CBSEClass 9th NCERT PunjabiEducationPunjab School Education Board(PSEB)

ਵਿਸਾਖੀ ਦਾ ਮੇਲਾ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ ਨੌਵੀਂ)

ਵਿਸਾਖੀ ਦਾ ਮੇਲਾ – ਧਨੀ ਰਾਮ ਚਾਤ੍ਰਿਕ

ਪ੍ਰਸ਼ਨ 1 . ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਕਵੀ ਨੇ ਮੇਲੇ ਦਾ ਜੋ ਚਿੱਤਰ ਪੇਸ਼ ਕੀਤਾ ਹੈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਇਸ ਕਵਿਤਾ ਵਿੱਚ ਕਵੀ ਨੇ ਵਿਸਾਖੀ ਦੇ ਮੇਲੇ ਦਾ ਚਿੱਤਰ ਪੇਸ਼ ਕੀਤਾ ਹੈ। ਇਸ ਮੇਲੇ ਵਿੱਚ ਬੜੀਆਂ ਰੌਣਕਾਂ ਲੱਗਦੀਆਂ ਹਨ। ਦੂਰ – ਦੂਰ ਤੱਕ ਬਜ਼ਾਰ ਸਜਾਏ ਜਾਂਦੇ ਹਨ ਅਤੇ ਵਣਜਾਰੇ ਸੋਹਣੀਆਂ – ਸੋਹਣੀਆਂ ਕੁੰਜਾਂ, ਫੀਤੇ, ਗਜਰੇ, ਵੰਗਾਂ ਅਤੇ ਬਣਾਉਟੀ ਗਹਿਣੇ ਵੇਚਣ ਆਉਂਦੇ ਹਨ।

ਹਲਵਾਈ ਵੀ ਮਠਿਆਈਆਂ ਵੇਚਦੇ ਹਨ। ਘੋਲ਼ ਵੀ ਹੁੰਦੇ ਹਨ ਅਤੇ ਹੋਰ ਕਈ ਤਰ੍ਹਾਂ ਦੇ ਕਰਤੱਬ ਦਿਖਾਏ ਜਾਂਦੇ ਹਨ।

ਪ੍ਰਸ਼ਨ 2 . ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਕਿਹੜੇ – ਕਿਹੜੇ ਸਾਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ?

ਉੱਤਰ – ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਕਵੀ ਧਨੀ ਰਾਮ ਚਾਤ੍ਰਿਕ ਦੁਆਰਾ  ਮੇਲੇ ਵਿੱਚ ਵੰਝਲੀ, ਅਲਗੋਜ਼ਾ, ਕਾਟੋ, ਤੂੰਬਾ ਆਦਿ ਸਾਜ਼ਾਂ ਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ।

ਪ੍ਰਸ਼ਨ 3 . ਕਵਿਤਾ ‘ਵਿਸਾਖੀ ਦਾ ਮੇਲਾ’ ਦਾ ਕੇਂਦਰੀ ਭਾਵ ਲਿਖੋ।

ਉੱਤਰ – ਕਵੀ ਨੇ ਇਸ ਵਿੱਚ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਦਾ ਵਰਨਣ ਕਰਦੇ ਹੋਏ ਕਿਹਾ ਹੈ ਕਿ ਇਹ ਮੇਲਾ ਫ਼ਸਲਾਂ ਦੇ ਪੱਕ ਜਾਣ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਉਂਦਾ ਹੈ।

ਮੇਲੇ ਵਿੱਚ ਨਕਲੀ ਗਹਿਣਿਆਂ ਦੇ ਬਜ਼ਾਰ ਸਜਦੇ ਹਨ, ਹਲਵਾਈਆਂ ਦੀਆਂ ਹੱਟੀਆਂ ਸਜਦੀਆਂ ਹਨ ਅਤੇ ਹੋਰ ਕਈ ਤਰ੍ਹਾਂ ਦੇ ਰੰਗ – ਤਮਾਸ਼ੇ ਦੇਖਣ ਨੂੰ ਮਿਲਦੇ ਹਨ।

ਪ੍ਰਸ਼ਨ 4. ਕਵੀ ਧਨੀ ਰਾਮ ਚਾਤ੍ਰਿਕ ਨੇ ‘ਵਿਸਾਖੀ ਦੇ ਮੇਲੇ’ ਦਾ ਦ੍ਰਿਸ਼ ਕਿਵੇਂ ਪੇਸ਼ ਕੀਤਾ ਹੈ ?

ਉੱਤਰ – ਵਿਸਾਖੀ ਦੇ ਮੇਲੇ ਵਿੱਚ ਬੜੀਆਂ ਰੌਣਕਾਂ ਲੱਗੀਆਂ ਹਨ। ਇਸ ਮੇਲੇ ਵਿੱਚ ਦੂਰੋਂ – ਦੂਰੋਂ ਵਪਾਰੀ ਆਏ ਹਨ। ਉਨ੍ਹਾਂ ਨੇ ਦੂਰ – ਦੂਰ ਤੱਕ ਬਜ਼ਾਰ ਸਜਾਏ ਹੋਏ ਹਨ। ਉਹ ਦੁਪੱਟਿਆ ਉੱਤੇ ਕਿਨਾਰੀ ਲਾਉਣ ਲਈ ਸੋਹਣੀਆਂ ਲੈਸਾਂ ਅਤੇ ਫੀਤੇ ਲਿਆਏ ਹਨ।

ਮੇਲੇ ਵਿੱਚ ਗਜਰਿਆਂ ਅਤੇ ਵੰਗਾਂ ਦਾ ਕੋਈ ਅੰਤ ਨਹੀਂ ਤੇ ਝੂਠੇ ਗਹਿਣਿਆਂ ਦੀ ਤਾਂ ਮੰਡੀ ਲੱਗੀ ਹੋਈ ਹੈ। ਮੇਲੇ ਵਿੱਚ ਹਲਵਾਈਆਂ ਨੇ ਹਜ਼ਾਰਾਂ ਹੀ ਹੱਟੀਆਂ ਸਜਾਈਆਂ ਹੋਈਆਂ ਹਨ।

ਮੇਲੇ ਵਿੱਚ ਹਰੇਕ ਦੁਕਾਨ ਉੱਤੇ ਚੀਜ਼ਾਂ ਖਰੀਦਣ ਵਾਲੇ ਸ਼ੁਕੀਨਾਂ ਦੀ ਭੀੜ ਲੱਗੀ ਹੋਈ ਹੈ। ਮੇਲੇ ਵਿੱਚ ਥਾਂ – ਥਾਂ ਭੰਗੂੜੇ ਲੱਗੇ ਹੋਏ ਹਨ ਅਤੇ ਕਈ ਕਿਸਮਾਂ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ।

ਮੇਲੇ ਵਿੱਚ ਥਾਂ – ਥਾਂ ਜੋਗੀਆਂ ਨੇ ਸੱਪਾਂ ਦੇ, ਮਦਾਰੀਆਂ ਨੇ ਰਿੱਛਾਂ ਤੇ ਬਾਂਦਰਾਂ ਦੇ ਤਮਾਸ਼ੇ ਲਗਾਏ ਹੋਏ ਹਨ ਅਤੇ ਕਿਸੇ ਛਿੰਝ ਵਿੱਚ ਪਹਿਲਵਾਨ ਕੁਸ਼ਤੀਆਂ ਲੜ ਰਹੇ ਹਨ।