CBSEClass 9th NCERT PunjabiEducationPunjab School Education Board(PSEB)

ਸਾਰ : ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ 


ਪ੍ਰਸ਼ਨ. ‘ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ’ ਵਾਰਤਕ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ’, ਵਾਰਤਕ ਲੇਖ ਡਾ. ਟੀ. ਆਰ. ਸ਼ਰਮਾ ਦੁਆਰਾ ਲਿਖਿਆ ਹੋਇਆ ਹੈ। ਇਸ ਲੇਖ ਵਿੱਚ ਲੇਖਕ ਨੇ ਇਹ ਸਪੱਸ਼ਟ ਕੀਤਾ ਹੈ ਕਿ ਖ਼ੁਸ਼ੀਆਂ ਨੂੰ ਬੁਲਾਉਣਾ ਪੈਂਦਾ ਹੈ ਅਤੇ ਮੁਸਕੁਰਾ ਕੇ ਉਹਨਾਂ ਦੇ ਆਉਣ ਲਈ ਰਸਤਾ ਤਿਆਰ ਕੀਤਾ ਜਾਂਦਾ ਹੈ। ਇਸ ਲੇਖ ਦਾ ਸੰਖੇਪ ਸਾਰ ਹੇਠ ਲਿਖੇ ਅਨੁਸਾਰ ਹੈ : 

ਲੇਖਕ ਦੇ ਅਨੁਸਾਰ ਖ਼ੁਸ਼ੀਆਂ ਨੂੰ ਹਾਕਾਂ ਮਾਰ ਕੇ ਬੁਲਾਉਣਾ ਪੈਂਦਾ ਹੈ। ਇਹਨਾਂ ਦੇ ਆਉਣ ਦੀ ਉਡੀਕ ਵਿੱਚ ਰਸਤਾ ਬਣਾ ਕੇ ਇਹਨਾਂ ਨੂੰ ਪ੍ਰਾਪਤ ਕਰਨ ਲਈ ਕੋਸ਼ਸ਼ ਕਰਨੀ ਪੈਂਦੀ ਹੈ। ਹਰ ਤਰ੍ਹਾਂ ਦੀ ਖ਼ੁਸ਼ੀ ਨੂੰ ਪ੍ਰਾਪਤ ਕਰਨ ਲਈ ਉਸ ਦੇ ਅਨੁਸਾਰ ਹੀ ਯਤਨਸ਼ੀਲ ਹੋਣਾ ਪੈਂਦਾ ਹੈ। ਮਨੁੱਖ ਨੂੰ ਨਿੱਕੀਆਂ-ਨਿੱਕੀਆਂ ਗੱਲਾਂ, ਨਿੱਕੇ-ਨਿੱਕੇ ਰਿਸ਼ਤੇ ਹੀ ਵੱਡੀਆਂ-ਵੱਡੀਆਂ ਖ਼ੁਸ਼ੀਆਂ ਪ੍ਰਦਾਨ ਕਰ ਸਕਦੇ ਹਨ।

