ਵਾਕਾਂ ਦੀਆਂ ਕਿਸਮਾਂ
ਬਣਤਰ ਦੇ ਅਧਾਰ ਤੇ ਵਾਕਾਂ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ :
1. ਸਧਾਰਨ ਵਾਕ (Simple Sentences)
2. ਸੰਯੁਕਤ ਵਾਕ (Compound Sentences)
3. ਮਿਸ਼ਰਿਤ ਵਾਕ (Complex Sentences)
1. ਸਧਾਰਨ ਵਾਕ (Simple Sentences)
ਸਧਾਰਨ ਵਾਕ ਇੱਕ ਅਜਿਹਾ ਸੰਪੂਰਨ ਵਾਕ ਹੁੰਦਾ ਹੈ, ਜਿਸ ਨੂੰ ਉੱਪ-ਵਾਕਾਂ ਵਿੱਚ ਨਹੀਂ ਵੰਡਿਆ ਜਾ ਸਕਦਾ, ਜਿਸ ਵਿੱਚ ਇੱਕ ਉਦੇਸ਼ ਤੇ ਇੱਕ ਵਿਧੇਅ ਹੁੰਦਾ ਹੈ। ਸਧਾਰਨ ਵਾਕ ਦੀ ਇੱਕ ਹੀ ਕਿਰਿਆ ਹੁੰਦੀ ਹੈ। ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਇਸ ਦੇ ਲਾਜ਼ਮੀ ਤੱਤ ਹਨ। ਇਸ ਤਰ੍ਹਾਂ ਹੋਰ ਵਾਕੰਸ਼ ਜੁੜ ਕੇ ਸਧਾਰਨ ਵਾਕ ਦਾ ਵਿਸਤਾਰ ਕਰਦੇ ਹਨ; ਜਿਵੇਂ:
(i) ਰਜਿੰਦਰ ਪੜ੍ਹ ਰਹੀ ਹੈ।
(ii) ਰਜਿੰਦਰ ਕਿਤਾਬ ਪੜ੍ਹ ਰਹੀ ਹੈ।
ਇਸ ਤਰ੍ਹਾਂ ਪਹਿਲੇ ਵਾਕ ਵਿੱਚ ਨਾਂਵ ਵਾਕੰਸ਼ ਤੇ ਕਿਰਿਆ ਵਾਕੰਸ਼ ਹੀ ਹਨ ਤੇ ਦੂਸਰੇ ਵਾਕ ਵਿੱਚ ਕਰਤਾ ਨਾਂਵ ਵਾਕੰਸ਼ (ਰਜਿੰਦਰ), ਕਰਮ ਨਾਂਵ ਵਾਕੰਸ਼ (ਕਿਤਾਬ) ਤੇ ਕਿਰਿਆ ਵਾਕੰਸ਼ (ਪੜ੍ਹ ਰਹੀ ਹੈ)।
2. ਸੰਯੁਕਤ ਵਾਕ (Compound Sentences)
ਸੰਯੁਕਤ ਵਾਕ ਅਜਿਹਾ ਵਾਕ ਹੁੰਦਾ ਹੈ, ਜਿਸ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸੁਤੰਤਰ ਉੱਪ-ਵਾਕ ਹੁੰਦੇ ਹਨ। ਇਹਨਾਂ ਨੂੰ ਬਨਾਉਣ ਸਮੇਂ-ਤੇ, ਅਤੇ, ਪਰ, ਜਾਂ, ਚਾਹੇ, ਫਿਰ ਵੀ, ਪਰੰਤੂ, ਸਗੋਂ, ਆਦਿ ਸਮਾਨ ਯੋਜਕਾਂ ਨਾਲ ਜੋੜਿਆ ਜਾਂਦਾ ਹੈ। ਇਸ ਲਈ ਇਹਨਾਂ ਦੀ ਬਣਤਰ ਸਾਂਵੀਂ ਹੁੰਦੀ ਹੈ। ਜਿਵੇਂ :
