ਵੇਦ – ਅਣਡਿੱਠਾ ਪੈਰਾ
ਵੇਦ ਪ੍ਰਾਚੀਨ ਭਾਰਤ ਦੇ ਵੈਦਿਕ ਸੰਸਕ੍ਰਿਤ ਵਿੱਚ ਰਚੇ ਗਏ ਗ੍ਰੰਥਾਂ ਦੇ ਇੱਕ ਸਮੂਹ ਦਾ ਨਾਮ ਹੈ। ਇਨ੍ਹਾਂ ਨੂੰ ਹਿੰਦੂ ਧਰਮ ਦੀਆਂ ਪ੍ਰਾਚੀਨਤਮ ਪੁਸਤਕਾਂ ਮੰਨਿਆ ਜਾਂਦਾ ਹੈ। ਅਨੁਮਾਨ ਹੈ ਕਿ ਇਹ ਪੰਦਰ੍ਹਵੀਂ ਅਤੇ ਪੰਜਵੀਂ ਸਦੀ ਈ. ਪੂ. ਦੌਰਾਨ ਰਚੀਆਂ ਗਈਆਂ। ਇਨ੍ਹਾਂ ਨੂੰ ਦੋ ਬੁਨਿਆਦੀ ਕਿਸਮਾਂ ਯਾਨੀ ਸ਼ਰੁਤੀ ਅਤੇ ਸਿਮਰਤੀ ਵਿੱਚ ਵੰਡਿਆ ਜਾਂਦਾ ਹੈ। ਸ਼ਰੁਤੀ ਵਿੱਚ ਚਾਰ ਵੇਦ ਸ਼ਾਮਲ ਹਨ – ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ। ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਕਿਸੇ ਮਨੁੱਖ ਦੁਆਰਾ ਨਹੀਂ ਰਚਿਆ ਗਿਆ। ਇਹ ਸਿੱਧੇ ਬ੍ਰਹਮਾ ਦੇ ਮਨ ਵਿੱਚੋਂ ਉਚਰੇ ਮੰਨੇ ਜਾਂਦੇ ਹਨ। ਇਸ ਲਈ ਇਨ੍ਹਾਂ ਨੂੰ ਸ਼ਰੁਤੀ ਕਿਹਾ ਜਾਂਦਾ ਹੈ। ਸ਼ਰੁਤੀ ਨੂੰ ਹਿੰਦੂ ਧਰਮ ਦਾ ਸੱਭ ਤੋਂ ਮਹੱਤਵਪੂਰਨ ਸਰੋਤ ਮੰਨਿਆ ਜਾਂਦਾ ਹੈ। ਹਰ ਵੇਦ ਦੇ ਚਾਰ ਭਾਗ ਹੁੰਦੇ ਹਨ : ਸੰਹਿਤਾ, ਬ੍ਰਾਹਮਣ, ਆਚਰਣਕ ਅਤੇ ਉਪਨਿਸ਼ਦ। ਇਨ੍ਹਾਂ ਤੋਂ ਇਲਾਵਾ ਬਾਕੀ ਸਾਰੇ ਹਿੰਦੂ ਧਰਮ ਗ੍ਰੰਥ ਸਿਮਰਤੀ ਦੇ ਅੰਤਰਗਤ ਆਉਂਦੇ ਹਨ। ਸ਼ਰੁਤੀ ਅਤੇ ਸਿਮਰਤੀ ਵਿੱਚ ਕੋਈ ਵੀ ਵਿਵਾਦ ਹੋਣ ‘ਤੇ ਸ਼ਰੁਤੀ ਨੂੰ ਹੀ ਮਾਨਤਾ ਮਿਲਦੀ ਹੈ, ਸਿਮਰਤੀ ਨੂੰ ਨਹੀਂ।
ਔਖੇ ਸ਼ਬਦਾਂ ਦੇ ਅਰਥ
ਪ੍ਰਾਚੀਨਤਮ – ਪੁਰਾਤਨ
ਬੁਨਿਆਦੀ – ਮੁੱਢਲਾ
ਅੰਤਰਗਤ – ਅਧੀਨ
ਵਿਵਾਦ – ਅਸਹਿਮਤੀ
ਮਾਨਤਾ – ਪ੍ਰਵਾਨਗੀ
ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ 1 . ਵੇਦ ਕਿਸ ਨੂੰ ਕਿਹਾ ਜਾਂਦਾ ਹੈ? ਇਹ ਕਿਸ ਦੁਆਰਾ ਰਚੇ ਗਏ ਹਨ?
ਪ੍ਰਸ਼ਨ 2 . ਸ਼ਰੁਤੀ ਵਿੱਚ ਕਿਹੜੇ ਵੇਦ ਸ਼ਾਮਲ ਹਨ?
ਪ੍ਰਸ਼ਨ 3 . ਸ਼ਰੁਤੀ ਅਤੇ ਸਿਮਰਤੀ ਵਿੱਚੋਂ ਕਿਸ ਨੂੰ ਵੱਧ ਮਹੱਤਵ ਪ੍ਰਾਪਤ ਹੈ ਤੇ ਕਿਉਂ?
ਪ੍ਰਸ਼ਨ 4 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।