ਕਿਸੇ ਵੀ ਲੋੜਵੰਦ ਨੂੰ ਉਸ ਦੀ ਜ਼ਰੂਰਤ ਦੇ ਮੁਤਾਬਕ ਉਸ ਦੀ ਮਦਦ ਕਰਕੇ ਖ਼ੁਸ਼ੀ ਪ੍ਰਾਪਤ ਕੀਤੀ ਅਤੇ  ਦਿੱਤੀ ਜਾ ਸਕਦੀ ਹੈ। ਕਈ ਵਾਰੀ ਬਹੁਤ ਨਿੱਕਾ ਜਿਹਾ ਕੰਮ ਕਰਕੇ ਵੀ ਬਹੁਤ ਵੱਡੀ ਖ਼ੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਅਜਿਹੀ ਖ਼ੁਸ਼ੀ ਨੂੰ ਪ੍ਰਾਪਤ ਕਰਨਾ ਔਖਾ ਕੰਮ ਨਹੀਂ ਹੁੰਦਾ। ਅਜਿਹੇ ਮੌਕਿਆਂ ਨੂੰ ਵਾਰ-ਵਾਰ ਪ੍ਰਾਪਤ ਕਰਨਾ ਚਾਹੀਦਾ ਹੈ। ਕਿਸੇ ਨਾਲ ਮਿੱਠਾ ਬੋਲਣਾ, ਬੱਚਿਆਂ ਨੂੰ ਪਿਆਰ ਕਰਨਾ, ਵੱਡਿਆਂ ਦਾ ਆਦਰ ਸਤਿਕਾਰ ਕਰਨਾ, ਬੱਚਿਆਂ ਨਾਲ ਖੇਡਣਾ, ਉਹਨਾਂ ਨਾਲ ਹੱਸ ਕੇ ਗੱਲਾਂ ਕਰਨੀਆਂ ਆਦਿ ਖ਼ੁਸ਼ੀ ਪ੍ਰਾਪਤ ਕਰਨ ਦੇ ਸਭ ਤੋਂ ਵਧੀਆ ਸਾਧਨ ਹਨ।

ਜਿਨ੍ਹਾਂ ਪਰਿਵਾਰਾਂ ਦੇ ਘਰੇਲੂ ਮਾਹੌਲ ਠੀਕ ਨਹੀਂ ਹੁੰਦੇ, ਪਤੀ-ਪਤਨੀ ਦੇ ਆਪਸੀ ਲੜਾਈ-ਝਗੜੇ ਹੁੰਦੇ ਕਹਿੰਦੇ ਹਨ, ਉੱਥੇ ਲੋਕ ਆਪ ਤਾਂ ਪਰੇਸ਼ਾਨ ਹੁੰਦੇ ਹੀ ਹਨ, ਉਸ ਦੇ ਨਾਲ-ਨਾਲ ਬੱਚਿਆਂ ਨੂੰ ਵੀ ਪਰੇਸ਼ਾਨ ਕਰਦੇ ਹਨ। ਗੱਲ ਕੋਈ ਖ਼ਾਸ ਵੱਡੀ ਨਹੀਂ ਹੁੰਦੀ। ਅਜਿਹੇ ਮਸਲਿਆਂ ਨੂੰ ਪਤੀ-ਪਤਨੀ ਅਰਾਮ ਨਾਲ ਬੈਠ ਕੇ ਵੀ ਹੱਲ ਕਰ ਸਕਦੇ ਹਨ। ਅਜਿਹੀ ਕਿਹੜੀ ਸਮੱਸਿਆ ਹੈ ਜਿਸ ਦਾ ਹੱਲ ਨਹੀਂ ਨਿਕਲ ਸਕਦਾ, ਲੋੜ ਹੁੰਦੀ ਹੈ ਸਮਝਦਾਰੀ ਨਾਲ਼ ਠੰਢੇ ਹੋ ਕੇ ਫ਼ੈਸਲਾ ਕਰਨ ਦੀ। ਇਸ ਤਰ੍ਹਾਂ ਕਰਨ ਦੇ ਨਾਲ਼ ਸਮੁੱਚੇ ਮਾਹੌਲ ਨੂੰ ਵਧੀਆ ਬਣਾਇਆ ਜਾ ਸਕਦਾ ਹੈ।

