CBSEclass 11 PunjabiClass 12 PunjabiClass 9th NCERT PunjabiEducationNCERT class 10thPunjab School Education Board(PSEB)Punjabi Viakaran/ Punjabi Grammar

ਸ਼ਬਦ ਜੋੜਾਂ ਵਿਚ ਮਾਤਰਾਵਾਂ ਦੀ ਵਰਤੋਂ

ਗੁਰਮੁਖੀ ਵਿੱਚ ਦਸ (10) ਲਗਾਂ-ਮਾਤਰਾਵਾਂ (मात्राएं) ਹਨ ਪਰ ਇਥੇ ‘ਸਿਹਾਰੀ ਤੇ ਲਾਂ’ ਅਤੇ ‘ਹੋੜੇ ਤੇ ਕਨੌੜੇ’ ਦੀ ਵਰਤੋਂ ਬਾਰੇ ਹੀ ਜ਼ਿਕਰ ਕੀਤਾ ਜਾਵੇਗਾ।

1. ‘ਸਿਹਾਰੀ ਤੇ ਲਾਂ’ ਦੀ ਵਰਤੋਂ ਸਬੰਧੀ

ਗੁਰਮੁਖੀ ਵਿੱਚ ਤਿੰਨ ਮੂਲ ਸਵਰ ਹਨ ‘ੳ, ਅ ਤੇ ੲ’। ਇਹਨਾਂ ਵਿੱਚੋਂ ‘ਸਿਹਾਰੀ ਤੇ ਲਾਂ’ ਸਿਰਫ ‘ੲ’ ਸਵਰ ਨਾਲ ਹੀ ਵਰਤੀ ਜਾਂਦੀ ਹੈ; ਜਿਵੇਂ ਇਸਤਰੀ, ਇੱਟ, ਏਕਤਾ ਆਦਿ।

‘ਸਿਹਾਰੀ’ ਲਘੂ ਸਵਰ ਹੈ ਤੇ ‘ਲਾਂ’ ਦੀਰਘ ਸਵਰ। ਕਈ ਵਾਰ ਕੁਝ ਸ਼ਬਦਾਂ ਦੇ ਉਚਾਰਨ ਵਿੱਚ ਇਨ੍ਹਾਂ ਦੀ ਅਵਾਜ਼ ਆਪਸ ਵਿੱਚ ਰਲਦੀ ਮਿਲਦੀ ਜਾਪਦੀ ਹੈ, ਇਸ ਲਈ ਲਿਖਤ ਵਿਚ ਇਨ੍ਹਾਂ ਦੀ ਵਰਤੋਂ ਦੀ ਗ਼ਲਤੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਪਰ ਇਨ੍ਹਾਂ ਨੂੰ ਇੱਕ ਦੂਜੇ ਦੀ ਥਾਂ ‘ਤੇ ਨਹੀਂ ਵਰਤਿਆ ਜਾ ਸਕਦਾ। ਇੰਝ ਕਰਨ ਨਾਲ ਜਾਂ ਤਾਂ ਸ਼ਬਦ ਜੋੜ ਗ਼ਲਤ ਹੋ ਜਾਵੇਗਾ ਜਾਂ ਉਨ੍ਹਾਂ ਦੇ ਅਰਥ ਬਦਲ ਜਾਣਗੇ; ਜਿਵੇਂ :

ਸਿਹਾਰੀ ਦੀ ਵਰਤੋਂ ਦੇ ਨੇਮ

1. ਜਿਹੜੇ ਸ਼ਬਦਾਂ ਦੇ ਉਚਾਰਨ ਵਿੱਚ ਛੋਟੀ (ਲਘੂ/ਛੋਟੀ) ‘ਇ’ ਦੀ ਅਵਾਜ਼ ਆਵੇ, ਉਥੇ ਸਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ।

ਨੋਟ : ਸਵਰਾਂ ਵਿੱਚੋਂ ਕੇਵਲ ‘ੲ’ ਸਵਰ ਨਾਲ ਹੀ ਇਸ ਦੀ ਵਰਤੋਂ ਹੁੰਦੀ ਹੈ; ਜਿਵੇਂ :

ਈਸਤਰੀ ਤੋਂ ਇਸਤਰੀ

ਈਜ਼ਤ ਤੋਂ ਇੱਜਤ

ਏਲ – ਇੱਲ

ਈਨਕਾਰ – ਇਨਕਾਰ

ਅੰਨ੍ਹਾ – ਇਨ੍ਹਾਂ

2. ਜੇ ‘ਹ’ ਜਾਂ ‘ਅ’ ਤੋਂ ਪਹਿਲਾਂ ਵਾਲੇ ਅੱਖਰ ਦੀ ਅਵਾਜ਼ ‘ਲਾਂ’ (ੇ) ਵਾਲੀ ਹੋਵੇ ਤਾਂ ਪਹਿਲੇ ਅੱਖਰ ਨਾਲ ‘ਸਿਹਾਰੀ’ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ :

ਫਤੇਹ – ਫ਼ਤਿਹ

ਧੇਆਨ – ਧਿਆਨ

ਪੇਆਰ – ਪਿਆਰ

ਗੇਆ – ਗਿਆ

3. ਜੇਕਰ ‘ਹ’ ਤੋਂ ਪਹਿਲੇ ਅੱਖਰ ਦੀ ਅਵਾਜ਼ ‘ਦੁਲਾਵਾਂ’ ਵਾਲੀ ਹੋਵੇ ਤਾਂ ‘ਹ’ ਨਾਲ ਸਿਹਾਰੀ ਲਾਈ ਜਾਂਦੀ ਹੈ :

ਸ਼ੈਹਰ – ਸ਼ਹਿਰ

ਸੁਨੈਹਰੀ – ਸੁਨਹਿਰੀ

ਸੈਹਮਤ – ਸਹਿਮਤ

ਸੈਹਜ – ਸਹਿਜ

ਪੈਹਰ – ਪਹਿਰ

4. ਅਰਬੀ – ਫ਼ਾਰਸੀ ਦੇ ਤਤਸਮ ਸ਼ਬਦਾਂ ਵਿੱਚ ਸਿਹਾਰੀ ਨਹੀਂ ਲਾਈ ਜਾਂਦੀ, ਜਿਵੇਂ :

ਹਾਸਿਲ – ਹਾਸਲ

ਮਾਲਿਕ – ਮਾਲਕ

ਖ਼ਾਤਿਰ – ਖਾਤਰ

ਜ਼ਾਲਿਮ – ਜ਼ਾਲਮ

ਕਠਿਨ – ਕਠਨ

5. ਜਿਹੜੇ ਫ਼ਾਰਸੀ ਸ਼ਬਦਾਂ ਦੇ ਉਚਾਰਨ ਵਿੱਚ ਦੁਲਾਵਾਂ ਦੀ ਅਵਾਜ਼ ਆਵੇ, ਉਥੇ ਪਹਿਲੇ ਅੱਖਰ ਨਾਲ ਦੁਲਾਵਾਂ ਦੀ ਥਾਂ ‘ਕੰਨਾਂ + ਇ’ ਲਾਇਆ ਜਾਂਦਾ ਹੈ, ਜਿਵੇਂ :

ਨਲੈਕ – ਨਲਾਇਕ

ਵਲੈਤ – ਵਲਾਇਤ

ਜੈਦਾਦ – ਜਾਇਦਾਦ

ਸ਼ਕੈਤ – ਸ਼ਿਕਾਇਤ

ਸਿਹਾਰੀ ਤੇ ਲਾਂ ਦੀ ਵਰਤੋਂ ਨਾਲ ਅਰਥ ਭਿੰਨਤਾ

1. ਸਿਰ – ਸਰੀਰ ਦਾ ਅੰਗ
     ਸੇਰ – ਵਜ਼ਨ

2. ਟਿਕ – ਠਹਿਰ
    ਟੇਕ – ਆਸਰਾ, ਝੁਕਣਾ

3. ਕਿ – ਯੋਜਕ
     ਕੇ – ਕਰੰਦਤ

4. ਬਿੱਲੀ – ਜਾਨਵਰ
     ਬੇਲੀ – ਦੋਸਤ

5. ਕਿਸ – ਪ੍ਰਸ਼ਨ
     ਕੇਸ – ਵਾਲ

6. ਤਿਲ – ਬੀਜ
     ਤੇਲ – ਕੋਈ ਤਰਲ ਪਦਾਰਥ

ਹੋੜੇ ਤੇ ਕਨੌੜੇ ਦੀ ਵਰਤੋਂ

ਹੋੜਾ ਅਤੇ ਕਨੌੜਾ ਦੋਵੇਂ ਗੋਲਾਈਦਾਰ ਮਾਤਰਾਵਾਂ ਹਨ, ਜੋ ਓ ਅਤੇ ਔ ਦੀ ਅਵਾਜ਼ ਲਈ ਵਰਤੀਆਂ ਜਾਂਦੀਆਂ ਹਨ। ਜਦੋਂ ਕਿਸੇ ਸ਼ਬਦ ਵਿੱਚ ਘੱਟ ਮਾਤਰਾ ਵਿੱਚ ‘ਓ’ ਦੀ ਅਵਾਜ਼ ਆਵੇ ਤਾਂ ਹੋੜੇ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜੇਕਰ ‘ਓ’ ਦੀ ਅਵਾਜ਼ ਜ਼ਿਆਦਾ ਹੋਵੇ ਤਾਂ ਕਨੌੜਾ ਵਰਤਿਆ ਜਾਂਦਾ ਹੈ। ਇਨ੍ਹਾਂ ਨੂੰ ਵਰਨ ਦੇ ਉੱਤੇ ਲਿਖਿਆ ਜਾਂਦਾ ਹੈ।

