ਸਾਂਝੀ ਕੰਧ : ਸੰਖੇਪ ਸਾਰ
ਪ੍ਰਸ਼ਨ 1. ‘ਸਾਂਝੀ ਕੰਧ’ ਕਹਾਣੀ ਦਾ ਸੰਖੇਪ ਸਾਰ ਲਿਖੋ।
ਉੱਤਰ : ‘ਸਾਂਝੀ ਕੰਧ’ ਕਹਾਣੀ ਸੰਤੋਖ ਸਿੰਘ ਧੀਰ ਦੁਆਰਾ ਲਿਖੀ ਹੋਈ ਹੈ। ਇਹ ਕਹਾਣੀ ਇੱਕ ਪੇਂਡੂ ਪਰਿਵਾਰ ਨਾਲ ਸੰਬੰਧਿਤ ਹੈ ਜੋ ਦੋ ਭਰਾਵਾਂ ਕਪੂਰ ਸਿੰਘ ਤੇ ਦਰਬਾਰਾ ਸਿੰਘ ਦੇ ਆਲੇ-ਦੁਆਲੇ ਘੁੰਮਦੀ ਹੈ। ਦੋਵਾਂ ਭਰਾਵਾਂ ਦੇ ਘਰਾਂ ਦੀ ਇੱਕ ਕੰਧ ਸਾਂਝੀ ਹੈ। ਇਹ ਸਾਂਝੀ ਕੰਧ ਬਾਰਿਸ਼ਾਂ ਕਾਰਨ ਡਿਗ ਜਾਂਦੀ ਹੈ। ਕਪੂਰ ਸਿੰਘ ਦਰਬਾਰਾ ਸਿੰਘ ਤੋਂ ਕੰਧ ਬਣਾਉਣ ਲਈ ਹਿੱਸੇ ਵਜੋਂ ਪੈਸੇ ਦੀ ਮੰਗ ਕਰਦਾ ਹੈ ਪਰ ਉਹ ਉਸ ਦੀ ਗੱਲ ਵੱਲ ਕੰਨ ਨਹੀਂ ਕਰਦਾ ਕਿਉਂਕਿ ਇਹ ਉਸ ਦੇ ਡੰਗਰ ਬੰਨ੍ਹਣ ਦੀ ਥਾਂ ਸੀ। ਕਪੂਰ ਸਿੰਘ ਨੇ ਹੋਰਨਾਂ ਤੋਂ ਵੀ ਕਹਾਇਆ ਪਰ ਉਸ ਨੇ ਕਿਸੇ ਦੀ ਵੀ ਪਰਵਾਹ ਨਾ ਕੀਤੀ।
ਅਖੀਰ ਕਪੂਰ ਸਿੰਘ ਮਕਾਨ ਦਾ ਕੰਮ ਸ਼ੁਰੂ ਕਰ ਦਿੰਦਾ ਹੈ ਪਰ ਕੰਧ ਦਾ ਫ਼ੈਸਲਾ ਹੋਣਾ ਬਹੁਤ ਜਰੂਰੀ ਸੀ। ਕਪੂਰ ਸਿੰਘ ਨੇ ਪੰਚਾਇਤ ਬੁਲਾ ਕੇ ਦਰਬਾਰੇ ਨੂੰ ਪਿੰਡ ਦੀ ਸੱਥ ਵਿੱਚ ਬੁਲਾ ਲਿਆ। ਪਹਿਲਾਂ ਤਾਂ ਦਰਬਾਰੇ ਨੇ ਬਹੁਤ ਹੱਥ
ਪੈਰ ਅੜਾਏ ਪਰ ਫਿਰ ਉਸ ਨੂੰ ਸਾਰਿਆਂ ਸਾਹਮਣੇ ਝੁਕਣਾ ਪਿਆ। ਫ਼ੈਸਲੇ ਅਨੁਸਾਰ ਦਰਬਾਰਾ ਸਿੰਘ ਨੂੰ ਮਜਦੂਰੀ ਛੱਡ ਦਿੱਤੀ ਗਈ ਤੇ ਇੱਟਾਂ ਆਦਿ ਦੇ ਪੈਸੇ ਦੋ ਕਿਸ਼ਤਾਂ ਵਿੱਚ ਵੰਡ ਦਿੱਤੇ ਜਿਨ੍ਹਾਂ ਵਿੱਚੋਂ ਪਹਿਲੀ ਕਿਸ਼ਤ ਉਸ ਨੇ ਨਿਮਾਣੀ ਤੇ ਦੂਜੀ ਅਗਲੀ ਲੋਹੜੀ ਨੂੰ ਦੇਣੀ ਸੀ।
ਇਸ ਤਰ੍ਹਾਂ ਕੁਝ ਦਿਨਾਂ ਮਗਰੋਂ ਕੰਧ ਤਾਂ ਬਣ ਗਈ ਪਰ ਪੁਸ਼ਤਾਂ ਦਾ ਵੈਰ ਖੜ੍ਹਾ ਹੋ ਗਿਆ। ਅੰਤ ਦਰਬਾਰਾ ਬਿਮਾਰ ਪੈ ਜਾਂਦਾ ਹੈ। ਜਦੋਂ ਕਪੂਰ ਸਿੰਘ ਨੂੰ ਉਸ ਦੇ ਬਿਮਾਰ ਹੋਣ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਦੀ ਖ਼ਬਰ ਲੈਣ ਲਈ ਉਸ ਦੇ ਘਰ ਚਲਾ ਜਾਂਦਾ ਹੈ। ਦਰਬਾਰਾ ਸਾਰਾ ਕੁਝ ਭੁੱਲ ਜਾਂਦਾ ਹੈ ਤੇ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਪਿੰਡ ਦੇ ਕਿਸੇ ਬੰਦੇ ਦੀਆਂ ਗੱਲਾਂ ਵਿੱਚ ਨਹੀਂ ਆਵੇਗਾ, ਸਗੋਂ ਉਹ ਆਪਣੇ ਭਰਾ ਦਾ ਸਾਥ ਦੇਵੇਗਾ।