ਕੋਈ ਵੀ ਇਨਸਾਨ ਮੁਸਕੁਰਾਉਂਦਾ ਜਾਂ ਹੱਸਦਾ ਹੋਇਆ ਪੈਦਾ ਨਹੀਂ ਹੁੰਦਾ। ਇਸ ਜਹਾਨ ਵਿੱਚ ਹੱਸਣ ਜਾਂ ਮੁਸਕੁਰਾਉਣ ਦੀ ਆਦਤ ਪਾਉਣੀ ਪੈਂਦੀ ਹੈ। ਸਾਨੂੰ ਅਕਸਰ ਹਰ ਥਾਂ ‘ਤੇ ਹੱਸਣ ਵਾਲੇ ਜਾਂ ਮੁਸਕੁਰਾਉਂਦੇ ਚਿਹਰੇ ਦੇਖਣ ਨੂੰ ਮਿਲ ਜਾਂਦੇ ਹਨ। ਇਹ ਲੋਕ ਹਮੇਸ਼ਾਂ ਹੀ ਖਿੜੇ ਹੋਏ ਗੁਲਾਬ ਦੇ ਵਾਂਗ ਆਪਣੇ ਹਾਸੇ ਦੀਆਂ ਮਹਿਕਾਂ ਖਿਲਾਰਦੇ ਰਹਿੰਦੇ ਹਨ। ਗੰਭੀਰ ਅਤੇ ਮੁਸੀਬਤ ਭਰੇ ਮਾਹੌਲ ਵਿੱਚ ਵੀ ਉਹਨਾਂ ਦੇ ਚਿਹਰੇ ਉੱਤੇ ਗ਼ਮ ਦੀਆਂ ਲਕੀਰਾਂ ਨਹੀਂ ਹੁੰਦੀਆਂ। ਇਸ ਗੱਲ ਦੀ ਵੀ ਹੈਰਾਨੀ ਹੁੰਦੀ ਹੈ ਕਿ ਉਹ ਹੱਸਦੇ-ਖੇਡਦੇ ਹੀ ਇਹਨਾਂ ਮੁਸ਼ਕਲਾਂ ਦਾ ਠੋਸ ਹੱਲ ਵੀ ਲੱਭ ਲੈਂਦੇ ਹਨ। ਉਹਨਾਂ ਨੇ ਮੁਸੀਬਤ ਵੇਲੇ ਵੀ ਮੁਸੀਬਤਾਂ ਅਤੇ ਔਕੜਾਂ ਨਾਲ ਖਿੜੇ ਮੱਥੇ ਘੁਲਣ ਦੀ ਆਦਤ ਪਾਈ ਹੁੰਦੀ ਹੈ। ਉਹਨਾਂ ਦੇ ਕੋਲ ਬੇਸ਼ੁਮਾਰ ਹਾਸਿਆਂ ਦੀਆਂ ਫੁਲ-ਝੜੀਆਂ ਹੁੰਦੀਆਂ ਹਨ ਜੋ ਉਹਨਾਂ ਦੇ ਆਲੇ-ਦੁਆਲੇ ਰਹਿਣ ਵਾਲਿਆਂ ਨੂੰ ਖ਼ੁਸ਼ ਰੱਖਦੀਆਂ ਹਨ। ਉਹਨਾਂ ਨੂੰ ਦੇਖ ਕੇ ਕਈ ਵਾਰ ਲੋਕੀਂ ਇਹ ਭੁਲੇਖਾ ਖਾ ਜਾਂਦੇ ਹਨ ਕਿ ਸ਼ਾਇਦ ਉਹਨਾਂ ਲੋਕਾਂ ਨੇ ਕਦੀ ਗ਼ਮ ਜਾਂ ਔਕੜ ਦਾ ਮੁਕਾਬਲਾ ਹੀ ਨਹੀਂ ਕੀਤਾ ਹੋਵੇਗਾ। ਪਰ ਅਜਿਹਾ ਨਹੀਂ ਹੁੰਦਾ, ਇਹਨਾਂ ਲੋਕਾਂ ਉੱਪਰ ਵੀ ਮੁਸੀਬਤਾਂ ਅਤੇ ਗਮਾਂ ਦੇ ਪਹਾੜ ਟੁੱਟਦੇ ਹਨ, ਪਰ ਇਹ ਮੁਸੀਬਤ ਵੇਲੇ ਵੀ ਘਬਰਾਉਂਦੇ ਨਹੀਂ ਸਗੋਂ ਧੀਰਜ ਨਾਲ ਹੱਸਦੇ ਖੇਡਦੇ ਮੁਸੀਬਤ ਦੀਆਂ ਗੰਢਾਂ ਖੋਲ੍ਹ ਲੈਂਦੇ ਹਨ। ਹਰ ਕੋਈ ਅਜਿਹਾ ਕਰ ਸਕਦਾ ਹੈ, ਇਸ ਲਈ ਸਿਰਫ਼ ਉਸਾਰੂ ਸੋਚ ਅਤੇ ਯੋਜਨਾਬੰਦੀ ਤੋਂ ਕੰਮ ਲੈਣ ਦੀ ਲੋੜ ਹੁੰਦੀ ਹੈ।