(i) ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।
(ii) ਖ਼ੁਸ਼ਬੂ ਕਵਿਤਾ ਬੋਲਦੀ ਰਹੀ ਅਤੇ ਮੈਂ ਲਿਖਦੀ ਰਹੀ।
ਉਪਰੋਕਤ ਵਾਕ ਜਾਂ, ਅਤੇ ਸਮਾਨ ਯੋਜਕਾਂ ਨਾਲ ਦੋ-ਦੋ ਉੱਪ-ਵਾਕ ਜੁੜੇ ਹੋਏ ਹਨ, ਜੋ ਕਿ ਸੁਤੰਤਰ ਵਾਕਾਂ ਦੇ ਰੂਪ ਵਿੱਚ ਵਿਚਰਨ ਦੀ ਸਮਰੱਥਾ ਰੱਖਦੇ ਹਨ।
3. ਮਿਸ਼ਰਿਤ ਵਾਕ (Complex Sentences)
ਮਿਸ਼ਰਿਤ ਵਾਕ ਇੱਕ ਅਜਿਹਾ ਵਾਕ ਹੁੰਦਾ ਹੈ, ਜਿਸ ਦੀ ਬਣਤਰ ਵਿੱਚ ਇੱਕ ਮੁੱਖ ਉੱਪ-ਵਾਕ ਤੇ ਬਾਕੀ ਇੱਕ ਜਾਂ ਇੱਕ ਤੋਂ ਵੱਧ ਅਧੀਨ ਉੱਪ-ਵਾਕ ਆ ਸਕਦੇ ਹਨ। ਇਸ ਲਈ ਇਨ੍ਹਾਂ ਵਾਕਾਂ ਦੀ ਬਣਤਰ ਅਸਾਵੀਂ ਮੰਨੀ ਜਾਂਦੀ ਹੈ।
ਮਿਸ਼ਰਿਤ ਵਾਕਾਂ ਵਿੱਚ ਮੁੱਖ ਉੱਪ-ਵਾਕ ਸੁਤੰਤਰ ਤੌਰ ‘ਤੇ ਵਿਚਰਨ ਦੀ ਸਮਰੱਥਾ ਰੱਖਦਾ ਹੈ, ਪਰ ਅਧੀਨ ਉੱਪ-ਵਾਕ ਸੁਤੰਤਰ ਤੌਰ ‘ਤੇ ਨਹੀਂ ਵਿਚਰ ਸਕਦੇ। ਇਹ ਤਾਂ ਕਿਸੇ ਮੁੱਖ ਉੱਪ-ਵਾਕ ਨਾਲ ਆ ਕੇ ਹੀ ਸਾਰਥਕਤਾ ਗ੍ਰਹਿਣ ਕਰਦੇ ਹਨ।
ਇਸ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਅਧੀਨ ਉੱਪ-ਵਾਕ ਯੋਜਕਾਂ – ਕਿਉਂਕਿ, ਜੋ, ਜਿਹੜਾ, ਜਿਸ, ਜਿਉਂ, ਜਿਵੇਂ, ਜਿਸ ਤਰ੍ਹਾਂ, ਜੇ, ਕਿ, ਆਦਿ ਨਾਲ ਸ਼ੁਰੂ ਹੁੰਦੇ ਹਨ, ਜਿਵੇਂ:
(i) ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ, ਜਿਹੜੇ ਆਪਣੇ ਅਧਿਆਪਕਾਂ ਦਾ ਨਾਂ ਰੌਸ਼ਨ ਕਰ ਦਿੰਦੇ ਹਨ।
(ii) ਅਧਿਆਪਕ ਨੇ ਕਿਹਾ ਕਿ ਧਰਤੀ ਗੋਲ ਹੁੰਦੀ ਹੈ।
ਉਪਰੋਕਤ ਵਾਕਾਂ ਵਿਚਲੇ ਗੂੜ੍ਹੇ ਕੀਤੇ ਭਾਗ ਮੁੱਖ ਉੱਪ-ਵਾਕ ਹਨ ਤੇ ਬਾਕੀ ਅਧੀਨ ਉੱਪ-ਵਾਕ ਹਨ। ਧਿਆਨ ਨਾਲ ਦੇਖਣ ਤੇ ਪਤਾ ਲੱਗ ਜਾਂਦਾ ਹੈ ਕਿ ਕੋਈ ਇੱਕ ਉੱਪ-ਵਾਕ ਦੂਜੇ ਨਾਲੋਂ ਵਧੇਰੇ ਸੁਤੰਤਰ ਹੁੰਦਾ ਹੈ