੰ ਬੜਾ ਭਾਰੀ ਉਤਸਵ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀਆਂ ਥਾਂਵਾਂ ਮੋਰਿੰਡਾ, ਚਮਕੌਰ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਵੀ ਵੱਡੇ ਜੋੜ-ਮੇਲੇ ਲੱਗਦੇ ਹਨ। ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿਖੇ ਭਾਰੀ ਮੇਲਾ ਲੱਗਦਾ ਸੀ। ਲਾਹੌਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਡੇਹਰਾ ਸਾਹਿਬ (ਜੋ ਹੁਣ ਪਾਕਿਸਤਾਨ ਵਿੱਚ ਹੈ) ਵਿਖੇ ਜੋੜ-ਮੇਲਾ ਲੱਗਦਾ ਸੀ।

ਤਿਉਹਾਰ : ਚੇਤਰ ਮਹੀਨੇ ਦੀ ਏਕਮ ਤੋਂ ਪੰਜਾਬ ਵਿੱਚ ਨਵਾਂ ਸਾਲ ਸ਼ੁਰੂ ਹੁੰਦਾ ਹੈ। ਇਸ ਦਿਨ ਨੂੰ ਨਵੇਂ ਸੰਮਤ ਵਜੋਂ ਮਨਾਇਆ ਜਾਂਦਾ ਹੈ। ਚੇਤਰ ਸੁਦੀ ਅੱਠਵੀਂ ਨੂੰ ਕੰਜਕਾਂ ਬਿਠਾਈਆਂ ਜਾਂਦੀਆਂ ਹਨ। ਚੇਤਰ ਸੁਦੀ ਨੌਵੀਂ ਨੂੰ ਸ੍ਰੀ ਰਾਮ ਚੰਦਰ ਜੀ ਦੇ ਜਨਮ ਦੇ ਸੰਬੰਧ ਵਿੱਚ ਰਾਮ-ਨੌਂਵੀਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਵਣ ਮਹੀਨੇ ਦੀ ਤੀਸਰੀ ਤਿਥ ਨੂੰ ਤੀਆਂ ਮਨਾਈਆਂ ਜਾਂਦੀਆਂ ਹਨ। ਸਾਵਣ ਦੀ ਪੂਰਨਮਾਸ਼ੀ ਵਾਲ਼ੇ ਦਿਨ ਰੱਖੜੀ ਦਾ ਤਿਉਹਾਰ ਆਉਂਦਾ ਹੈ। ਭਾਦੋਂ ਮਹੀਨੇ ਗੁੱਗਾ-ਨੌਂਵੀਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭਾਦਰੋਂ ਮਹੀਨੇ ਦੀ ਕ੍ਰਿਸ਼ਨਾ-ਪੱਖ ਦੀ ਅੱਠਵੀਂ ਨੂੰ ਕ੍ਰਿਸ਼ਨ ਜੀ ਦਾ ਅਵਤਾਰ-ਪੁਰਬ ‘ਜਨਮ-ਅਸ਼ਟਮੀ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਅੱਸੂ ਮਹੀਨੇ ਦੇ ਹਨੇਰੇ ਪੱਖ ਦੀਆਂ ਪੰਦਰਾਂ ਤਿਥਾਂ ਨੂੰ ਪਿੱਤਰਾਂ ਪ੍ਰਤੀ ਸ਼ਰਧਾ ਪ੍ਰਗਟ ਕਰਨ ਲਈ ਸ੍ਰਾਧ ਕੀਤੇ ਜਾਂਦੇ ਹਨ। ਅੱਸੂ ਮਹੀਨੇ ਦੇ ਚਾਨਣ ਪੱਖ ਦੀ ਏਕਮ ਤੋਂ ਨੌਵੀਂ ਤਿਥ ਤੱਕ ਨਰਾਤੇ ਰਹਿੰਦੇ ਹਨ। ਨਰਾਤਿਆਂ ਵਿੱਚ ਮਾਤਾ ਗੋਰਜਾਂ ਤੇ ‘ਸਾਂਝੀ ਮਾਈ’ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਵਿੱਚ ਰਾਮ-ਲੀਲ੍ਹਾ ਖੇਡੀ ਜਾਂਦੀ ਹੈ। ਦਸਵੇਂ ਨਰਾਤੇ ਨੂੰ ਦਸਹਿਰੇ ਦਾ ਪ੍ਰਸਿੱਧ ਤਿਉਹਾਰ ਮਨਾਇਆ ਜਾਂਦਾ ਹੈ।

ਕੱਤਕ ਦੀ ਪੂਰਨਮਾਸ਼ੀ ਨੂੰ ਪੰਜਾਬ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ-ਉਤਸਵ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕੱਤਕ ਦੇ ਹਨੇਰੇ ਪੱਖ ਦੀ ਚੌਥੀ ਤਿੱਥ ਨੂੰ ‘ਕਰਵਾਚੌਥ’ ਦਾ ਪੁਰਬ ਆਉਂਦਾ ਹੈ। ਕੱਤਕ ਮਹੀਨੇ ਦੀ ਮੱਸਿਆ ਨੂੰ ਦਿਵਾਲ਼ੀ ਦਾ ਸਭ ਤੋਂ ਵੱਡਾ
ਤਿਉਹਾਰ ਮਨਾਇਆ ਜਾਂਦਾ ਹੈ। ਇਸ ਰਾਤ ਲਕਸ਼ਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਿਵਾਲੀ ਦਾ ਜਲੌ ਦੇਖਣ ਵਾਲ਼ਾ ਹੁੰਦਾ ਹੈ। ਇਸੇ ਦਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਬੰਦੀ ਤੋਂ ਛੁਡਵਾ ਕੇ ਅੰਮ੍ਰਿਤਸਰ ਪਹੁੰਚੇ ਸਨ।

ਪੋਹ ਮਹੀਨੇ ਦੇ ਅਖੀਰਲੇ ਦਿਨ ਲੋਹੜੀ ਦਾ ਤਿਉਹਾਰ ਆਉਂਦਾ ਹੈ। ਜਿਸ ਘਰ ਪੁੱਤਰ ਪੈਦਾ ਹੋਇਆ ਹੋਵੇ ਜਾਂ ਜਿਸ ਘਰ ਨਵਾਂ ਵਿਆਹ ਹੋਇਆ ਹੋਵੇ, ਉਹ ਲੋਹੜੀ ਦਾ ਤਿਉਹਾਰ ਵਿਸ਼ੇਸ਼ ਸ਼ਗਨਾਂ ਨਾਲ ਮਨਾਉਂਦੇ ਹਨ ਅਤੇ ਗਲ਼ੀ-ਮੁਹੱਲੇ ਵਿੱਚ ਗੁੜ ਤੇ ਚਿੜਵੇ-ਰਿਓੜੀਆਂ ਵੰਡਦੇ ਹਨ। ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ ਜਿਸ ਨੂੰ ‘ਮਕਰ ਸੰਕ੍ਰਾਂਤੀ’ ਵੀ ਆਖਦੇ ਹਨ। ਫੱਗਣ ਮਹੀਨੇ ਦੀ ਮੱਸਿਆਂ ਨੂੰ ਸ਼ਿਵਰਾਤਰੀ ਮਨਾਈ ਜਾਂਦੀ ਹੈ।

ਇਸ ਤਰ੍ਹਾਂ ਪੰਜਾਬ ਵਿੱਚ ਮੇਲੇ ਤੇ ਤਿਉਹਾਰ ਨਿਰੰਤਰ ਚੱਲਦੇ ਰਹਿੰਦੇ ਹਨ।