ਸਾਡੇ ਵੰਡ-ਵੰਡਰਿਆਂ ਨੇ ਘਰਾਂ, ਪਰਿਵਾਰਾਂ ਅਤੇ ਸਮਾਜ ਵਿੱਚ ਖ਼ੁਸ਼ੀਆਂ ਨੂੰ ਸੱਦਾ ਦੇਣ ਦੇ ਕਈ ਢੰਗ ਕੱਢੇ ਹੋਏ ਹਨ, ਜਿਹੜੇ ਕੁਝ ਰਸਮਾਂ, ਰੀਤਾਂ, ਮੇਲਿਆਂ, ਸਮਾਗਮਾਂ ਅਤੇ ਧਾਰਮਿਕ ਤਿਉਹਾਰਾਂ ਦੇ ਰੂਪ ਵਿੱਚ ਸਾਡੇ ਦਰਮਿਆਨ ਵਿਚਰਦੇ ਹਨ। ਬਹੁਤ ਸਾਰੇ ਤਿਉਹਾਰ ਅਤੇ ਸਮਾਗਮ ਖ਼ੁਸ਼ੀ ਪ੍ਰਾਪਤੀ ਦੇ ਹੀ ਉਪਰਾਲੇ ਹਨ। ਇਹਨਾਂ ਸਾਰਿਆਂ ਨੂੰ ਇਸੇ ਹੀ ਤਰ੍ਹਾਂ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ। ਆਧੁਨਿਕ ਸਮੇਂ ਨੇ ਅਜਿਹੇ ਮੌਕਿਆਂ ਵਿੱਚ ਅਜ਼ਾਦੀ ਅਤੇ ਗਣਤੰਤਰਤਾ-ਦਿਵਸ, ਬਾਲ-ਦਿਵਸ, ਅਧਿਆਪਕ-ਦਿਵਸ, ਮਾਂ-ਦਿਵਸ, ਪਿਤਾ-ਦਿਵਸ, ਧਰਤੀ ਦਿਵਸ ਆਦਿ ਵੀ ਜੋੜ ਦਿੱਤੇ ਹਨ।

ਪਤੀ ਦਾ ਪਤਨੀ ਦੇ ਕੰਮ ਵਿੱਚ ਮਦਦ ਕਰਨਾ, ਗੁਆਂਢੀਆਂ ਦੇ ਕਿਸੇ ਸਮਾਗਮ ਜਾਂ ਕੰਮ ਵਿੱਚ ਵੱਧ-ਚੜ੍ਹ ਕੇ ਸਾਥ ਦੇਣਾ ਖ਼ੁਸ਼ੀਆਂ ਵਿੱਚ ਵਾਧਾ ਕਰਦੇ ਹਨ। ਜਿਹੜੇ ਖ਼ੁਸ਼ੀਆਂ ਨੂੰ ਸੱਦਾ ਦੇਣਾ ਜਾਣਦੇ ਹਨ ਉਹ ਕੇਵਲ ਆਪਣੇ ਨਜ਼ਦੀਕੀਆਂ ਦੇ ਸਮਾਗਮਾਂ ਵਿੱਚ ਸ਼ਾਮਲ ਹੀ ਨਹੀਂ ਹੁੰਦੇ ਸਗੋਂ ਰੌਣਕਾਂ ਨੂੰ ਵਧਾਉਂਦੇ ਵੀ ਹਨ। ਕਈ ਵਾਰੀ ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਵੀ ਖ਼ੁਸ਼ੀ ਪੈਦਾ ਕਰਦਾ ਹੈ। ਜਦੋਂ ਨਸ਼ੇ ਕਰਨ ਵਾਲਾ, ਝੂਠ ਬੋਲਣ ਵਾਲਾ, ਰਿਸ਼ਵਤ ਲੈਣ ਵਾਲਾ, ਚੁਗਲਖੋਰ ਆਦਿ ਆਪਣੀਆਂ ਆਦਤਾਂ ਵਿੱਚ ਸੁਧਾਰ ਕਰਕੇ ਖ਼ੁਸ਼ੀ ਮਨਾਉਂਦਾ ਹੈ ਤਾਂ ਉਸ ਦੀ ਇਹ ਖੁਸ਼ੀ ਅਸਹਿ ਹੁੰਦੀ ਹੈ, ਕਿਉਂਕਿ ਉਸ ਨੇ ਆਪਣੀ ਇਸ ਬੁਰੀ ਆਦਤ ਦਾ ਤਿਆਗ ਕਰ ਦਿੱਤਾ ਹੁੰਦਾ ਹੈ।

