ਸਮਾਂ – ਭਾਈ ਵੀਰ ਸਿੰਘ ਜੀ
ਕਵੀ ਦੀ ਜਾਣ-ਪਛਾਣ : ਭਾਈ ਵੀਰ ਸਿੰਘ
ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ, 1872 ਈਸਵੀ ਨੂੰ ਪਿਤਾ ਸ. ਚਰਨ ਸਿੰਘ ਅਤੇ ਮਾਤਾ ਸਰਦਾਰਨੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ।
ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਅਤੇ ਉਨ੍ਹਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਸਨ। ਭਾਈ ਵੀਰ ਸਿੰਘ ਜੀ ਨੇ ਮੈਟ੍ਰਿਕ ਦੀ ਪਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ। ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਕਰਕੇ ਇਹਨਾਂ ਨੂੰ ਸੋਨੇ ਦੇ ਤਗ਼ਮੇ ਨਾਲ ਸਨਮਾਨਿਤ ਕੀਤਾ ਗਿਆ।
ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ। ਇਹਨਾਂ ਦੀ ਰਚਨਾ ਬਹੁਪੱਖੀ ਹੈ। ਇਹਨਾਂ ਨੇ ਕਵਿਤਾ, ਵਾਰਤਕ, ਨਾਵਲ, ਨਾਟਕ ਆਦਿ ਦੀ ਰਚਨਾ ਕਰ ਕੇ ਆਧੁਨਿਕ ਪੰਜਾਬੀ ਸਾਹਿਤ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਸਿੱਖ ਇਤਿਹਾਸ ਲਿਖਣ ਅਤੇ ਸੰਪਾਦਨ ਕਰਨ ਦਾ ਵੀ ਕੰਮ ਕੀਤਾ। ਇਹਨਾਂ ਦੀ ਸਾਹਿਤ ਨੂੰ ਦੇਣ ਗਿਣਾਤਮਿਕ ਅਤੇ ਗੁਣਾਤਮਿਕ ਦੋਹਾਂ ਹੀ ਪੱਖਾਂ ਤੋਂ ਮਹੱਤਵਪੂਰਨ ਹੈ।
ਭਾਈ ਵੀਰ ਸਿੰਘ ਜੀ ਦੀ ਕਵਿਤਾ ‘ਵਿਚਾਰਵਾਦੀ’ ਕਵਿਤਾ ਹੈ ਅਤੇ ਗੁਰਬਾਣੀ ਤੋਂ ਪ੍ਰਭਾਵਿਤ ਹੈ। ਇਹਨਾਂ ਦੀਆਂ ਸਮੁੱਚੀਆਂ ਕਵਿਤਾਵਾਂ ਵਿੱਚ ਮਨੁੱਖੀ ਭਾਵਨਾ ਨੂੰ ਦੈਵੀ ਭਾਵਨਾ ਵਿੱਚ ਬਦਲਣ ਦਾ ਕਾਰਜ ਹੈ।
ਇਹਨਾਂ ਨੇ ‘ਰਾਣਾ ਸੂਰਤ ਸਿੰਘ’, ‘ਲਹਿਰਾਂ ਦੇ ਹਾਰ’, ‘ਬਿਜਲੀਆਂ ਦੇ ਹਾਰ’, ‘ਮਟਕ ਹੁਲਾਰੇ’, ‘ਮੇਰੇ ਸਾਈਂਆਂ ਜੀਓ’, ‘ਕੰਬਦੀ ਕਲਾਈ’, ‘ਪ੍ਰੀਤ ਵੀਣਾ’, ‘ਕੰਤ ਮਹੇਲੀ’, ‘ਬਿਜੈ ਸਿੰਘ’, ‘ਸੁੰਦਰੀ’, ‘ਸਤਵੰਤ ਕੌਰ’, ‘ਸੁਭਾਗ ਜੀ ਦਾ ਸੁਧਾਰ ਹੱਥੀਂ ਬਾਬਾ ਨੌਧ ਸਿੰਘ’, ‘ਰਾਜਾ ਲਖਦਾਤਾ ਸਿੰਘ’, ‘ਗੁਰੂ ਨਾਨਕ ਚਮਤਕਾਰ, ਸ੍ਰੀ ਕਲਗੀਧਰ ਚਮਤਕਾਰ, ਅਸ਼ਟ ਗੁਰੂ ਚਮਤਕਾਰ ਆਦਿ ਪੁਸਤਕਾਂ ਦੀ ਰਚਨਾ ਕੀਤੀ।
ਸਾਹਿਤ ਅਕਾਦਮੀ ਦਿੱਲੀ ਵੱਲੋਂ ਇਹਨਾਂ ਦੀ ਕਾਵਿ-ਪੁਸਤਕ, ‘ਮੇਰੇ ਸਾਈਂਆਂ ਜੀਓ’ ਨੂੰ ਸਾਹਿਤ ਅਕਾਦਮ ਪੁਰਸਕਾਰ ਨਾਲ ਪੁਰਸਕ੍ਰਿਤ ਕੀਤਾ ਗਿਆ। ਇਹਨਾਂ ਨੂੰ ਭਾਰਤ ਸਰਕਾਰ ਨੇ ‘ਪਦਮ ਭੂਸ਼ਨ’ ਦੀ ਉਪਾਧੀ ਪ੍ਰਦਾਰ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਡੀ. ਲਿਟ, ਮਾਨਾਰਥ ਡਿਗਰੀ ਨਾਲ ਸਨਮਾਨਿਤ ਕੀਤਾ।