ਵਿਸ਼ਾ ਵਸਤੂ : ਪਖੰਡ ਛਿਪਿਆ ਨਹੀਂ ਰਹਿ ਸਕਦਾ
ਇਕਾਂਗੀ : ਪਖੰਡ ਛਿਪਿਆ ਨਹੀਂ ਰਹਿ ਸਕਦਾ
ਇਕਾਂਗੀਕਾਰ : ਡਾ. ਗੁਰਦਿਆਲ ਸਿੰਘ ‘ਫੁੱਲ’
ਵਿਸ਼ਾ ਵਸਤੂ
ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਦੱਸਿਆ ਹੈ ਕਿ ਕੋਈ ਕਿੰਨਾ ਵੀ ਭੇਸ ਵਟਾ ਲਵੇ ਆਖਰ ਸੱਚ ਸਾਹਮਣੇ ਆ ਹੀ ਜਾਂਦਾ ਹੈ। ਇਸ ਇਕਾਂਗੀ ਵਿੱਚ ਇੱਕ ਸਾਈਂ, ਇੱਕ ਵਪਾਰੀ ਦਾ ਮਾਲ ਦੂਜੇ ਦੇਸ਼ ਪਹੁੰਚਾਉਣ ਲਈ ਲੈ ਜਾਂਦਾ ਹੈ। ਬਾਅਦ ਵਿੱਚ ਉਹ ਸਾਈਂ ਤੋਂ ਪੰਡਤ ਦਾ ਭੇਸ ਵਟਾ ਲੈਂਦਾ ਹੈ ਤੇ ਵਪਾਰੀ ਦਾ ਮਾਲ ਦੇਣ ਤੋਂ ਮੁੱਕਰ ਜਾਂਦਾ ਹੈ। ਵਪਾਰੀ ਉਸ ਨੂੰ ਪਛਾਣ ਲੈਂਦਾ ਹੈ ਤੇ ਦੂਜੇ ਦੇਸ਼ ਦੇ ਰਾਜੇ ਕੋਲ ਫਰਿਆਦ ਕਰਨ ਲਈ ਜਾਂਦਾ ਹੈ।
ਰਾਜਾ ਆਪਣੇ ਮੰਤਰੀ ਨੂੰ ਉਸ ਪੰਡਤ ਨੂੰ ਬੁਲਾਉਣ ਲਈ ਭੇਜਦਾ ਹੈ। ਰਾਜੇ ਦਵਾਰਾ ਪੁੱਛੇ ਜਾਣ ਤੇ ਉਹ ਕਹਿੰਦਾ ਹੈ ਕਿ ਉਸ ਵਪਾਰੀ ਨੂੰ ਨਹੀਂ ਜਾਣਦਾ। ਇਸ ਵਪਾਰੀ ਨੂੰ ਕੋਈ ਭੁਲੇਖਾ ਪੈ ਗਿਆ ਹੈ। ਰਾਜੇ ਨੇ ਪੰਡਤ ਨੂੰ ਵਾਰ – ਵਾਰ ਪੁੱਛਿਆ ਕਿ ਕੀ ਉਸ ਨੇ ਇਸ ਵਪਾਰੀ ਦਾ ਧਨ ਲਿਆ ਹੈ? ਪਰ ਉਹ ਹਰ ਵਾਰ ਨਾ ਕਰ ਦਿੰਦਾ ਸੀ। ਰਾਜੇ ਨੇ ਵਪਾਰੀ ਨੂੰ ਕਿਹਾ ਤੂੰ ਝੂਠ ਬੋਲ ਰਿਹਾ ਏਂ। ਝੂਠ ਬੋਲਣ ਦੇ ਦੰਡ ਵਜੋਂ ਰਾਜਾ ਵਪਾਰੀ ਨੂੰ ਵੀਹ ਮੋਹਰਾਂ ਦਾ ਜੁਰਮਾਨਾ ਲਾ ਦਿੰਦਾ ਹੈ। ਰਾਜਾ ਦੋਹਾਂ ਨੂੰ ਬਾਹਰ ਜਾਣ ਦਾ ਹੁਕਮ ਸੁਣਾਉਂਦਾ ਹੈ। ਫਿਰ ਰਾਜਾ ਸਾਈਂ ਜੀ, ਸਾਈਂ ਜੀ ਕਹਿ ਕੇ ਆਵਾਜ਼ ਮਾਰਦਾ ਹੈ।
ਪੰਡਤ ਦੌੜ ਕੇ ਰਾਜੇ ਕੋਲ ਚਲਾ ਜਾਂਦਾ ਹੈ ਤਾਂ ਰਾਜਾ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਪੰਡਤ ਨਹੀਂ, ਤੁਸੀਂ ਸਾਈਂ ਹੀ ਹੋ ਜੋ ਸਾਈਂ ਦੀ ਅਵਾਜ਼ ਨਾਲ ਮੁੜ ਆਏ ਹੋ। ਇਸ ਤਰ੍ਹਾਂ ਰਾਜੇ ਦਵਾਰਾ ਪੰਡਤ ਦਾ ਝੂਠ ਫੜਿਆ ਜਾਂਦਾ ਹੈ।