ਵਾਰਤਕ
ਵਾਰਤਕ ਦੀ ਪਰਿਭਾਸ਼ਾ
ਜਾਣ-ਪਛਾਣ : ‘ਵਾਰਤਕ’ ਸਾਹਿਤ ਦਾ ਮਹੱਤਵਪੂਰਨ ਰੂਪ ਹੈ। ਵਾਰਤਕ ਸ਼ਬਦ ਦੀ ਉੱਤਪਤੀ ਸੰਸਕ੍ਰਿਤੀ ਦੇ ਮੂਲ ਧਾਤੂ ‘ਵ੍ਰਿਤੀ’ ਤੋਂ ਹੋਈ ਹੈ। ਜਿਸ ਦਾ ਅਰਥ ਹੈ—ਟੀਕਾ ਜਾਂ ਵਿਆਖਿਆ | ਅੰਗਰੇਜ਼ੀ ਵਿੱਚ ਇਸ ਨੂੰ Prose ਕਿਹਾ ਜਾਂਦਾ ਹੈ। ਜਿਸ ਦਾ ਭਾਵ ਹੈ—ਆਮ ਸਿੱਧੀ-ਸਾਦੀ ਗੱਲਬਾਤ। ਉਰਦੂ-ਫ਼ਾਰਸੀ ਵਿੱਚ ਇਸ ਨੂੰ ‘ਪਸਕ’ ਕਿਹਾ ਜਾਂਦਾ ਹੈ ਤੇ ਭਾਰਤੀ ਸਾਹਿਤ ਪਰੰਪਰਾ ਵਿੱਚ ਇਸ ਲਈ ‘ਗੱਦ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਵਾਰਤਕ ਸ਼ਬਦ ‘ਵਾਰਤਾ’ ਤੋਂ ਉਪਜਿਆ ਜਾਪਦਾ ਹੈ, ਜਿਸ ਦਾ ਭਾਵ ਹੈ—ਕਿਸੇ ਬੀਤੀ ਘਟਨਾ ਨੂੰ ਸਧਾਰਨ ਤੇ ਨਿੱਤ ਵਰਤੋਂ ਦੀ ਬੋਲੀ ਵਿੱਚ ਪ੍ਰਗਟਾਉਣਾ। ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਅਨੁਸਾਰ “ਇਹ ਸ਼ਬਦ ਉਸ ਸਧਾਰਨ, ਸਿੱਧੀ ਤੇ ਸਪਸ਼ਟ ਮਨੁੱਖੀ ਬੋਲੀ ਨੂੰ ਦਰਸਾਉਂਦਾ ਹੈ, ਜੋ ਛੰਦਾ-ਬੰਦੀ ਦੇ ਨਿਯਮਾਂ ਦੀ ਬੰਦਸ਼ ਤੋਂ ਅਜ਼ਾਦ ਹੋਵੇ।”
ਹਰ ਭਾਸ਼ਾ ਦੇ ਸਾਹਿਤ ਵਿੱਚ ਕਵਿਤਾ ਪਹਿਲਾਂ ਹੋਂਦ ਵਿੱਚ ਆਈ ਤੇ ਵਾਰਤਕ ਬਾਅਦ ਵਿੱਚ। ਕਵਿਤਾ ਦੀ ਭਾਸ਼ਾ ਖ਼ਾਸ ਹੁੰਦੀ ਹੈ, ਇਸ ਲਈ ਕਿਸੇ ਵੀ ਕਿਸਮ ਦੇ ਵਿਚਾਰਾਂ ਨੂੰ ਆਮ ਲੋਕਾਂ ਤੱਕ ਸਹਿਜ ਨਾਲ ਪ੍ਰਗਟਾਉਣ ਲਈ ਲੋਕਾਂ ਦੀ ਭਾਸ਼ਾ ਵਿੱਚ ਹੀ ਗੱਲ ਕਰਨ ਦੀ ਲੋੜ ਮਹਿਸੂਸ ਹੋਈ, ਜਿਸ ਨੇ ਵਾਰਤਕ ਰੂਪੀ ਸਾਹਿਤਕ ਰੂਪ ਨੂੰ ਜਨਮ ਦਿੱਤਾ। ਇਸੇ ਵਿਚਾਰ ਬਾਰੇ ਹੀ ਪੱਛਮੀ ਵਿਦਵਾਨ ਡਾ. ਜਾਨਸਨ ਨੇ ਲਿਖਿਆ ਹੈ “ਵਾਰਤਕ ਵਿਚ ਉਹੀ ਗੱਲ ਕੀਤੀ ਜਾਂਦੀ ਹੈ ਜਿਹੜੀ ਆਮ ਸਧਾਰਨ ਵਿਅਕਤੀਆਂ ਦੀ ਸਮਝ ਵਿੱਚ ਆ ਜਾਂਦੀ ਹੈ।
ਕਵਿਤਾ ਅਤੇ ਵਾਰਤਕ ਵਿਚ ਅੰਤਰ :
1. ਕਵਿਤਾ ਦਿਲ ਦੀ ਅਤੇ ਵਾਰਤਕ ਦਿਮਾਗ਼ ਦੀ ਬੋਲੀ ਹੁੰਦੀ ਹੈ।
2. ਕਵਿਤਾ ਵਿੱਚ ਜਜ਼ਬਾ ਪ੍ਰਧਾਨ ਹੁੰਦਾ ਹੈ ਤੇ ਵਾਰਤਕ ਵਿੱਚ ਦਲੀਲ ਪ੍ਰਮੁੱਖ ਹੁੰਦੀ ਹੈ।
3. ਜੇ ਕਵਿਤਾ ਵਿੱਚ ਕਲਪਨਾ ਪ੍ਰਧਾਨ ਹੁੰਦੀ ਹੈ ਤਾਂ ਵਾਰਤਕ ਵਿੱਚ ਬੁੱਧੀ ਪ੍ਰਧਾਨ ਹੁੰਦੀ ਹੈ।
4. ਕਵਿਤਾ ਵਿੱਚ ਗੱਲ ਸੰਕੇਤਾਂ ਤੇ ਇਸ਼ਾਰਿਆਂ ਨਾਲ ਕੀਤੀ ਜਾਂਦੀ ਹੈ ਜਦਕਿ ਵਾਰਤਕ ਵਿੱਚ ਗੱਲ ਸਿੱਧੀ ਸਪਸ਼ਟ ਤੇ ਤੱਥਾਂ ਦੇ ਅਧਾਰ ‘ਤੇ ਕੀਤੀ ਜਾਂਦੀ ਹੈ।
5. ਕਵਿਤਾ ਸੰਖੇਪਤਾ ਦੀ ਪ੍ਰਕਿਰਿਆ ਵਿੱਚੋਂ ਪੈਦਾ ਹੁੰਦੀ ਹੈ ਜਦਕਿ ਵਾਰਤਕ ਵਿਚਲੇ ਵਿਚਾਰਾਂ ਦੀ ਬਾਦਲੀਲ ਵਿਆਖਿਆ ਕੀਤੀ ਜਾਂਦੀ ਹੈ।
6. ਕਵਿਤਾ ਛੰਦ ਬੱਧ ਤੇ ਛੰਦ ਮੁਕਤ ਪਰ ਸੁਰ ਲੈਅ ਨਾਲ ਭਰਪੂਰ ਹੁੰਦੀ ਹੈ ਜਦਕਿ ਵਾਰਤਕ ’ਚ ਵਾਕ ਵਿਆਕਰਨਕ ਨਿਯਮਾਂ ਅਨੁਸਾਰ ਵਧੇਰੇ ਲਿਖੇ ਜਾਂਦੇ ਹਨ।
ਇਸ ਤਰ੍ਹਾਂ ਵਾਰਤਕ ਵਿੱਚ ਬੁੱਧੀ, ਦਲੀਲ ਤੇ ਵਿਚਾਰ ਪ੍ਰਧਾਨ ਹੁੰਦੇ ਹਨ। ਇਸ ਰਾਹੀਂ ਵਿਚਾਰਾਂ ਨੂੰ ਨਿਰਣੇਜਨਕ ਤੇ ਤਰਕਸ਼ੀਲ ਢੰਗ ਨਾਲ ਪ੍ਰਗਟਾਇਆ ਜਾਂਦਾ ਹੈ। ਸਿਧਾਂਤਕ ਤੌਰ ‘ਤੇ ਨਿਸਚਿਤ ਵਿਸ਼ਾ, ਸਰਲ ਤੇ ਸਪਸ਼ਟ ਪ੍ਰਗਟਾਅ, ਵਿਚਾਰਾਂ ਦੀ ਇਕਸਾਰਤਾ ਤੇ ਇਕਸੁਰਤਾ, ਸ਼ੁੱਧਤਾ ਤੇ ਸੰਤੁਲਨ ਆਦਿ ਕਿਸੇ ਦੀ ਉੱਤਮ ਵਾਰਤਕ ਦੇ ਪ੍ਰਮੁੱਖ ਗੁਣ ਮੰਨੇ ਗਏ ਹਨ। ਵਧੀਆ ਵਾਰਤਕ ਵਿੱਚ ਵਿਚਾਰਾਂ, ਸ਼ਬਦ-ਚਿੱਤਰਾਂ, ਦਲੀਲਾਂ ਤੇ ਉਦਾਹਰਨਾਂ ਦਾ ਇੱਕ ਹੜ੍ਹ ਜਿਹਾ ਵਗਦਾ ਪ੍ਰਤੀਤ ਹੁੰਦਾ ਹੈ, ਵਧੀਆ ਵਾਰਤਕ ਦਾ ਇੱਕ-ਇੱਕ ਵਾਕ ਗੰਭੀਰ ਅਰਥਾਂ ਦਾ ਸੂਚਕ ਹੁੰਦਾ ਹੈ। ਇਸ ਵਿੱਚ ਦਲੀਲਾਂ ਅਤੇ ਸ਼ਬਦ ਚਿੱਤਰ ਵੀ ਇੱਕ ਮਾਲਾ ਦੇ ਮਣਕਿਆਂ ਵਾਂਗ ਪਰੋਏ ਹੁੰਦੇ ਹਨ।
ਵਾਰਤਕ ਵਿੱਚ ਭਾਸ਼ਾ ਦੀ ਖ਼ਾਸ ਮਹੱਤਤਾ ਹੁੰਦੀ ਹੈ। ਭਾਸ਼ਾ ਦਾ ਪ੍ਰਭਾਵਸ਼ਾਲੀ ਪ੍ਰਵਾਹ, ਭਾਸ਼ਣ ਕਲਾ ਤੇ ਵਿਚਾਰ ਸ਼ਕਤੀ ਦੇ ਅਨੁਭਵ ਹੋਣ ਤਾਂ ਇਹ ਵਧੇਰੇ ਪ੍ਰਭਾਵ ਪਾਉਂਦੀ ਹੈ। ਇਸ ਸਬੰਧੀ ਕਾਰਲਾਇਲ ਦਾ ਵਿਚਾਰ ਹੈ ਕਿ ਉੱਤਮ ਸ਼ੈਲੀ ਉਹ ਹੈ ਜਿਸ ਵਿੱਚ ਗਾਗਰ ਵਿੱਚ ਸਾਗਰ ਭਰਨ ਦੀ ਸਮਰੱਥਾ ਹੋਵੇ।
ਪੰਜਾਬੀ ਵਾਰਤਕ ਦੀ ਉਤਪੱਤੀ : ਗੁਰੂ ਨਾਨਕ ਸਾਹਿਬ ਦੀ ਮਹਾਨ ਸ਼ਖ਼ਸੀਅਤ ਨਾਲ ਸਬੰਧਤ ਜਨਮ-ਸਾਖੀਆਂ ਤੋਂ ਪੰਜਾਬੀ ਵਾਰਤਕ ਦੀ ਉਤਪੱਤੀ ਹੋਈ ਮੰਨੀ ਜਾਂਦੀ ਹੈ। ਵਾਰਤਕ ਦੀ ਲੋੜ ਸਮੇਂ ਦੀ ਮੁੱਖ ਮੰਗ ਸੀ ਕਿਉਂਕਿ ਮੱਧਕਾਲ ਤੇ ਇਸ ਤੋਂ ਪਹਿਲਾਂ ਪ੍ਰਾਪਤ ਸਾਹਿਤ ਵਧੇਰੇ ਕਰਕੇ ਕਵਿਤਾ ਵਿੱਚ ਸੀ। ਉਸ ਸਮੇਂ ਬਾਣੀ ਵਿੱਚ ਵਿਚਾਰਾਂ ਦੀ ਵਿਆਖਿਆ ਲਈ ਤੇ ਬਾਣੀ ਦਾ ਉਪਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਲੋਕਾਂ ਦੀ ਭਾਸ਼ਾ ਵਿੱਚ ਸਮਝਾਉਣ ਦੀ ਲੋੜ ਸੀ। ਇਸ ਲਈ ਇਨ੍ਹਾਂ ਲੋੜਾਂ ‘ਚੋਂ ਵਾਰਤਕ ਰੂਪ ਸਾਹਮਣੇ ਆਇਆ।