ਇਨਸਾਨ ਨੂੰ ਖ਼ੁਸ਼ੀ ਨਾਲ ਮੁਆਫ਼ ਕਰ ਦੇਣਾ, ਖਿਮਾ ਮੰਗਣ ਨਾਲ ਜਾਂ ਆਪਣਾ ਦੋਸ਼ ਕਬੂਲ ਕਰ ਲੈਣ ਨਾਲ ਵੀ ਖੁਸ਼ੀ ਪ੍ਰਾਪਤ ਹੁੰਦੀ ਹੈ। ਤੁਹਾਡੇ ਦੁਆਰਾ ਪਾਪ, ਗੁਨਾਹ ਕਰਨ ‘ਤੇ ਜਦੋਂ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਤੁਹਾਡੇ ਮਨ ਉੱਤੇ ਬੋਝ ਹੀ ਰਹੇਗਾ। ਤੁਸੀਂ ਕਦੇ ਵੀ ਮੁਕੰਮਲ ਤੌਰ ‘ਤੇ ਖ਼ੁਸ਼ੀਆਂ ਨਹੀਂ ਮਾਣ ਸਕੋਗੇ। ਕਿਸੇ ਇਨਸਾਨ ਦੇ ਦੋਸ਼ ਨੂੰ ਖਿਮਾ ਕਰਨ ਨਾਲ ਵੀ ਅਜੀਬ ਖ਼ੁਸ਼ੀ ਮਿਲਦੀ ਹੈ। ਦੋਸ਼ੀ ਨੂੰ ਖਿਮਾ ਕਰਨਾ ਬੜੇ ਹੀ ਪੁੰਨ ਵਾਲਾ ਕੰਮ ਸਮਝਿਆ ਜਾਂਦਾ ਹੈ। ਦੋਸ਼ੀ ਦੇ ਮਨ ਦਾ ਭਾਰ ਹਲਕਾ ਹੋ ਜਾਂਦਾ ਹੈ ਅਤੇ ਖਿਮਾ ਕਰਨ ਵਾਲੇ ਨੂੰ ਚੋਖੀ ਖ਼ੁਸ਼ੀ ਪ੍ਰਾਪਤ ਹੁੰਦੀ ਹੈ।