ਸਵਰਾਂ ਵਿੱਚ ਹੋੜੇ (ਟੋ) ਅਤੇ ਕਨੌੜੇ (ਟੌ) ਦੀ ਵਰਤੋਂ

1. ਸਵਰਾਂ ਵਿੱਚੋਂ ਕੇਵਲ ‘ਓ’ ਨਾਲ ਹੀ ਹੋੜੇ ਦੀ ਮਾਤਰਾ ਵਰਤੀ ਜਾਂਦੀ ਹੈ। ਇਸ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਓ ਦਾ ਮੂੰਹ ਖੁੱਲ੍ਹਾ ਰੱਖਿਆ ਜਾਂਦਾ ਹੈ। ਜਿਵੇਂ ‘ਓ’ ਓਟ, ਓਪਰਾ ਆਦਿ।

ਅੋਮ – ਓਮ

ਅੋਪਰਾ – ਓਪਰਾ

ਪੀਅੋ – ਪੀਓ

ਅੋੜ –  ਔਡ਼

2. ਸਵਰਾਂ ਵਿੱਚੋਂ ਕਨੌੜੇ (ੌ) ਦੀ ਮਾਤਰਾ ਕੇਵਲ ‘ਅ’ ਨਾਲ ਹੀ ਵਰਤੀ ਜਾਂਦੀ ਹੈ। ਜਿਵੇਂ : ਔਰਤ, ਔਂਕੜ ਆਦਿ।

ਅੋਰਤ – ਔਰਤ

ਅੋਗੁਣ – ਔਗੁਣ

ੲੌਜ਼ਾਰ – ਔਜ਼ਾਰ

ਅੋਂਤਰਾ – ਔਂਤਰਾ

ਨੋਟ : ਪੁਰਾਤਨ ਪੰਜਾਬੀ ਦੀ ਸ਼ਬਦਾਵਲੀ ਵਿੱਚ ਕਨੌੜੇ ਦੀ ਅਵਾਜ਼ ਲਈ ਵਰਨ ਦੇ ਨਾਲ ‘ਉ’ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਅੱਜ ਇਸਦੀ ਥਾਂ ਕਨੌੜਾ ਹੀ ਪਾਇਆ ਜਾਂਦਾ ਹੈ। ਜਿਵੇਂ :

ਅਉਗਣ – ਔਗੁਣ

ਪਉੜੀ – ਪੌੜੀ

ਭਉਰ – ਭੌਰ

ਅਉਰਤ – ਔਰਤ

ਪਉਣ – ਪੌਣ

ਹੋੜੇ (ਜੋ) ਤੇ ਕਨੌੜੇ (ਜ਼ੌ) ਦੀ ਵਰਤੋਂ

ਹੌਸ਼ – ਹੋਸ਼

ਘੌੜਾ – ਘੋੜਾ

ਪੌਸਤ – ਪੋਸਤ

ਸੋਂਫ਼ – ਸੌਂਫ਼

ਨੋਟ : ਜੇਕਰ ਹੋੜੇ ਤੇ ਕਨੌੜੇ ਨੂੰ ਇੱਕ ਦੂਜੀ ਥਾਂ ਵਰਤ ਲਿਆ ਜਾਵੇ ਤਾਂ ਸ਼ਬਦ ਅਸ਼ੁੱਧ ਹੋ ਜਾਂਦੇ ਹਨ ਜਾਂ ਅਰਥ ਬਦਲ ਜਾਂਦੇ ਹਨ। ਜਿਵੇਂ :

ਅਰਥ ਭਿੰਨਤਾ

1. ਘੋਲ = ਕੁਸ਼ਤੀ
    ਘੌਲ = ਲਾਪਰਵਾਹੀ

2. ਭੋਰਾ = ਥੋੜਾ ਜਿਹਾ
    ਭੌਰਾ = ਪੰਛੀ

3. ਚੋਰ = ਚੋਰੀ ਕਰਨ ਵਾਲਾ
     ਚੌਰ = ਪੂਜਾ ਵਾਲੀ ਵਸਤ

4. ਹੋਲੀ = ਤਿਉਹਾਰ
    ਹੌਲੀ = ਧੀਮੀ ਗਤੀ

5. ਧੋਣ = ਧੋਣਾ
    ਧੌਣ = ਗਰਦਨ

6. ਕੋਲ = ਨੇੜੇ
     ਕੌਲ = ਬਚਨ

7. ਗੋਰੀ = ਸੁੰਦਰ
    ਗੌਰੀ = ਮਾਂ ਪਾਰਵਤੀ

8. ਸੋ = ਇਸਲਈ
    ਸੌ = ਗਿਣਤੀ

9. ਕੋਣ = ਨੁੱਕਰ
    ਕੌਣ = ਪ੍ਰਸ਼ਨ

10. ਪੋਣੀ = ਪੁਣਨ ਵਾਲੀ ਵਸਤ
       ਪੌਣੀ = ਅੱਧਿਓਂ ਵੱਧ