ਪੁਰਾਤਨ ਪੰਜਾਬੀ ਵਾਰਤਕ ਦੇ ਰੂਪ : ਸ੍ਰੀ ਗੁਰੂ ਨਾਨਕ ਕਾਲ ਦੀ ਵਾਰਤਕ ਵਿੱਚ ਜਨਮ ਸਾਖੀਆਂ, ਸਾਖੀਆਂ, ਮਸਲੇ, ਗੋਸ਼ਟਾਂ, ਬਚਨ, ਟੀਕੇ, ਪਰਮਾਰਥ, ਹੁਕਮਨਾਮੇ, ਰਹਿਤਨਾਮੇ, ਅਨੁਵਾਦ ਆਦਿ ਰੂਪ ਮਿਲਦੇ ਹਨ। ਜਿਨ੍ਹਾਂ ਦਾ ਸੰਬੰਧ ਗੁਰੂਆਂ, ਸੰਤਾਂ-ਮਹਾਂਪੁਰਖਾਂ ਤੇ ਪੀਰਾਂ-ਫ਼ਕੀਰਾਂ ਦੇ ਜੀਵਨ ਤੇ ਵਿਚਾਰਾਂ ਨਾਲ ਹੈ।
ਆਧੁਨਿਕ ਪੰਜਾਬੀ ਵਾਰਤਕ : 19ਵੀਂ ਸਦੀ ਵਿੱਚ ਇਸਾਈ ਮਿਸ਼ਨਰੀਆਂ ਦੇ ਧਰਮ ਪ੍ਰਚਾਰ ਦੇ ਪ੍ਰਤੀਕਰਮ ਵਜੋਂ ਗੁਰੂ ਜੀਵਨੀਆਂ ਅਤੇ ਇਤਿਹਾਸਕ ਸਾਕਿਆਂ ਨੂੰ ਟ੍ਰੈਕਟਾਂ ਦੇ ਰੂਪ ਵਿੱਚ ਛਾਪਿਆ ਜਾਣ ਲੱਗ ਪਿਆ। ਇਹ ਰਚਨਾਵਾਂ ਇਤਿਹਾਸਕ ਮਹੱਤਤਾ ਵਾਲੀਆਂ ਸਨ ਜਦਕਿ ਆਧੁਨਿਕ ਕਾਲ ਦੇ ਸ਼ਿਰੋਮਣੀ ਵਾਰਤਕਕਾਰ ਅਤੇ ਬਹੁ-ਪੱਖੀ ਸਾਹਿਤਕਾਰ ਭਾਈ ਵੀਰ ਸਿੰਘ ਜੀ ਹਨ। ਉਨ੍ਹਾਂ ਨੇ ਸਿੱਖ ਇਤਿਹਾਸ, ਗੁਰਬਾਣੀ ਦੀ ਵਿਆਖਿਆ ਅਤੇ ਸਿੱਖ ਜੀਵਨੀਆਂ ਵਾਰਤਕ ਰੂਪ ‘ਚ ਲਿਖੀਆਂ। ‘ਗੁਰੂ ਨਾਨਕ ਚਮਤਕਾਰ, ਅਸ਼ਟ ਗੁਰੂ ਚਮਤਕਾਰ, ਕਲਗੀਧਰ ਚਮਤਕਾਰ ਆਦਿ ਉਨ੍ਹਾਂ ਦੀਆਂ ਉੱਤਮ ਵਾਰਤਕ ਰਚਨਾਵਾਂ ਹਨ, ਇਸ ਤੋਂ ਇਲਾਵਾ ਆਪ ਨੇ ਖ਼ਾਲਸਾ ਟ੍ਰੈਕਟ ਤੋਂ ਲੈ ਕੇ ਕੋਸ਼ਕਾਰੀ, ਟੀਕਾਕਾਰੀ ਤੇ ਬਿਰਤਾਂਤਕ ਵਾਰਤਕ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ।