ਦੁਸ਼ਮਣ ਦੀ ਦੁਸ਼ਮਣੀ ਨੂੰ ਭੁਲਾ ਕੇ ਉਸ ਨੂੰ ਮੁਆਫ਼ ਕਰਨ ਨਾਲ ਤੁਸੀਂ ਉਸ ਦੇ ਸਤਿਕਾਰ ਦੇ ਪਾਤਰ ਬਣ ਜਾਓਗੇ। ਜੇਕਰ ਉਹ ਮੁਆਫ਼ੀ ਨਾ ਵੀ ਮੰਗੇ ਤਾਂ ਵੀ ਉਸ ਨੂੰ ਜ਼ਰੂਰ ਮੁਆਫ਼ ਕਰ ਦੇਣਾ ਚਾਹੀਦਾ ਹੈ। ਆਪਣੀਆਂ  ਨਿੱਕੀਆਂ-ਨਿੱਕੀਆਂ ਜਿਦਾਂ ਨੂੰ ਅਸੂਲਾਂ ਦਾ ਨਾਂ ਦੇ ਕੇ ਆਪਣੇ ਰਸਤੇ ਵਿੱਚ ਰੁਕਾਵਟਾਂ ਪੈਦਾ ਨਹੀਂ ਕਰਨੀਆਂ ਚਾਹੀਦੀਆਂ।

ਆਪਣੇ ਨਾਲ ਸੰਬੰਧਿਤ ਹਰ ਚੀਜ਼ ਰੁਕਾਵਟ ਦਾ ਪ੍ਰਤੀਕ ਹੈ। ਅਜਿਹੀ ‘ਮੈਂ’ ਰੂਪੀ ਰੁਕਾਵਟ ਖ਼ੁਸ਼ੀਆਂ ਦੇ ਵਿੱਚ ਬਹੁਤ ਵੱਡਾ ਵਿਰੋਧ ਖੜ੍ਹਾ ਕਰਦੀ ਹੈ। ਕੋਸ਼ਸ਼ ਕਰਨੀ ਚਾਹੀਦੀ ਹੈ ਕਿ ਹਉਮੈਂ ਨੂੰ ਤਿਆਗ ਕੇ ਰੁਹਾਨੀ ਖ਼ੁਸ਼ੀਆਂ ਦਾ ਖ਼ਜ਼ਾਨਾ ਪ੍ਰਾਪਤ ਕੀਤਾ ਜਾਵੇ। ਸਹਿਯੋਗ ਅਤੇ ਤਿਆਗ, ਮੁਕਾਬਲਾ ਕਰਨ ਨਾਲੋਂ ਹਜ਼ਾਰਾਂ ਦਰਜ਼ੇ ਉੱਚਾ ਸੰਕਲਪ ਹੈ। ਛੋਟੇ-ਛੋਟੇ ਤਿਆਗ, ਨਿੱਕੀਆਂ-ਨਿੱਕੀਆਂ ਮੁਆਫ਼ੀਆਂ, ਨਜ਼ਰ-ਅੰਦਾਜ਼ਗੀਆਂ ਇਨਸਾਨ ਨੂੰ ਬਹੁਤ ਵੱਡੀ ਖ਼ੁਸ਼ੀ ਪ੍ਰਦਾਨ ਕਰ ਸਕਦੀਆਂ ਹਨ। ਦੇਖ ਕੇ ਅਣਡਿੱਠ ਕਰਨ ਦੀ ਆਦਤ, ਨਿਮਰਤਾ ਧਾਰਨ ਕਰਨਾ ਖੁਸ਼ੀਆਂ ਨੂੰ ਸੱਦਾ ਪੱਤਰ ਦੇਣ ਦੇ ਢੰਗ ਹਨ।

ਖ਼ੁਸ਼ੀ, ਮਨ ਦੀ ਇੱਕ ਅਵਸਥਾ ਦਾ ਨਾਂ ਹੈ, ਕਿਸੇ ਚੀਜ਼ ਦਾ ਨਾਂ ਖ਼ੁਸ਼ੀ ਨਹੀਂ ਹੈ। ਅਜਿਹੀ ਅਵਸਥਾ ਵਿਕਸਤ ਅਤੇ ਪੈਦਾ ਕੀਤੀ ਜਾਂਦੀ ਹੈ। ਇਹ ਮਨੁੱਖ ਨੂੰ ਜਨਮ ਤੋਂ ਹੀ ਪ੍ਰਾਪਤ ਨਹੀਂ ਹੁੰਦੀ।