ਆਧੁਨਿਕ ਪੰਜਾਬੀ ਵਾਰਤਕ ਦੇ ਰੂਪ : ਆਧੁਨਿਕ ਪੰਜਾਬੀ ਵਾਰਤਕ ਦੇ ਅਨੇਕਾਂ ਹੀ ਰੂਪ ਹਨ; ਜਿਵੇਂ ਨਿਬੰਧ, ਜੀਵਨੀ, ਸਵੈ-ਜੀਵਨੀ, ਸਫ਼ਰਨਾਮਾ, ਰੇਖਾ ਚਿੱਤਰ, ਡਾਇਰੀ, ਸੰਸਮਰਨ, ਨਾਵਲ, ਕਹਾਣੀ, ਨਾਟਕ, ਇਕਾਂਗੀ, ਪੱਤਰਕਾਰੀ, ਕੋਸ਼ਕਾਰੀ ਆਦਿ।
ਪ੍ਰਮੁੱਖ ਪੰਜਾਬੀ ਵਾਰਤਕਕਾਰ ਤੇ ਉਨ੍ਹਾਂ ਦੀਆਂ ਰਚਨਾਵਾਂ :
ਪ੍ਰੋ. ਪੂਰਨ ਸਿੰਘ : ਖੁੱਲ੍ਹੇ ਲੇਖ
ਲਾਲ ਸਿੰਘ ਕਮਲਾ ਅਕਾਲੀ : ਮੇਰਾ ਵਲਾਇਤੀ ਸਫ਼ਰਨਾਮਾ, ਮੌਤ ਰਾਣੀ ਦਾ ਘੁੰਡ, ਸੈਲਾਨੀ ਦੇਸ਼ ਭਗਤ, ਸਰਬ ਲੋਹ ਦੀ ਵਹੁਟੀ ਆਦਿ
ਪ੍ਰਿੰਸੀਪਲ ਤੇਜਾ ਸਿੰਘ : ਨਵੀਆਂ ਸੋਚਾਂ, ਸਹਿਜ-ਸੁਭਾਅ, ਘਰ ਦਾ ਪਿਆਰ, ਸਾਊਪੁਣਾ, ਵਿਹਲੀਆਂ ਗੱਲਾਂ ਆਦਿ
ਗੁਰਬਖ਼ਸ਼ ਸਿੰਘ ਪ੍ਰੀਤਲੜੀ : ਪਰਮ ਮਨੁੱਖ, ਸਾਵੀਂ ਪੱਧਰੀ ਜ਼ਿੰਦਗੀ, ਸਵੈ-ਪੂਰਨਤਾ ਦੀ ਲਗਨ, ਚੰਗੇਰੀ ਦੁਨੀਆ, ਜ਼ਿੰਦਗੀ ਦੀ ਰਾਸ ਆਦਿ
ਪ੍ਰੋ. ਸਾਹਿਬ ਸਿੰਘ : ਗੁਰਬਾਣੀ ਵਿਆਕਰਨ, ਧਰਮ ਤੇ ਸਦਾਚਾਰ, ਸਰਬੱਤ ਦਾ ਭਲਾ, ਧਾਰਮਿਕ ਲੇਖ, ਬਾਣੀ ਦੀਆਂ ਸਟੀਕਾਂ ਆਦਿ
ਡਾ. ਬਲਬੀਰ ਸਿੰਘ : ਕਲਮ ਦੀ ਕਰਾਮਾਤ, ਲੰਮੀ ਨਦਰ, ਸ਼ੁੱਧ ਸਰੂਪ
ਹਰਿੰਦਰ ਸਿੰਘ ਰੂਪ : ਚੁੰਝਾਂ ਪਹੁੰਚੇ, ਸਿੱਖ ਤੇ ਸਿੱਖੀ ਆਦਿ
ਬਲਰਾਜ ਸਾਹਨੀ : ਕਾਮੇ, ਵੇਟਰ ਦੀ ਵਾਰ, ਮੇਰੀ ਫ਼ਿਲਮੀ ਆਤਮ ਕਥਾ, ਗਪੌੜ ਸੰਖ ਆਦਿ
ਸੂਬਾ ਸਿੰਘ : ਅਲੋਪ ਹੋ ਰਹੇ ਚੇਟਕ, ਨਰਿੰਦਰ ਸਿੰਘ ਕਪੂਰ ਆਦਿ ਪ੍ਰਮੁੱਖ ਹਨ, ਜਿਨ੍ਹਾਂ ਨੇ ਵਾਰਤਕ ਦੇ ਵੱਖ ਆਦਿ; ਵੱਖ ਰੂਪਾਂ ਵਿਚ ਵਾਰਤਕ ਦੀ ਰਚਨਾ ਕੀਤੀ।